ਮੰਡੀ ਡੱਬਵਾਲੀ, 26 ਅਗਸਤ (ਵਿਸ਼ਵ ਵਾਰਤਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 307ਵਾਂ ਸੰਪੂਰਨ ਦਿਵਸ ਦੇ ਸਬੰਧ ਵਿੱਚ ਗੁਰਦੁਆਰਾ ਨਿਰਮਲਸਰ ਸਾਹਿਬ ਤਿਲੋਕੇਵਾਲਾ ਤੋਂ ਮਹਾਨ ਚੇਤਨਾ ਮਾਰਚ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ 30 ਅਗਸਤ ਨੂੰ ਹੋਵੇਗਾ। ਇਹ ਜਾਣਕਾਰੀ ਉਕਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਨੇ ਇੱਕ ਵਿਸ਼ੇਸ਼ ਭੇਂਟ ‘ਚ ਦਿੱਤੀ।
ਉਨ੍ਹਾਂ ਇਹ ਵੀ ਦੱਸਿਆ ਕਿ ਇਹ ਚੇਤਨਾ ਮਾਰਚ ਗੁਰਦੁਆਰਾ ਨਿਰਮਲਸਰ ਸਾਹਿਬ ਤਿਲੋਕੇਵਾਲਾ ਤੋਂ 30 ਅਗਸਤ ਨੂੰ ਸਵੇਰੇ 9 ਵਜੇ ਰਵਾਨਾ ਹੋਵੇਗਾ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਮੂਹ ਸੰਗਤਾਂ ਸਮੇਤ ਸਵੇਰੇ 11 ਵਜੇ ਪਹੁੰਚੇਗਾ। ਇਹ ਮਾਰਚ ਤਿਲੋਕੇਵਾਲਾ ਤੋਂ ਦਾਦੂ, ਧਰਮਪੁਰਾ, ਸਿੰਘਪੁਰਾ, ਤਿਉਣਾ ਪੁਜਾਰੀਆਂ ਸੰਗਦ ਹੁੰਦਾ ਹੋਇਆ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇਗਾ। ਸੰਤ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਨੇ ਸਮੂਹ ਸੰਗਤਾਂ ਨੂੰ ਬੇਨਤੀਆਂ ਕੀਤੀਆਂ ਹਨ ਕਿ ਉਹ ਚੇਤਨਾ ਮਾਰਚ ਵਿੱਚ ਕੇਸਰੀ ਦਸਤਾਰਾਂ ਅਤੇ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਸ਼ਾਮਿਲ ਹੋਣ। ਸਮੂਹ ਸੰਗਤਾਂ ਚੇਤਨਾ ਮਾਰਚ ਵਿੱਚ ਸਕੂਟਰ, ਮੋਟਰਸਾਇਕਲ, ਕਾਰਾਂ, ਜੀਪਾਂ ਅਤੇ ਆਪਣੇ ਵਹੀਕਲ ਲੈ ਕੇ ਸ਼ਾਮਿਲ ਹੋਣ। ਚੇਤਨਾ ਮਾਰਚ ਵਿੱਚ ਸ਼ਾਮਿਲ ਹੋ ਕੇ ਆਪਣਾ ਜੀਵਨ ਸਫਲ ਕਰਨ।