ਲੁਧਿਆਣਾ, 28 ਅਗਸਤ (ਨੀਰਜ)-ਅੱਜ ਲੁਧਿਆਣਾ ਵਿਖੇ ਕੀਤੇ ਗਏ ਪੱਤਰਕਾਰ ਸੰਮੇਲਨ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਸਪੱਸ਼ਟ ਰੂਪ ਵਿੱਚ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਜੀਵਨ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਉਹ ਪਾਰਟੀ ਦੇ ਇੱਕ ਵਫਾਦਾਰ ਸਿਪਾਹੀ ਦੇ ਰੂਪ ਵੱਜੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਆਪਣਾ ਕਾਰਜ ਕਰ ਰਹੇ ਹਨ, ਪਰ ਬੀਤੇ ਦਿਨੀ ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ ਵੱਲੋਂ ਜਿਸ ਢੰਗ ਦੇ ਨਾਲ ਪੰਜਾਬ ਸਰਕਾਰ ਦੇ ਵਿੱਦਿਅਕ ਅਦਾਰਿਆਂ ਦੀ ਕਾਰਗੁਜਾਰੀ ਅਤੇ ਲੰਗਰ ਦੀ ਸੇਵਾ ਸਬੰਧੀ ਦਿੱਤੇ ਗਏ ਮੇਰੇ ਬਿਆਨ ਨੂੰ ਤਰੋੜ-ਮਰੋੜ ਕੇ (ਵਧਾ-ਚੜ੍ਹਾ ਕੇ) ਆਪਣੀ ਅਖਬਾਰ ਵਿੱਚ ਛਾਪਿਆ ਹੈ। ਉਹ ਪੂਰੀ ਤਰ੍ਹਾਂ ਝੂਠ ਦਾ ਪੁਲੰਦਾ ਤੇ ਜਾਣ-ਬੁੱਝ ਕੇ ਮੇਰੇ ਨਾਲ ਨਿੱਜੀ ਕਿੜ੍ਹ ਕੱਢਣ ਵਾਲੀ ਕਾਰਵਾਈ ਦੇ ਬਰਾਬਰ ਹੈ।

ਆਪਣੀ ਗੱਲਬਾਤ ਦੌਰਾਨ ਜੱਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਸੁਹਿਰਦ ਅਗਵਾਈ ਹੇਠ ਇਤਿਹਾਸਕ ਗੁਰਧਾਮਾ ਦੀ ਸੇਵਾ ਸੰਭਾਲ ਦੇ ਨਾਲ-ਨਾਲ ਧਰਮ, ਸਮਾਜ, ਸਿੱਖਿਆ ਤੇ ਦੇਸ਼, ਕੌਮ ਲਈ ਚੱਲ ਰਹੀਆਂ ਸਮੂਹ ਸੇਵਾਵਾ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਕਤ ਕਾਰਜਾ ਤੇ ਸੇਵਾਵਾ ਸਬੰਧੀ ਜੋ ਨੀਤੀ ਬਣਾਈ ਜਾਂਦੀ ਹੈ। ਉਸ ਨੂੰ ਅਮਲੀ ਰੂਪ ਵਿੱਚ ਲਾਗੂ ਕਰਨਾ ਮੇਰਾ ਮੁੱਢਲਾ ਧਰਮ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀ ਖਾਲਸਾ ਕਾਲਜ ਪਟਿਆਲਾ ਵਿਖੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾ ਦੌਰਾਨ ਮੈਂ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਮੁਕਾਬਲੇ ਪੰਜਾਬ ਸਰਕਾਰ ਦੇ ਵਿੱਦਿਅਕ ਅਦਾਰਿਆ ਖਿਲਾਫ ਕਿਸੇ ਵੀ ਕਿਸਮ ਦੀ ਕੋਈ ਗਲਤ ਬਿਆਨ ਬਾਜ਼ੀ ਨਹੀਂ ਕੀਤੀ ਬਲਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਖੋਲ੍ਹੇ ਗਏ ਸਕੂਲਾਂ ਤੇ ਕਾਲਜ਼ਾਂ ਦੀ ਬੇਹਤਰ ਕਾਰਗੁਜਾਰੀ ਸਬੰਧੀ ਗੱਲ ਕੀਤੀ ਸੀ ਅਤੇ ਜਾਣਕਾਰੀ ਦਿੱਤੀ ਸੀ ਕਿ ਕਿਸ ਤਰ੍ਹਾਂ ਪਿਛਲੇ ਅਰਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੂਲਾ ਅਤੇ ਕਾਲਜਾ ਨੇ ਦੂਜੇ ਸਕੂਲਾਂ ਤੇ ਕਾਲਜ਼ਾਂ ਦੇ ਮੁਕਾਬਲੇ ਆਪਣੇ ਤੌਰ ਤੇ ਕਿੰਨੀ ਜਬਰਦਸਤ ਤਰੱਕੀ ਕੀਤੀ ਹੈ, ਖਾਸ ਕਰਕੇ ਸ਼੍ਰੋਮਣੀ ਕਮੇਟੀ ਦੇ ਪਟਿਆਲਾ ਸਥਿਤ ਖਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਲਗਾਤਾਰ ਯੂਨੀਵਰਸਿਟੀ ਵਿੱਚੋਂ ਐਮ.