ਪਾਤੜਾਂ, 18 ਅਪ੍ਰੈਲ- ਸਥਾਨਕ ਕਸਬੇ ਵਿਖੇ ਅੱਗ ਲੱਗਣ ਨਾਲ ਹਜਾਰਾਂ ਏਕੜ ਕਣਕ ਦਾ ਨਾੜ ਸੜ੍ਹ ਕੇ ਸੁਆਹ ਹੋ ਗਿਆ ਤੇ ਲਗਭਗ 40 ਏਕੜ ਕਣਕ ਸਮੇਤ ਤੂੜੀ ਦੇ ਢੇਰ ਅੱਗ ‘ਚ ਖਾਕ ਹੋ ਗਏ ਹਨ ਅਤੇ ਕੁੱਝ ਡੇਰਿਆਂ ‘ਚ ਬੰਨ੍ਹੇ ਹੋਏ ਪਸ਼ੂ ਵੀ ਝੁਲ਼ਸਣ ਦੀ ਖਬਰ ਹੈ। ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਉੱਪ ਮੰਡਲ ਮੈਜਿਸਟ੍ਰੇਟ ਸ਼੍ਰੀਮਤੀ ਅਨੀਤਾ ਦਰਸ਼ੀ, ਤਹਿਸੀਲਦਾਰ ਜਗਮੋਹਨ ਸਿੰਘ, ਬੀ. ਡੀ. ਪੀ. ਓ. ਭਜਨ ਸਿੰਘ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ ਪਰ ਅੱਗ ਦੇ ਭਾਂਬੜ ਵੱਧਦੇ ਹੀ ਗਏ। ਅੱਗ ਬੁਝਾਉਣ ਲਈ ਸਮਾਣਾ ਤੋਂ ਫਾਇਰ ਬ੍ਰਿਗੇਡ ਦੀ ਇਕ ਗੱਡੀ ਹੀ ਮੌਕੇ ‘ਤੇ ਪਹੁੰਚੀ ਪਰ ਪਟਿਆਲਾ ਤੇ ਸੰਗਰੂਰ ਵਿਖੇ ਕਈ ਵਾਰ ਫੋਨ ਕਰਨ ਦੇ ਬਾਵਜੂਦ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾ ਪਹੁੰਚਣ ਕਾਰਨ ਲੋਕਾਂ ‘ਚ ਭਾਰੀ ਰੋਸ਼ ਪਾਇਆ ਗਿਆ। ਥਾਣਾ ਮੁੱਖੀ ਸ਼ੁਤਰਾਣਾ ਬਲਵੀਰ ਸਿੰਘ ਨੇ ਰਾਸ਼ਟਰੀ ਰਾਜ ਮਾਰਗ ਦੇ ਨਿਰਮਾਣ ‘ਚ ਲੱਗੀ ਜੇ. ਐਸ. ਗਰੋਵਰ ਕੰਪਨੀ ਸ਼੍ਰੀ ਰਾਜੀਵ ਸੂਰੀ ਦੇ ਵੱਡੀ ਤਾਦਾਦ ‘ਚ ਪਾਣੀ ਵਾਲੇ ਟੈਂਕਰਾਂ ਨੂੰ ਮਦਦ ਲਈ ਵਰਤਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਮਨਮੋਹਨ ਸਿੰਘ ਨੇ ਕਿਹਾ ਕਿ ਪਿੰਡ ਦੁਤਾਲ ਨੇੜੇ ਇਕ ਫੈਕਟਰੀ ਕੋਲੋਂ ਅੱਗ ਲੱਗੀ ਹੈ ਜਿਸ ਨਾਲ ਕਸਬਾ ਸ਼ੁਤਰਾਣਾ, ਡੇਰਾ ਬੋਹੜਵਾਲਾ, ਡੇਰਾ ਗੋਬਿੰਦਪੁਰਾ, ਡੇਰਾ ਸੰਗੋਵਾਲੀਆਂ ਆਦਿ ਦਾ ਲਗਭਗ 1500 ਏਕੜ ਤੋਂ ਵੱਧ ਰਕਬਾ ਸੜਿਆ ਹੈ ਜਿਸ ਵਿਚ ਲਗਭਗ 40 ਏਕੜ ਖੜ੍ਹੀ ਕਣਕ ਤੇ ਤੂੜੀ ਦੇ ਢੇਰ ਵੀ ਖਾਕ ਹੋ ਗਏ ਹਨ ਤੇ ਕੁੱਝ ਡੇਰਿਆਂ ‘ਚ ਪਸ਼ੂ ਵੀ ਅੱਗ ਦੀ ਲਪੇਟ ‘ਚ ਆਏ ਸਨ, ਜਿਨਾਂ ਨੂੰ ਬਹੁਤ ਮੁਸ਼ਕਿਲ ਨਾਲ ਬਚਾਇਆ ਗਿਆ। ਉੱਪ ਮੰਡਲ ਮੈਜਿਸਟ੍ਰੇਟ ਪਾਤੜਾਂ ਸ਼੍ਰੀਮਤੀ ਅਨੀਤਾ ਦਰਸ਼ੀ ਨੇ ਤਸੀਲਦਾਰ ਮਨਮੋਹਨ ਸਿੰਘ ਨੂੰ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਲਗਾ ਕੇ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਹੈ। ਇਸ ਮੌਕੇ ਇੰਸ: ਅਮਨਪਾਲ ਸਿੰਘ, ਸਬ ਇੰਸ: ਬਲਵੀਰ ਸਿੰਘ, ਕਾਨੂਗੋਅ ਆਸ਼ੂ ਪ੍ਰਭਾ ਜੋਸ਼ੀ ਤੇ ਮਦਨ ਲਾਲ, ਪਟਵਾਰੀ ਗੁਰਮੇਲ ਸਿੰਘ, ਪ੍ਰਵੀਨ ਕੁਮਾਰ ਆਦਿ ਹਾਜ਼ਰ ਸਨ।
ਅੱਗ ਲੱਗਣ ਨਾਲ ਹਜ਼ਾਰਾਂ ਏਕੜ ਕਣਕ ਦਾ ਨਾੜ ਸੜ੍ਹ ਕੇ ਸੁਆਹ



