June 13, 2026 9:12 am

ਜੰਮੂ-ਕਸ਼ਮੀਰ ‘ਚ ਸਿੱਖਾਂ ਵੱਲੋਂ ਸ਼ਾਂਤਮਈ ਧਰਮਯੁੱਧ ਮੋਰਚਾ ਲਾਉਣ ਦਾ ਐਲਾਨ

ਸ੍ਰੀਨਗਰ, 28 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਇਕ ਸਿੱਖ ਸੰਗਠਨ ਨੇ ਜੰਮੂ ਕਸ਼ਮੀਰ ਵਿਚ ਘੱਟ ਗਿਣਤੀਆਂ ਬਾਰੇ ਕਾਨੂੰਨ ਲਾਗੂ ਕਰਨ ਸਮੇਤ ਆਪਣੀਆਂ ਹੋਰ ਮੰਗਾਂ ਲਈ ਸ਼ਾਂਤਮਈ ਅੰਦੋਲਨ ਚਲਾਉਣ ਦਾ ਐਲਾਨ ਕੀਤਾ ਹੈ। ਸਰਬ ਪਾਰਟੀ ਸਿੱਖ ਤਾਲਮੇਲ ਕਮੇਟੀ ਦੇ ਚੇਅਮੈਨ ਜਗਮੋਹਨ ਸਿੰਘ ਰੈਣਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ” ਅਸੀਂ ਆਪਣੀਆਂ ਮੰਗਾਂ ਮੰਨਵਾਉਣ ਲਈ ਜੰਮੂ-ਕਸ਼ਮੀਰ ਸਿੱਖ ਧਰਮ ਯੁੱਧ ਮੋਰਚਾ” ਦੇ ਨਾਂ ‘ਤੇ ਸ਼ਾਂਤਮਈ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਿੱਖ ਭਾਈਚਾਰੇ ਦੀਆਂ ਮੁੱਖ ਮੰਗਾਂ ਵਿਚ ਘੱਟ ਗਿਣਤੀਆਂ ਸਬੰਧੀ ਕੌਮੀ ਕਾਨੂੰਨ ਨੂੰ ਮੌਜਦਾ ਸ਼ਕਲ ਵਿਚ ਰਾਜ ‘ਚ ਲਾਗੂ ਕਰਨਾ ਤੇ ਸਕੂਲਾਂ ਅਤੇ ਕਾਲਜਾਂ ਵਿਚ ਪੰਜਾਬੀ ਅਧਿਆਪਕਾਂ ਦੀ ਭਰਤੀ ਕਰਨਾ ਸ਼ਾਮਿਲ ਹਨ। ਰੈਣਾ ਨੇ ਦੱਸਿਆ ਕਿ ਮੁੱਖ ਮੰਤਰੀ ਉਮਰ ਅਬਦੁਲ੍ਹਾ ਤੇ ਸਾਬਕਾ ਕਾਨੂੰਨ ਮੰਤਰੀ ਅਲੀ ਮੁਹੰਮਦ ਸਾਗਰ ਨਾਲ ਇਸ ਸਬੰਧੀ ਸਾਡੀਆਂ ਕਈ ਮੀਟਿੰਗਾਂ ਹੋਈਆਂ ਹਨ ਪਰੰਤੂ ਭਰੋਸਾ ਦੇਣ ਦੇ ਬਾਵਜੂਦ ਅਮਲ ਵਿਚ ਕੁਝ ਨਹੀਂ ਹੋਇਆ। ਰੈਣਾ ਨੇ ਕਿਹਾ ਕਿ ਉਹ ਇਹ ਗੱਲ ਸਮਝਣ ‘ਚ ਅਸਮਰਥ ਹਨ ਕਿ ਰਾਜ ਸਰਕਾਰ ਘੱਟ ਗਿਣਤੀਆਂ ਬਾਰੇ ਕਾਨੂੰਨ ਕਿਉਂ ਲਾਗੂ ਨਹੀਂ ਕਰ ਰਹੀ ਜਦ ਕਿ ਇਸ ਨੂੰ ਲਾਗੂ ਕਰਨ ਲਈ ਕੋਈ ਵਿੱਤੀ ਬੋਝ ਨਹੀਂ ਪੈਂਦਾ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਰਾਜ ਸਰਕਾਰ ਨੇ ਸਿੱਖ ਭਾਈਚਾਰੇ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ‘ਚ ਸੱਤਾਧਾਰੀ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦਾ ਵਿਰੋਧ ਕਰਨਗੇ।

Send this to a friend