June 19, 2026 3:24 pm

ਪੰਜਾਬ ਸਰਕਾਰ ਸਾਰੇ ਸ਼ਹਿਰਾਂ ਨੂੰ ਮੁਕੰਮਲ ਵਾਟਰ ਸਪਲਾਈ ਅਤੇ ਸੀਵਰੇਜ ਨਾਲ ਜੋੜਨ ਲਈ ਵਚਨਬੱਧ : ਢੀਂਡਸਾ

ਸੰਗਰੂਰ, 26 ਅਗਸਤ (ਹਰਿੰਦਰ ਖਾਲਸਾ/ਦੀਪਕ ਗਰੋਵਰ)-ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਯਤਨ ਤੇਜ਼ ਕੀਤੇ ਹੋਏ ਹਨ ਅਤੇ ਵੱਖ-ਵੱਖ ਸ਼ਹਿਰਾਂ ‘ਚ ਕਈ ਵਿਕਾਸਮੁਖੀ ਪ੍ਰੋਜੈਕਟ ਪ੍ਰਗਤੀ ਅਧੀਨ ਹਨ ਅਤੇ ਕਈ ਹੋਰ ਪ੍ਰੋਜੈਕਟ ਜਲਦ ਸ਼ੁਰੂ ਕਰ ਦਿੱਤੇ ਜਾਣਗੇ। ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਧਿਆਨ ‘ਚ ਰੱਖ ਕੇ ਰਾਜ ਸਰਕਾਰ ਵੱਲੋਂ ਹਰ ਜ਼ਿਲ੍ਹੇ ਨੂੰ ਮੁਕੰਮਲ ਵਾਟਰ ਸਪਲਾਈ ਅਤੇ ਸੀਵਰੇਜ ਨਾਲ ਜੋੜਨ ਲਈ ਵੀ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ  ਵਿੱਤ ਅਤੇ ਯੋਜਨਾ ਮੰਤਰੀ ਸ. ਪਰਮਿੰਦਰ  ਸਿੰਘ ਢੀਂਡਸਾ ਨੇ ਦੱਸਿਆ ਕਿ ਇਕੱਲੇ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਲਈ  ਸੀਵਰੇਜ ਲਈ ਕੁੱਲ 270.4 ਕਰੋੜ ਤੇ ਵਾਟਰ ਸਪਲਾਈ ਲਈ 33.7 ਕਰੋੜ ਦੀ ਰਾਸ਼ੀ ਵਾਲੇ ਪ੍ਰੋਜੈਕਟਾਂ ਨੂੰ  ਮੰਜ਼ੂਰੀ ਦਿੱਤੀ ਗਈ ਹੈ। ਉਨ੍ਹਾਂ  ਕਿਹਾ ਕਿ ਕਈ ਸ਼ਹਿਰਾਂ ‘ਚ ਪਹਿਲਾਂ ਹੀ ਕੰਮ ਚੱਲ ਰਹੇ ਹਨ ਅਤੇ ਬਾਕੀ ਸ਼ਹਿਰਾਂ  ‘ਚ ਵੀ ਜਲਦ ਹੀ ਕੰਮ ਸ਼ੁਰੂ ਕਰ ਦਿੱਤੇ  ਜਾਣਗੇ। ਉਨ੍ਹਾਂ ਦੱਸਿਆ ਕਿ ਸੰਗਰੂਰ ਸ਼ਹਿਰ ‘ਚ ਵਾਟਰ ਸਪਲਾਈ ਲਈ 5.06 ਕਰੋੜ ਅਤੇ ਸੀਵਰੇਜ ਲਈ 61.04 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ  ਮੰਜ਼ੂਰ ਹੋਏ ਹਨ। ਵਾਟਰ ਸਪਲਾਈ ਪ੍ਰੋਜੈਕਟ ਦੇ ਪੂਰਾ ਹੋਣ ਦੀ ਮਿਆਦ 30 ਜੂਨ, 2014 ਮਿਥੀ ਗਈ  ਹੈ। ਲੌਂਗੋਵਾਲ ‘ਚ 22 ਲੱਖ ਰੁਪਏ ਦੇ ਵਾਟਰ ਸਪਲਾਈ ਵਾਲਾ ਪ੍ਰੋਜੈਕਟ ਅਤੇ 13.96 ਕਰੋੜ ਦੀ ਲਾਗਤ ਵਾਲਾ ਸੀਵਰੇਜ ਪ੍ਰੋਜੈਕਟ ਪ੍ਰਗਤੀ  ਅਧੀਨ ਹੈ। ਇਸੇ ਤਰ੍ਹਾਂ ਸੁਨਾਮ ਵਿਖੇ 2.42 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਅਤੇ 18.04 ਕਰੋੜ ਰੁਪਏ ਦੀ ਲਾਗਤ ਵਾਲੇ ਸੀਵਰੇਜ ਪ੍ਰੋਜੈਕਟ ਦਾ ਕੰਮ ਚੱਲ ਰਿਹਾ ਹੈ।  