Skip to content
Independent perspectives. Global stories.
BREAKING

ਸੰਗਰੂਰ ਦੇ ਮਾਲ ’ਤੇ ਕੁੜੀਆਂ ਨਾਲ ਛੇੜਖਾਨੀ ਤੋਂ ਤਿੰਨ ਦਰਜਨ ਨੌਜਵਾਨਾਂ ਖਿਲਾਫ ਕੇਸ ਦਰਜ

Share this story

image ਸੰਗਰੂਰ, 2 ਅਪ੍ਰੈਲ (ਹਰਜੀਤ ਸਿੰਘ ਹਸਨਪੁਰੀ)- ਇਥੇ ਧੂਰੀ ਰੋਡ ‘ਤੇ ਸਥਿਤ ਫ਼ਨ ਸਕੂਏਅਰ ਮਾਲ ਵਿਚ ਕਰੀਬ ਤਿੰਨ ਦਰਜਨ ਨੌਜਵਾਨਾਂ ਵਲੋਂ ਮਾਲ ਦੇ ਸੁਰੱਖਿਆ ਮੁਲਾਜ਼ਮਾਂ ਉਪਰ ਹਮਲਾ ਕਰਕੇ ਕੁੱਟਮਾਰ ਕਰਨ ਅਤੇ ਮਾਲ ਦੀ ਭੰਨਤੋੜ ਕਰ ਦਿੱਤੀ। ਇਸ ਹਮਲੇ ਵਿਚ ਤਿੰਨ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ 12 ਹਮਲਾਵਰਾਂ ਅਤੇ 15-20 ਨਾਮਾਲੂਮ ਨੌਜਵਾਨਾਂ ਦੇ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਉਧਰ ਹਮਲਾਵਰ ਧਿਰ ਨਾਲ ਸਬੰਧਤ ਦੋ ਨੌਜਵਾਨ ਵੀ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਇਥੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਫ਼ਨ ਸਕੂਏਅਰ ਮਾਲ ਦੇ ਸੁਰੱਖਿਆ ਮੁਲਾਜ਼ਮ ਗਗਨਦੀਪ ਸਿੰਘ, ਸੁਰਿੰਦਰ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਕਰੀਬ ਇੱਕ ਦਰਜਨ ਤੋਂ ਵੱਧ ਨੌਜਵਾਨ ਸ਼ਾਮ ਪੰਜ ਵਜੇ ਮਾਲ ਵਿਚ ਪੰਜਾਬੀ ਫਿਲਮ ਵੇਖਣ ਲਈ ਆਏ ਸਨ ਜੋ ਕਿ ਨੌਜਵਾਨਾਂ ਨੂੰ ਭਰਤੀ ਦੀ ਟਰੇਨਿੰਗ ਦੇਣ ਵਾਲੀ ਇੱਕ ਅਡੈਕਮੀ ਨਾਲ ਸਬੰਧਤ ਹਨ।ਫਿਲਮ ਦੇ ਸ਼ੋਅ ਦੌਰਾਨ ਇਹ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਸਨ।ਨੌਜਵਾਨਾਂ ਵਲੋਂ ਅਗਲੀ ਸੀਟ ਉਪਰ ਬੈਠੀਆਂ ਲੜਕੀਆਂ ਨੂੰ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।