ਦੇਸ਼ ਦੀ ਸਭ ਤੋਂ ਲੰਬੀ ਸੁਰੰਗ ਦਾ ਉਧਮਪੁਰ ਵਿਖੇ ਉਦਘਾਟਨ
ਉਧਮਪੁਰ (ਜੰਮੂ-ਕਸ਼ਮੀਰ), 2 ਅਪ੍ਰੈਲ (ਬਲਜੀਤ ਸਿੰਘ ਬਰਾੜ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇੱਥੇ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇਅ ’ਤੇ ਬਣੀ ਦੇਸ਼ ਦੀ ਸਭ ਤੋਂ ਲੰਬੀ ਸੁਰੰਘ ਦਾ ਉਦਘਾਟਨ ਕੀਤਾ। ਇਹ ਸੁਰੰਘ ਕਸ਼ਮੀਰ ਘਾਟੀ ਨੂੰ ਹਰ ਮੌਸਮ ’ਚ ਜੰਮੂ ਖੇਤਰ ਨਾਲ ਜੋੜੀ ਰੱਖੇਗੀ। ਇਸ ਨਾਲ ਜੰਮੂ ਅਤੇ ਸ੍ਰੀਨਗਰ ’ਚ 31 ਕਿੱਲੋਮੀਟਰ ਦੀ ਦੂਰੀ ਘਟ ਗਈ ਹੈ। ਉਦਘਾਟਨ ਮੌਕੇ ਉਧਮਪੁਰ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਚੇਨਾਨੀ-ਨਾਸ਼ਰੀ ਸੁਰੰਗ ਜੰਮੂ-ਕਸ਼ਮੀਰ ਦੇ ਵਿਕਾਸ ਲਈ ਇੱਕ ਵੱਡੀ ਛਲਾਂਗ ਹੈ। ਉਨ੍ਹਾਂ ਕਿਹਾ ਕਿ ਇਸ ਸੁਰੰਗ ਨੂੰ ਕੌਮਾਂਤਰੀ ਮਿਆਰ ਮੁਤਾਬਿਕ ਉਸਾਰਿਆ ਗਿਆ ਹੈ ਅਤੇ ਇਸ ਵਿੱਚ ਨਿਰਮਾਣ ਦੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਇਸ ਅਹਿਮ ਪ੍ਰੋਜੈਕਟ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਣ ’ਤੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸੁਰੰਗ ਕਸ਼ਮੀਰ ਘਾਟੀ ਦੀ ਕਿਸਮਤ ਰੇਖਾ ਦੀ ਤਰ੍ਹਾਂ ਹੈ। ਇਸ ਨੂੰ ਪੂਰਾ ਕਰਨ ਵਿੱਚ ਕਸ਼ਮੀਰ ਦੇ ਨੌਜਵਾਨਾਂ ਨੇ ਬਹੁਤ ਮਿਹਨਤ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਸਾਹਮਣੇ ਦੋ ਹੀ ਰਸਤੇ ਹਨ। ਇੱਕ ਟੂਰਿਜ਼ਮ ਹੈ ਅਤੇ ਦੂਜਾ ਟੈਰਾਰਿਜ਼ਮ। ਉਨ੍ਹਾਂ ਕਿਹਾ ਕਿ ਹੁਣ ਕਸ਼ਮੀਰ ਘਾਟੀ ਦੇ ਕਿਸਾਨਾਂ ਨੂੰ ਕੋਈ ਘਾਟਾ ਨਹੀਂ ਪਵੇਗਾ।
ਪ੍ਰਧਾਨ ਮਤੰਰੀ ਨੇ ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਰਾਜਪਾਲ ਸ੍ਰੀ ਐਨਐਨ ਵੋਹਰਾ ਅਤੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਹਾਜ਼ਰੀ ’ਚ ਇਸ 9 ਕਿੱਲੋਮੀਟਰ ਲੰਬੀ ਸੁਰੰਗ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਦੇ ਨਿਰਮਾਣ ਉੱਪਰ ਕੁੱਲ 3720 ਕਰੋੜ ਰੁਪਏ ਲਾਗਤ ਆਈ ਹੈ।
ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਾਜਪਾਲ ਅਤੇ ਮੁੱਖ ਮੰਤਰੀ ਦੇ ਨਾਲ ਇੱਕ ਖੁੱਲ੍ਹੀ ਜੀਪ ਵਿੱਚ ਸੁਰੰਗ ਅੰਦਰ ਕੁਝ ਦੂਰੀ ਤੱਕ ਯਾਤਰਾ ਵੀ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਸੁਰੰਗ ਦੇ ਨਿਰਮਾਣ ਵਿੱਚ ਸ਼ਾਮਿਲ ਇੰਜੀਨੀਅਰਾਂ ਅਤੇ ਵਰਕਰਾਂ ਨਾਲ ਫੋਟੋਆਂ ਵੀ ਖਿਚਵਾਈਆਂ। ਬਰਫਾਂ ਨਾਲ ਟੰਗੇ ਪਰਬਤਾਂ ਦੇ ਹੇਠੋਂ ਲੰਘਦੀ ਇਸ ਸੁਰੰਗ ਨਾਲ ਯਾਤਰਾ ਦਾ ਸਮਾਂ ਵੀ ਢਾਈ ਘੰਟੇ ਘੱਟ ਹੋ ਜਾਵੇਗਾ।
ਜੰਮੂ ਅਤੇ ਉਦਮਪੁਰ ਤੋਂ ਰਾਮਬਨ, ਬਨਿਹਾਲ ਅਤੇ ਸ੍ਰੀਨਗਰ ਜਾਣ ਵਾਲੇ ਯਾਤਰੀ ਹੁਣ ਸਾਰੇ ਮੌਸਮਾਂ ਵਿੱਚ ਸੁਰੱਖਿਅਤ ਯਾਤਰਾ ਕਰ ਸਕਣਗੇ। ਪ੍ਰਧਾਨ ਮੰਤਰੀ ਦਫਤਰ ਦੇ ਮੁਤਾਬਿਕ ਇਸ ਸੁਰੰਗ ਦੇ ਚਾਲੂ ਹੋ ਜਾਣ ਕਾਰਨ ਰੋਜ਼ਾਨਾ ਤਕਰੀਬਨ 27 ਲੱਖ ਰੁਪਏ ਦਾ ਤੇਲ ਬਚਣ ਦੀ ਉਮੀਦ ਹੈ। ਇਹ ਸੁਰੰਗ ਵਿਸ਼ਵ ਪੱਧਰੀ ਸੁਰੱਖਿਆ ਪ੍ਰਣਾਲੀ ਨਾਲ ਲੈਸ ਹੈ। ਇਸ ਨਾਲ ਜੰਮੂ-ਕਸ਼ਮੀਰ ’ਚ ਟੂਰਿਜ਼ਮ ਉਦਯੋਗ ਵਿੱਚ ਵਾਧਾ ਹੋਣ ਦੀ ਉਮੀਦ ਹੈ।
ਚੇਨਾਨੀ-ਨਾਸ਼ਰੀ ਸੁਰੰਗ ਕਸ਼ਮੀਰ ਦੇ ਵਿਕਾਸ ਲਈ ਇੱਕ ਛਲਾਂਗ : ਮੋਦੀ