ਐਸ.ਈ. (ਮੈਥਮੈਟਿਕ) ਗੋਲਡ ਮੈਡਲ ਪ੍ਰਾਪਤ ਕੀਤਾ ਜਾ ਰਿਹਾ ਹੈ ਅਤੇ ਇਸ ਵਾਰ ਵੀ ਯੂਨੀਵਰਸਿਟੀ ਦੇ ਵੱਲੋਂ ਘੋਸ਼ਿਤ ਗਏ ਨਤੀਜਿਆ ਵਿੱਚੋਂ ਉਕਤ ਕਾਲਜ ਦੇ ਵਿਦਿਆਰਥੀਆਂ ਨੇ ਪਹਿਲੀਆ 20 ਪੁਜੀਸ਼ਨਾ ਪ੍ਰਾਪਤ ਕਰਕੇ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ ਹੈ। ਉਨ੍ਹਾਂ ਨੇ ਆਪਣੀ ਗੱਲਬਾਤ ਦੌਰਾਨ ਪੱਤਰਕਾਰਾਂ ਨੂੰ ਸਪਸ਼ੱਟ ਰੂਪ ਵਿੱਚ ਕਿਹਾ ਕਿ ਪੰਜਾਬ ਅੰਦਰ ਸਰਕਾਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੈ ਅਤੇ ਸ਼੍ਰੋਮਣੀ ਕਮੇਟੀ ਉਪੱਰ ਵੀ ਸ਼੍ਰੋਮਣੀ ਅਕਾਲੀ ਦਾ ਪਰਚੰਮ ਲਹਿਰਾ ਰਿਹਾ ਹੈ ਅਤੇ ਦੋਵੇਂ ਜੱਥੇਬੰਦੀਆਂ ਇੱਕ ਦੂਜੇ ਦੀਆਂ ਅਹਿਮ ਅੰਗ ਹਨ ਜਿਸਦੇ ਮੱਦੇ ਨਜ਼ਰ ਉਹ ਆਪਣੀ ਸਰਕਾਰ ਦੇ ਸਕੂਲਾਂ ਤੇ ਕਾਲਜਾਂ ਦੀ ਕਾਰਗੁਜਾਰੀ ਨੂੰ ਕਿਵੇਂ ਮਾੜਾ ਆਖ ਸਕਦੇ ਹਨ? ਦੂਜੀ ਗੱਲ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਿਸ ਤਰ੍ਹਾਂ ਮੁਸਲਿਮ ਭਾਈਚਾਰਾ ਆਪਣੇ ਮਦਰੱਸੇ ਚਲਾ ਰਿਹਾ ਹੈ ਤੇ ਕ੍ਰਿਸ਼ਚੀਅਨ ਅਤੇ ਹਿੰਦੂ ਭਾਈਚਾਰੇ ਦੀਆਂ ਸੰਸਥਾਵਾਂ ਆਪਣੇ ਧਰਮ ਨਾਲ ਸਬੰਧਤ ਸਕੂਲ ਤੇ ਕਾਲਜ ਚਲਾ ਰਹੇ ਹਨ ਉਸੇ ਹੀ ਢੰਗ ਨਾਲ ਸ਼੍ਰੋਮਣੀ ਕਮੇਟੀ ਨੂੰ ਗੁਰੂ ਆਸੇ ਮੁਤਾਬਿਕ ਇਤਿਹਾਸਕ ਗੁਰਧਾਮਾਂ ਦੀ ਸੇਵਾ ਸੰਭਾਲ ਦੇ ਨਾਲ-ਨਾਲ ਪਾਠਸ਼ਾਲਾ ਬਣਾਉਣ ਦੇ ਸਿਧਾਂਤਾ ਤੇ ਪਹਿਰਾ ਦਿੰਦਿਆਂ ਹੋਇਆ ਅਕਾਲੀ ਦਲ ਦੇ ਸਰਪ੍ਰਸਤ ਤੇ ਪ੍ਰਧਾਨ ਦੀ ਯੋਗ ਅਗਵਾਈ ਹੇਠ ਸਕੂਲ ਤੇ ਕਾਲਜ ਬਣਵਾ ਰਹੀ ਹੈ। ਪ੍ਰੈਸ ਕਾਨਫਰੰਸ ਦੌਰਾਨ ਜੱਥੇ: ਅਵਤਾਰ ਸਿੰਘ ਨੇ ਪੱਤਰਕਾਰਾਂ ਦੇ ਸਨਮੁੱਖ ਲੰਗਰ ਦੀ ਸੇਵਾ ਸਬੰਧੀ ਆਪਣਾ ਸਪੱਸ਼ਟੀਕਰਨ ਰੱਖਦਿਆਂ ਹੋਇਆ ਕਿਹਾ ਕਿ ਬੀਬੀ ਸੁਰਿੰਦਰ ਕੌਰ ਬਾਦਲ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਦੀ ਸੇਵਾ ਪੂਰੀ ਕਾਮਯਾਬੀ ਨਾਲ ਚੱਲ ਰਹੀ ਹੈ ਅਤੇ ਰਾਜ ਦੇ ਸਾਰੇ ਹੀ ਵਿਧਾਨ ਸਭਾ ਹਲਕਿਆਂ ਦੇ ਐਮ.ਐਲ.