June 12, 2026 9:13 am

ਨਿਜੀ ਕਾਲੋਨੀ ਮਾਲਿਕਾਂ ਵੱਲੋਂ ਨਜਾਇਜ਼ ਤੌਰ ‘ਤੇ ਸੜਕ ਪੁੱਟ ਕੇ ਪਾਇਆ ਗਿਆ ਸੀਵਰੇਜ ਓਵਰਫਲੋਅ

ਫਰੀਦਕੋਟ, 28 ਅਗਸਤ (ਹੈਰੀ)-ਫਰੀਦਕੋਟ ਸ਼ਹਿਰ ਦੇ ਨਿਊ ਕੈਂਟ ਰੋਡ ਤੋਂ ਸ਼ਾਹਬਾਜ ਨਗਰ ਨੂੰ ਜਾਂਦੀ ਲਿੰਕ ਸੜਕ ਸੀਵਰੇਜ ਲੀਕ ਹੋਣ ਕਾਰਨ ਇਹਨੀ ਦਿਨੀ ਛੱਪੜ ਦਾ ਰੂਪ ਧਾਰਨ ਕਰਦੀ ਜਾ ਰਹੀ। ਸੜਕ ਨੂੰ ਨਜਾਇਜ਼ ਤੌਰ ‘ਤੇ ਪੁੱਟ ਕੇ ਪ੍ਰਾਈਵਟੇ ਕਾਲੋਨੀ ਮਾਲਿਕਾਂ ਵੱਲੋਂ ਪਾਇਆ ਗਿਆ ਸੀਵਰੇਜ ਆਉਣ ਜਾਣ ਵਾਲੇ ਅਤੇ ਨੇੜਲੇ ਘਰਾਂ ਲਈ ਜਾਨ ਦਾ ਖੌਅ ਬਣਿਆ ਹੋਇਆ। ਇਹ ਰਸਤਾ ਨਿਊ ਕੈਂਟ ਰੋਡ ਤੋਂ ਸ਼ਾਹਬਾਜ ਨਗਰ ‘ਚੋਂ ਹੁੰਦਾ ਹੋਇਆ ਆਰਮੀ ਦੇ ਸੈਂਟਰਲ ਸਕੂਲ ਤੋਂ ਹੋ ਕੇ ਸਾਦਿਕ ਰੋਡ ‘ਤੇ ਮਿਲਦਾ ਹੈ। ਇਸ ਰੋਡ ਤੋਂ ਰੋਜ਼ਾਨਾ ਕਾਫੀ ਲੋਕਾਂ ਦਾ ਆਉਣਾ ਜਾਣਾ ਹੈ।
waterproblum
ਇਸੇ ਹੀ ਰੋਡ ‘ਤੇ ਛੋਟੇ ਬੱਚਿਆਂ ਦਾ ਕਿੰਡਰ ਗਾਰਟਨ ਸਕੂਲ ਵੀ ਪੈਂਦਾ ਹੈ। ਇਸ ਰੋਡ ‘ਤੇ ਨਗਰ ਕੌਂਸਲ ਫਰੀਦਕੋਟ ਵੱਲੋਂ ਪਸ਼ੂਆਂ ਦੇ ਹਸਪਤਾਲ ਤੱਕ ਸੀਵਰੇਜ ਸਿਸਟਮ ਪਾਇਆ ਗਿਆ ਸੀ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ ਅਤੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋ ਰਹੀ ਸੀ, ਪਰ ਕਰੀਬ ਡੇਢ ਸਾਲ ਪਹਿਲਾਂ ਇੱਕ ਪ੍ਰਾਈਵੇਟ ਕਲੌਨੀ ਵਾਲਿਆਂ ਨੇ ਇਸ ਸੀਵਰੇਜ ਸਿਸਟਮ ਨਾਲ ਆਪਣਾ ਸੀਵਰੇਜ ਸਿਸਟਮ ਨਜਾਇਜ਼ ਤੌਰ ‘ਤੇ ਜੋੜ ਲਿਆ। ਸੀਵਰੇਜ ਜੋੜਨ ਸਮੇਂ ਲੈਵਲ ਦਾ ਸਹੀ ਖਿਆਲ ਨਹੀਂ ਰੱਖਿਆ ਗਿਆ, ਜਿਸ ਕਾਰਨ ਇਹ ਸੀਵਰੇਜ ਹੁਣ ਪਿਛਲੇ ਕਰੀਬ ਡੇਢ ਮਹੀਨੇ ਤੋਂ ਓਵਰਫਲੋਅ ਹੋ ਕੇ ਪੂਰੀ ਸੜਕ ਵਿੱਚ ਗੰਦਗੀ ਫੈਲਾਅ ਰਿਹਾ ਹੈ ਅਤੇ ਆਸਪਾਸ ਰਹਿਣ ਵਾਲੇ ਅਤੇ ਇਸ ਸੜਕ ਤੋਂ ਲੰਘਣ ਵਾਲੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਇਸ ਗੰਦੇ ਪਾਣੀ ਉਪਰ ਮੱਛਰ ਪੈਦਾ ਹੋ ਚੁੱਕਾ ਹੈ ਜੋ ਕਿ ਇਸ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੀ ਸਿਹਤ ਲਈ ਵੱਡਾ ਖਤਰਾ ਬਣ ਸਕਦਾ ਹੈ ਅਤੇ ਕਈ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ। ਇਸ ਸਮੇਂ ਗੱਲਬਾਤ ਕਰਦਿਆਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਪ੍ਰਾਈਵੇਟ ਕਾਲੋਨੀ ਧਾਰਕਾਂ ਵੱਲੋਂ ਸੜਕ ਨਜਾਇਜ਼ ਤੌਰ ‘ਤੇ ਪੱਟੀ ਗਈ ਅਤੇ ਸੀਵਰੇਜ ਵੀ ਨਜਾਇਜ਼ ਤੌਰ ‘ਤੇ ਪਾਇਆ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਿੱਛਲੇ ਕਰੀਬ ਡੇਢ ਸਾਲ ਤੋਂ ਸੜਕ ਪੱਟੀ ਹੋਈ ਹੈ ਅਤੇ ਕਰੀਬ ਡੇਢ ਮਹੀਨੇ ਤੋਂ ਸੀਵਰੇਜ ਓਵਰਫਲੋਅ ਹੋ ਰਿਹਾ ਹੈ ਪਰ ਸੰਬੰਧਤ ਵਿਭਾਗ ਕੋਈ ਕਾਰਵਾਈ ਨਹੀਂ ਕਰ ਰਿਹਾ। ਇਸ ਸਭ ਸੰਬੰਧੀ ਜਦ ਵਿਭਾਗ ਦੇ ਐੱਸ.ਈ. ਸਤੀਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਹੈ ਹੁਣ ਪਤਾ ਚੱਲਿਆ ਹੈ ਅਤੇ ਅਸੀਂ ਇਸ ਦੀ ਜਾਂਚ ਕਰਾਂਗੇ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਨੂਨੀ ਕਾਰਵਾਈ ਕੀਤੀ ਜਾਵੇਗੀ।