June 12, 2026 6:43 pm

ਸ਼੍ਰੋਮਣੀ ਕਮੇਟੀ ਨੇ ਨੀਲਮ ਦੂਬੇ ਖਿਲਾਫ ਪਰਚਾ ਦਰਜ ਕਰਵਾਇਆ

ਅੰਮ੍ਰਿਤਸਰ, 28 ਅਗਸਤ (ਨਰਿੰਦਰਪਾਲ ਸਿੰਘ)-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਵਾਦਤ ਆਸਾਰਾਮ ਦੀ ਬੁਲਾਰੀ ਨੀਲਮ ਦੂਬੇ ‘ਤੇ ਪਰਚਾ ਦਰਜ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਨੀਲਮ ਦੂਬੇ ਨੇ ਆਸਾਰਾਮ ‘ਤੇ ਨਾਬਾਲਗ ਲੜਕੀ ਨਾਲ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲੱਗਣ ਉਪਰੰਤ ਇੱਕ ਨਿਊਜ਼ ਚੈਨਲ ‘ਤੇ ਚੱਲ ਰਹੀ ਬਹਿਸ ਵਿਚ ਚੈਨਲ ਦੇ ਹੋਸਟ ਪੱਤਰਕਾਰ ਦੀਪਕ ਚੌਰਸੀਆ ਨੂੰ ਬਿਆਨ ਦਿੰਦੇ ਹੋਏ ਵਿਵਾਦਤ ਆਸਾਰਾਮ ਦੀ ਤੁਲਨਾ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਗਤ ਕਬੀਰ ਜੀ ਨਾਲ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੱਚਿਆਂ ਨੂੰ ਕੜਾਹੀ ਵਿਚ ਤਲਣ ਦੀ ਗੱਲ ਕਹੀ ਸੀ ਜੋ ਸਰਾਸਰ ਗਲਤ ਹੈ। ਬੁਲਾਰੀ ਨੀਲਮ ਦੂਬੇ ਵੱਲੋਂ ਵਿਵਾਦਤ ਆਸਾਰਾਮ ਦੇ ਮੁੱਦੇ ਤੋਂ ਅੱਗੇ ਲੰਘਦਿਆਂ ਜਾਣ ਬੁੱਝ ਕੇ ਸਿੱਖ ਗੁਰੂ ਸਾਹਿਬਾਨ ਬਾਰੇ ਅਪਸ਼ਬਦ ਵਰਤਣ ਨਾਲ ਦੇਸ਼-ਵਿਦੇਸ਼ ਵਿਚ ਵੱਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਸੱਟ ਵੱਜੀ ਹੈ। ਨੀਲਮ ਦੂਬੇ ਦੀ ਇਸ ਆਪ-ਹੁਦਰੀ ਟਿੱਪਣੀ ਨਾਲ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਤੇ ਰੋਹ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਸਿੱਖਾਂ ਦੀ ਸਰਵਉੱਚ ਧਾਰਮਿਕ  ਸੰਸਥਾ ਤੇ ਜਦੋਂ ਵੀ ਸ਼ਰਾਰਤੀ ਲੋਕਾਂ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ, ਇਸੇ ਕਰਕੇ ਹੁਣ ਵੀ ਤੁਰੰਤ ਹਰਕਤ ਵਿਚ ਆਉਂਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਸ. ਰੂਪ ਸਿੰਘ ਸਕੱਤਰ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸ.ਜਤਿੰਦਰ ਸਿੰਘ ਔਲਖ ਨੂੰ ਮਿਲਕੇ ਵਿਵਾਦਤ ਆਸਾਰਾਮ ਦੀ ਬੁਲਾਰੀ ਨੀਲਮ ਦੂਬੇ ਖਿਲਾਫ ਸਖ਼ਤ ਧਾਰਾਵਾਂ ਹੇਠ ਪਰਚਾ ਦਰਜ ਕਰਵਾਇਆ ਹੈ। ਸ. ਰੂਪ ਸਿੰਘ ਸਕੱਤਰ ਨੇ ਕਿਹਾ ਕਿ ਨੀਲਮ ਦੂਬੇ ਦੀਆਂ ਟਿੱਪਣੀਆਂ ‘ਚੋਂ ਫਿਰਕਾਪ੍ਰਸਤੀ  ਸਾਫ ਨਜ਼ਰ ਆਉਂਦੀ ਹੈ। ਇਨ੍ਹਾਂ  ਟਿੱਪਣੀਆਂ ਨੂੰ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਇਨ੍ਹਾਂ ਟਿੱਪਣੀਆਂ ਕਾਰਨ ਨੀਲਮ ਦੂਬੇ ਖਿਲਾਫ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਉਕਸਾਉਣ ਅਤੇ ਫਿਰਕਾਪ੍ਰਸਤੀ ਵਧਾਉਣ ਦੇ ਇਲਜ਼ਾਮ ਹੇਠ ਸਖਤ ਧਾਰਵਾਂ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇ।

Send this to a friend