ਉਨ੍ਹਾਂ ਨੌਜਵਾਨਾਂ ਨੂੰ ਰੋਕਣ ਦਾ ਯਤਨ ਕੀਤਾ ਪਰ ਉਹ ਬਾਜ਼ ਨਹੀਂ ਆਏ। ਬੀਤੀ ਰਾਤ ਫਿਲਮ ਦਾ ਸ਼ੋਅ ਖਤਮ ਹੋਣ ਮਗਰੋਂ ਇਹ ਨੌਜਵਾਨ ਲੜਕੀਆਂ ਨੂੰ ਪ੍ਰੇਸ਼ਾਨ ਕਰ ਲੱਗੇ ਤਾਂ ਉਨ੍ਹਾਂ ਨੇ ਨੌਜਵਾਨਾਂ ਨੂੰ ਮਾਲ ਵਿਚੋਂ ਬਾਹਰ ਕੱਢ ਦਿੱਤਾ।ਇਸ ਤੋਂ ਕਰੀਬ ਕੁੱਝ ਸਮੇਂ ਬਾਅਦ ਹੀ ਤਿੰਨ ਦਰਜਨ ਨੌਜਵਾਨ ਡਾਂਗਾਂ, ਸੋਟੀਆਂ, ਬੇਸਵਾਲ, ਬੈਟ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ  ਮਾਲ ਵਿਚ ਦਾਖਲ ਹੋਏ ਅਤੇ ਆਉਂਦਿਆਂ ਹੀ ਉਨ੍ਹਾਂ ਉਪਰ ਹਮਲਾ ਕਰ ਦਿੱਤਾ।ਛੁਡਾਉਣ ਲਈ ਅੱਗੇ ਆਏ ਦੂਜੇ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਨਾ ਬਖਸ਼ਿਆ ਗਿਆ।ਮਾਲ ਵਿਚ ਨੌਜਵਾਨਾਂ ਵੱਲੋਂ ਭੰਨਤੋੜ ਕਰਕੇ ਨੁਕਸਾਨ ਵੀ ਪਹੁੰਚਾਇਆ ਗਿਆ।ਕਰੀਬ ਵੀਹ ਮਿੰਟ ਤੱਕ ਨੌਜਵਾਨਾਂ ਵਲੋਂ ਮਾਲ ਵਿਚ ਗੁੰਡਾਗਰਦੀ ਕੀਤੀ ਗਈ ਜਿਸ ਕਾਰਨ ਮਾਲ ਵਿਚ ਮੌਜੂਦ ਲੋਕਾਂ ਨੂੰ ਵੀ ਪਰਿਵਾਰਾਂ ਸਮੇਤ  ਹਮਲਾਵਰਾਂ ਤੋਂ ਬਚਣ ਲਈ ਇਧਰ ਉਧਰ ਭੱਜਣਾ ਪਿਆ। ਉਨ੍ਹਾਂ ਦੱਸਿਆ ਕਿ ਮਾਲ ਦੇ ਮੈਨੇਜ਼ਰ ਵਲੋਂ ਪੁਲੀਸ ਨੂੰ ਸੂਚਨਾ ਦਿੱਤੀ ਗਈ ਪਰ ਪੁਲੀਸ ਆਉਣ ਤੋਂ ਪਹਿਲਾਂ ਹੀ ਹਮਲਾਵਰ ਫ਼ਰਾਰ ਹੋ ਚੁੱਕੇ ਸਨ। ਇਸ ਸਬੰਧ ਵਿਚ ਥਾਣਾ ਸਦਰ ਪੁਲੀਸ ਦੇ ਮੁਖੀ ਸੁਖਦੀਪ ਸਿੰਘ ਨੇ ਦੱਸਿਆ ਕਿ ਨਰਿੰਦਰ ਸਿੰਘ, ਅਮਰਜੋਤ ਸਿੰਘ, ਹਰਮਨਪ੍ਰੀਤ ਸਿੰਘ, ਲਖਵੀਰ ਸਿੰਘ, ਹਰਿੰਦਰ ਸਿੰਘ, ਮਨਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਖਦੀਪ ਸਿੰਘ ਵਾਸੀ ਜ਼ਿਲ੍ਹਾ ਰੋਪੜ, ਜੋਤੀ ਮਸਾਮਾਜਰਾ, ਰਾਜਵੀਰ ਸਿੰਘ, ਚੀਮਾ ਵਾਸੀ ਬਜਰੈਹੜ ਸਮੇਤ 15-20 ਨਾਮਾਲੂਮ ਨੌਜਵਾਨਾਂ ਦੇ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਮੁਖੀ ਅਨੁਸਾਰ ਹਮਲਾਵਰ ਧਿਰ ਨਾਲ ਸਬੰਧਤ ਦੋ ਨੌਜਵਾਨ ਵੀ ਹਸਪਤਾਲ ਦਾਖਲ ਹਨ ਜਿਨ੍ਹਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

WRITTEN BY