ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਥਾਣਾ ਕੱਥੂਨੰਗਲ ਦੇ ਅਧੀਨ ਆਉਂਦੇ ਪਿੰਡ ਮਾਂਗਾ ਸਰਾਏ ਦੇ ਕਿਸਾਨ ਬਲਵਿੰਦਰ ਸਿੰਘ ਨੇ ਆਪਣੀ ਪਤਨੀ ਤੇ ਧੀ ਦਾ ਕੱਪੜੇ ਧੋਣ ਵਾਲੀ ਥਾਪੀ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਕਤਲ ਕਰਨ ਦੀ ਵਜ੍ਹਾ ਇਹ ਸੀ ਕਿ ਜਿਸ ਲੜਕੇ ਨਾਲ ਉਸ ਨੇ ਆਪਣੀ ਧੀ ਦਾ ਰਿਸ਼ਤਾ ਤੈਅ ਕੀਤਾ ਸੀ, ਉਹ ਉਸ ਦੀ ਪਤਨੀ ਤੇ ਧੀ ਨੂੰ ਮਨਜ਼ੂਰ ਨਹੀਂ ਸੀ।ਬਲਵਿੰਦਰ ਸਿੰਘ ਨੇ ਕੁਝ ਮਹੀਨੇ ਪਹਿਲਾਂ ਆਪਣੀ ਧੀ ਅਮਨਦੀਪ ਕੌਰ ਦਾ ਰਿਸ਼ਤਾ ਇਟਲੀ ਵਿੱਚ ਰਹਿਣ ਵਾਲੇ ਨੌਜਵਾਨ ਨਾਲ ਕੀਤਾ ਸੀ।ਦੋਹਾਂ ਦੀ ਮੰਗਣੀ ਵੀ ਹੋ ਚੁੱਕੀ ਸੀ।ਬਲਵਿੰਦਰ ਦੀ ਪਤਨੀ ਹਰਜਿੰਦਰ ਤੇ ਉਸ ਦੇ ਕੁਝ ਰਿਸ਼ਤੇਦਾਰਾਂ ਨੂੰ ਇਹ ਰਿਸ਼ਤਾ ਇਸ ਲਈ ਮਨਜ਼ੂਰ ਨਹੀਂ ਸੀ ਕਿਉਂਕਿ ਲੜਕੇ ਦੀ ਉਮਰ ਲੜਕੀ ਨਾਲੋਂ ਵੱਧ ਸੀ।ਇਸੇ ਦੇ ਚੱਲਦਿਆਂ ਬਲਵਿੰਦਰ ਪਤਨੀ ਹਰਜਿੰਦਰ ਕੱਲ੍ਹ ਰਿਸ਼ਤਾ ਕਰਵਾਉਣ ਵਾਲੇ ਵਿਚੋਲੇ ਨੂੰ ਵਿਆਹ ਨਾ ਕਰਨ ਦੀ ਗੱਲ ਕਹਿ ਆਈ ਸੀ।ਜਦੋਂ ਇਸ ਗੱਲ ਦਾ ਬਲਵਿੰਦਰ ਨੂੰ ਪਤਾ ਲੱਗਾ ਤਾਂ ਉਸ ਨੇ ਇਸ ਵਿੱਚ ਆਪਣੀ ਬੇਇਜ਼ਤੀ ਮਹਿਸੂਸ ਕੀਤੀ। ਉਸ ਕੋਲੋਂ ਇਹ ਗੱਲ ਸਹਾਰੀ ਨਾ ਗਈ। ਰਾਤ ਵੇਲੇ ਬਲਵਿੰਦਰ ਨੇ ਦੋਹਾਂ ਨੂੰ ਥਾਪੀ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਸ ਨੇ ਸਵੇਰ ਵੇਲੇ ਆਪਣੇ ਰਿਸ਼ਤੇਦਾਰਾਂ ਨੂੰ ਇਸ ਗੱਲ ਬਾਰੇ ਖੁਦ ਜਾਣਕਾਰੀ ਦਿੱਤੀ।



