ਤਰਨਤਾਰਨ, 3 ਅਪ੍ਰੈਲ (ਆਹਲੂਵਾਲੀਆ, ਰਵਿੰਦਰ ਕੱਕੜ)-ਡਿਪਟੀ ਕਮਿਸ਼ਨਰ ਇੰਜੀਨੀਅਰ ਡੀ.ਪੀ.ਐਸ. ਖਰਬੰਦਾ ਨੇ ਸਮੂਹ ਕੇਬਲ ਅਪਰੇਟਰਾਂ ਨੂੰ ਜ਼ਿਲ੍ਹਾ ਤਰਨਤਾਰਨ ਵਿੱਚ 1 ਅਪਰੈਲ 2017 ਤੋਂ ਕਿਸੇ ਵੀ ਕੇਬਲ ਉਪਭੋਗਤਾ ਨੂੰ ਐਨਾਲੋਗ ਸਿਗਨਲ ਰਾਹੀਂ ਕੇਬਲ ਪ੍ਰਸਾਰਣ ਦੇਣ ਦੀ ਮਨਾਹੀ ਕੀਤੀ ਹੈ। ਉਨ੍ਹਾਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ 30 ਮਾਰਚ 2017 ਨੂੰ ਪ੍ਰਾਪਤ ਹੋਏ ਸਰਕੂਲਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਦੇਸ਼ ਭਰ ਵਿੱਚ ਕੇਬਲ ਟੀ.ਵੀ. ਪ੍ਰਸਾਰਣ ਦੇ ਐਨਾਲੋਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਤਬਦੀਲ ਕਰਨ ਲਈ ਚਾਰ ਪੜਾਵਾਂ ਵਿੱਚ ਸਮਾਂ-ਸੀਮਾ ਐਲਾਨੀ ਗਈ ਸੀ। ਇਸ ਤਹਿਤ ਚੌਥੇ ਪੜਾਅ ਦੀ ਸਮਾਂ ਸੀਮਾ ਨੂੰ ਵਧਾ ਕੇ 31 ਮਾਰਚ 2017 ਕੀਤਾ ਗਿਆ ਸੀ, ਜੋ ਕਿ ਅੱਜ ਸਮਾਪਤ ਹੋ ਗਈ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਮਲਟੀ ਸਿਸਟਮ ਅਪਰੇਟਰ/ ਸਥਾਨਕ ਕੇਬਲ ਅਪਰੇਟਰਾਂ ਨੂੰ ਹਦਾਇਤ ਕੀਤੀ ਹੈ ਕਿ 31 ਮਾਰਚ 2017 ਤੋਂ ਬਾਅਦ ਵੀ ਜੇਕਰ ਕਿਸੇ ਕੇਬਲ ਅਪਰੇਟਰ ਨੂੰ ਐਨਾਲਾਗ ਸਿਗਨਲ ਦੀ ਵਰਤੋਂ ਕਰਦੇ ਪਾਇਆ ਗਿਆ ਤਾਂ ਉਨ੍ਹਾਂ ਖਿਲਾਫ਼ ਕੇਬਲ ਟੀ.ਵੀ. ਐਕਟ ਵਿੱਚ ਦਰਜ ਨਿਯਮਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।