ਏ, ਹਲਕਾ ਇੰਚਾਰਜ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਪੂਰੀ ਲਗਨ ਤੇ ਸ਼ਿੱਦਤ ਦੇ ਨਾਲ ਲੰਗਰ ਦੀ ਸੇਵਾ ਕਰ ਰਹੇ ਹਨ । ਇਸ ਲਈ ਲੰਗਰ ਦੀ ਸੇਵਾ ਬੰਦ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ । ਪੰਜਾਬੀ ਅਖਬਾਰ ਦੇ ਇੱਕ ਪੱਤਰਕਾਰ ਵੱਲੋਂ ਤਰੋੜ ਮਰੋੜ ਕੇ ਛਾਪੇ ਗਏ ਬਿਆਨ ਸਬੰਧੀ ਆਪਣੇ ਗੁੱਸੇ ਦਾ ਇਜ਼ਹਾਰ ਕਰਦਿਆਂ ਹੋਇਆ ਜੱਥੇ. ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਦੇ ਖਿਲਾਫ ਕਦੇ ਵੀ ਇੱਕ ਸ਼ਬਦ ਨਹੀਂ ਬੋਲੇ ਹਨ ਪਰ ਜਿਸ ਢੰਗ ਦੇ ਨਾਲ ਉਨ੍ਹਾਂ ਦੇ ਬਿਆਨ ਨੂੰ ਤਰੋੜ ਮਰੋੜ ਕੇ ਛਾਪਿਆ ਗਿਆ ਹੈ ਉਹ ਨਾ ਕਾਬਿਲੇ ਬਰਦਾਸ਼ਤ ਹੈ ਜਿਸ ਸਬੰਧੀ ਅਗਲੀ ਕਾਰਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰਾਂ ਦੀ ਮਦਦ ਲਈ ਜਾ ਰਹੀ ਹੈ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਇੱਕ ਜਵਾਬ ਦਿੰਦਿਆਂ ਹੋਇਆ ਜੱਥੇ: ਮੱਕੜ ਨੇ ਕਿਹਾ ਕਿ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਕਿਸੇ ਵੀ ਕਿਸਮ ਦੀ ਕੋਈ ਨਰਾਜ਼ਗੀ ਜਾਂ ਟਕਰਾਅ ਨਹੀਂ ਹੈ ਬਲਕਿ ਉਹ ਪਾਰਟੀ ਪ੍ਰਧਾਨ ਦੇ ਹੁਕਮਾਂ ਦੀ ਪਾਲਣਾ ਕਰਨਾ ਆਪਣੀ ਜਿੰਮੇਵਾਰੀ ਸਮਝਦੇ ਹਨ। ਭਾਰਤ-ਪਾਕਿਸਤਾਨ ਦਰਮਿਆਨ ਚੱਲ ਰਹੇ ਆਪਸੀ ਤਣਾਅ ਦੇ ਕਾਰਨ ਪਾਕਿਸਤਾਨ ਵਿਖੇ ਸਥਿੱਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜੱਥੇ ਉਪੱਰ ਪੈਣ ਵਾਲੇ ਅਸਰ ਸਬੰਧੀ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਹੋਇਆ ਉਨ੍ਹਾਂ ਨੇ ਸਪੱਸ਼ਟ ਰੂਪ ਵਿੱਚ ਕਿਹਾ ਕਿ ਉਹ ਸਰਕਾਰ ਦੀ ਪੁਰਾਣੀ ਨੀਤੀ ਅਨੁਸਾਰ ਹੀ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਭੇਜਣ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ ਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਮਾੜੇ ਹਾਲਾਤਾਂ ਦਾ ਅਸਰ ਸਿੱਖ ਸ਼ਰਧਾਲੂਆਂ ਦੇ ਜੱਥੇ ਉਪੱਰ ਨਹੀਂ ਪਵੇਗਾ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਪ੍ਰਮੁੱਖ ਅਕਾਲੀ ਆਗੂ ਜਤਿੰਦਰਪਾਲ ਸਿੰਘ ਸਲੂਜਾ, ਜੱਥੇ: ਹਰਪਾਲ ਸਿੰਘ ਕੋਹਲੀ ਨਿੱਜੀ ਸਕੱਤਰ, ਗੁਰਿੰਦਰਪਾਲ ਸਿੰਘ ਪੱਪੂ, ਜੱਥੇ: ਉਜਾਗਰ ਸਿੰਘ ਛਾਪਾ, ਕੌਂਸਲਰ ਮਨਿੰਦਰਪਾਲ ਸਿੰਘ ਮੱਕੜ, ਜੱਥੇ. ਸੇਵਾ ਸਿੰਘ ਭੱਟੀ ਅਤੇ ਕਈ ਹੋਰ ਪ੍ਰਮੁੱਖ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।