ਬਠਿੰਡਾ, 18 ਅਪ੍ਰੈਲ (ਸੁਖਵਿੰਦਰ ਸਰਾਂ, ਪਵਨ ਕੁਮਾਰ)- ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜ਼ਿਲ੍ਹੇ ’ਚ 8 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮ ਮਿਤੀ 10-12-2015 ਦੀ ਪਾਲਣਾ ਕਰਨ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਪੰਜਾਬ ਸਰਕਾਰ ਵਲੋਂ ਇਹ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਟੀਮਾਂ ਕਿਸੇ ਵੀ ਕਿਸਾਨ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਲਗਾਈ ਅੱਗ ਸਬੰਧੀ ਚਲਾਣ ਕਰਕੇ ਰਿਪੋਰਟ ਜ਼ਿਲ੍ਹਾ ਅਫ਼ਸਰ ਬਠਿੰਡਾ ਨੂੰ ਭੇਜਣਗੇ ਤਾਂ ਜੋ ਲੋੜੀਂਦਾ ਜੁਰਮਾਨਾ ਵਸੂਲਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮ ਮਿਤੀ 10-12-2015 ਦੇ ਹੁਕਮ ਅਨੁਸਾਰ 2 ਏਕੜ ਤੋਂ ਘੱਟ ਜ਼ਮੀਨ ’ਚ ਅੱਗ ਲਗਾਉਣ ’ਤੇ 2500 ਰੁਪਏ ਜੁਰਮਾਨਾ, 2 ਤੋਂ 5 ਏਕੜ ਜ਼ਮੀਨ ’ਚ ਅੱਗ ਲਗਾਉਣ ’ਤੇ 5000 ਰੁਪਏ ਜੁਰਮਾਨਾ ਅਤੇ 5 ਏਕੜ ਤੋਂ ਵੱਧ ਥਾਂ ’ਤੇ ਅੱਗ ਲਗਾਉਣ ’ਤੇ 15000 ਹਜ਼ਾਰ ਰੁਪਏ ਜੁਰਮਾਨਾ ਭਰਨਾ ਹੋਵਗਾ। ਟੀਮਾਂ ਨੂੰ ਚਲਾਣ ਬੁੱਕ ਮੁਹੱਈਆ ਕਰਵਾਉਣ ਸਬੰਧੀ ਸ਼੍ਰੀ ਸੁਰਜੀਤ ਸਿੰਘ ਧਾਲੀਵਾਲ ਕਾਰਜਕਾਰੀ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਬਠਿੰਡਾ ਅਤੇ ਸ਼੍ਰੀ ਰੋਹਿਤ ਸਿੰਗਲਾ ਉਪ ਮੰਡਲ ਅਫ਼ਸਰ ਬਠਿੰਡਾ ਨੂੰ ਇਸ ਕੰਮ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜ਼ਿਲ੍ਹੇ ’ਚ 8 ਟੀਮਾਂ ਗਠਿਤ