ਇਥੇ ਸੀਵਰੇਜ ਪ੍ਰੋਜੈਕਟ ਦੇ ਪੂਰਾ ਹੋਣ ਦੀ ਮਿਆਦ 31 ਦਸੰਬਰ, 2013 ਮਿਥੀ ਗਈ ਹੈ। ਉਧਰ ਮਾਲੇਰਕੋਟਲਾ ਵਿਖੇ 2.90 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਅਤੇ 31.84 ਕਰੋੜ ਰੁਪਏ ਦੀ ਲਾਗਤ ਵਾਲਾ ਸੀਵਰੇਜ ਪ੍ਰੋਜੈਕਟ ਮੰਜ਼ੂਰ ਕੀਤਾ ਗਿਆ ਹੈ। ਅਹਿਮਦਗੜ੍ਹ ਵਿਖੇ ਵਾਟਰ ਸਪਲਾਈ ਪ੍ਰੋਜੈਕਟ ਲਈ 2.53 ਕਰੋੜ ਰੁਪਏ  ਅਤੇ ਸੀਵਰੇਜ ਲਈ 20.14 ਕਰੋੜ ਰੁਪਏ ਦੀ ਰਾਸ਼ੀ ਮੰਜ਼ੂਰ ਕੀਤੀ ਗਈ ਹੈ। ਧੂਰੀ ਸ਼ਹਿਰ ‘ਚ ਵਾਟਰ ਸਪਲਾਈ ਲਈ 3.82 ਕਰੋੜ ਰੁਪਏ ਅਤੇ  ਸੀਵਰੇਜ ਲਈ 27.68 ਕਰੋੜ ਰੁਪਏ ਦੀ ਰਾਸ਼ੀ ਨੂੰ ਮੰਜ਼ੂਰੀ ਮਿਲੀ ਹੈ। ਇਸੇ ਤਰ੍ਹਾਂ ਲਹਿਰਾਗਾਗਾ ਵਿਖੇ ਵਾਟਰ ਸਪਲਾਈ ਲਈ 8.80 ਕਰੋੜ ਰੁਪਏ ਅਤੇ ਸੀਵਰੇਜ ਲਈ 25.07 ਕਰੋੜ ਰੁਪਏ ਦੀ ਰਾਸ਼ੀ ਮੰਜ਼ੂਰ ਕੀਤੀ ਗਈ ਹੈ। ਭਵਾਨੀਗੜ੍ਹ ਵਿਖੇ ਵਾਟਰ ਸਪਲਾਈ ਲਈ 1.93 ਕਰੋੜ ਰੁਪਏ ਅਤੇ ਸੀਵਰੇਜ ਲਈ 21.74 ਕਰੋੜ ਰੁਪਏ ਦੀ ਰਾਸ਼ੀ ਨੂੰ ਮੰਜ਼ੂਰੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮੂਨਕ ਸ਼ਹਿਰ ਦੇ ਵਾਟਰ ਸਪਲਾਈ ਪ੍ਰੋਜੈਕਟ ਲਈ 2.04 ਕਰੋੜ ਰੁਪਏ  ਅਤੇ ਸੀਵਰੇਜ ਲਈ 14.96 ਕਰੋੜ ਰੁਪਏ ਦੀ ਰਾਸ਼ੀ ਮੰਜ਼ੂਰ ਕੀਤੀ ਗਈ ਹੈ। ਖਨੌਰੀ  ਸ਼ਹਿਰ ਦੇ ਵਾਟਰ ਸਪਲਾਈ ਪ੍ਰੋਜੈਕਟ ਲਈ 1.07 ਕਰੋੜ ਰੁਪਏ ਅਤੇ ਸੀਵਰੇਜ ਲਈ 16.67 ਕਰੋੜ ਰੁਪਏ  ਦੀ ਰਾਸ਼ੀ ਮੰਜ਼ੂਰ ਕੀਤੀ ਗਈ ਹੈ। ਦੂਜੇ ਪਾਸੇ ਚੀਮਾ ਵਿਖੇ ਵਾਟਰ ਸਪਲਾਈ ਪ੍ਰੋਜੈਕਟ  ਲਈ 1.51 ਕਰੋੜ ਰੁਪਏ ਅਤੇ ਸੀਵਰੇਜ ਲਈ 7.18 ਕਰੋੜ ਰੁਪਏ ਦੀ ਰਾਸ਼ੀ ਨੂੰ ਮੰਜ਼ੂਰ  ਕਰ ਲਿਆ ਗਿਆ ਹੈ। ਦਿੜ੍ਹਬਾ ਸ਼ਹਿਰ ਦੇ ਵਾਟਰ ਸਪਲਾਈ ਪ੍ਰੋਜੈਕਟ ਲਈ 1.40 ਕਰੋੜ ਰੁਪਏ  ਅਤੇ ਸੀਵਰੇਜ ਲਈ 12.08 ਕਰੋੜ ਰੁਪਏ ਦੀ ਰਾਸ਼ੀ ਮੰਜ਼ੂਰ ਕੀਤੀ ਗਈ ਹੈ।

Send this to a friend