ਪੰਜਾਬ ’ਚ ਭਾਰੀ ਨਿਵੇਸ਼ ਲਈ ਦਿਲਚਸਪੀ ਵਿਖਾਈ
ਚੰਡੀਗੜ੍ਹ/ਨਵੀਂ ਦਿੱਲੀ, 30 ਮਾਰਚ- ਜਪਾਨ ਦੇ ਰਾਜਦੂਤ ਅਤੇ ਮਿਤਸੂਬਿਸ਼ੀ ਦੇ ਪ੍ਰਬੰਧਕੀ ਡਾੲਰੈਕਟਰ ਅਧਾਰਿਤ ਇੱਕ ਉੱਚ ਪੱਧਰੀ ਜਪਾਨੀ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਨਿਵੇਸ਼ ਅਤੇ ਵਿਕਾਸ ਦੇ ਕੁੰਜੀਵੱਤ ਖੇਤਰਾਂ ਵਿੱਚ ਭਾਈਵਾਲੀ ਲਈ ਦਿਲਚਸਪੀ ਵਿਖਾਈ। ਉਨ੍ਹਾਂ ਨੇ ਇਸ ਦੌਰਾਨ ਨਿਵੇਸ਼ ਅਤੇ ਆਪਸੀ ਸਹਿਯੋਗ ਦੇ ਸੰਭਾਵੀ ਖੇਤਰਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ। ਕੈਪਟਨ ਅਮਰਿੰਦਰ ਸਿੰਘ ਅਤੇ ਜਪਾਨ ਦੇ ਰਾਜਦੂਤ ਸ੍ਰੀ ਕੇਂਜੀ ਹਿਰਾਮਤਸੂ, ਮਿਤਸੂਬਿਸ਼ੀ ਹੈਵੀ ਇੰਡਸਟਰੀਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਕਜ਼ੂਨੋਰੀ ਕੋਨਿਸ਼ੀ ਵਿਚਕਾਰ ਹੋਈ ਮੀਟਿੰਗ ਨੂੰ ਦੋਵਾਂ ਧਿਰਾਂ ਨੇ ਮੁਢਲੀ ਮੀਟਿੰਗ ਦੱਸਿਆ ਪਰ ਇਸ ਮੀਟਿੰਗ ਨੇ ਦੋਵਾਂ ਵਿਚਕਾਰ ਅੱਗੇ ਹੋਰ ਵਿਚਾਰ ਵਟਾਂਦਰੇ ਲਈ ਰਾਹ ਪੱਧਰਾ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਸੱਤਾ ਸੰਭਾਲਣ ਤੋਂ ਕੁਝ ਹੀ ਦਿਨਾਂ ’ਚ ਹੋਏ ਇਸ ਵਿਚਾਰ ਵਟਾਂਦਰੇ ਦੌਰਾਨ ਵੱਖ-ਵੱਖ ਖੇਤਰਾਂ ਅਤੇ ਵਿਸ਼ਿਆਂ ’ਤੇ ਗਹਿਣ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਦੋਵੇਂ ਧਿਰਾਂ ਆਪਸੀ ਭਾਈਵਾਲੀ ਦੀ ਰੂਪ ਰੇਖਾ ਤਿਆਰ ਕਰਨ ਵਾਸਤੇ ਅੱਗੇ ਹੋਰ ਗੱਲਬਾਤ ਕਰਨ ਲਈ ਸਹਿਮਤ ਹੋਈਆਂ। ਮੀਟਿੰਗ ਤੋਂ ਬਾਅਦ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਿਤਸੂਬਿਸ਼ੀ ਨੇ ਨਿਵੇਸ਼ ਦੇ ਬਹੁਤ ਸਾਰੇ ਮਹੱਤਵਪੂਰਨ ਖੇਤਰਾਂ ਬਾਰੇ ਮੁੱਖ ਮੰਤਰੀ ਕੋਲ ਆਪਣੀ ਪੇਸ਼ਕਾਰੀ ਕੀਤੀ ਜਿਨ੍ਹਾਂ ਵਿੱਚ ਬਿਜਲੀ, ਸਮਾਰਟ ਸਿਟੀਜ਼, (ਆਟੋਮੇਟਿਡ ਗਾਈਡਵੇਅ ਟਰਾਂਜ਼ਿਟ), ਸਨਅਤੀ ਪਾਰਕ ਅਤੇ ਕੈਪਟਿਵ ਪਾਵਰ ਪਲਾਂਟ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਦੌਰਾਨ ਮੌਜੂਦਾ ਪ੍ਰੋਜੈਕਟਾਂ ਨੂੰ ਹੋਰ ਵਧੀਆ ਤੇ ਮਜ਼ਬੂਤ ਬਨਾਉਣ ਲਈ ਵੀ ਮਿਤਸੂਬਿਸ਼ੀ ਨੇ ਆਪਣਾ ਪੱਖ ਪੇਸ਼ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਦੇ ਵਾਸਤੇ ਸੜਕਾਂ ਅਤੇ ਹਾਈਵੇਜ਼ ਦੇ ਵਿਕਾਸ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਖੇਤੀਬਾੜੀ ਅਤੇ ਬਾਗਬਾਨੀ ਦੇ ਇੱਕ ਹੋਰ ਮਹੱਤਵਪੂਰਨ ਖੇਤਰ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਦੋਵੇਂ ਧਿਰਾਂ ਨੇ ਖੇਤੀਬਾੜੀ ਦੇ ਖੇਤਰ ਵਿੱਚ ਸਹਿਯੋਗ ਕਰਨ ਲਈ ਨਵੀਂਆਂ ਸੰਭਾਵਨਾਵਾਂ ਦਾ ਪਤਾ ਲਾਉਣ ਦਾ ਵੀ ਫੈਸਲਾ ਕੀਤਾ। ਮੁੱਖ ਮੰਤਰੀ ਨੇ ਜਪਾਨੀ ਮਾਹਿਰਾਂ ਨੂੰ ਪੰਜਾਬ ਖਾਸ ਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਉਣ ਦਾ ਸੱਦਾ ਦਿੱਤਾ ਤਾਂ ਜੋ ਉਹ ਖੇਤੀਬਾੜੀ ਸਹਿਯੋਗ ਬਾਰੇ ਸੰਭਾਵਨਾਵਾਂ ਦਾ ਜਾਇਜਾ ਲੈ ਸਕਣ। ਕੈਪਟਨ ਅਮਰਿੰਦਰ ਸਿੰਘ ਨੇ ਕੋਲਡ ਚੇਨ ਨੂੰ ਮੁੜ ਸੁਰਜੀਤ ਕਰਨ ਦਾ ਸੁਝਾਅ ਦਿੱਤਾ ਤਾਂ ਪੰਜਾਬ ਤੋਂ ਜਪਾਨ ਤੇ ਹੋਰਨਾਂ ਦੇਸ਼ਾਂ ਨੂੰ ਖੇਤੀਬਾੜੀ ਵਸਤਾਂ ਦੀ ਬਰਾਮਦ ਕੀਤੀ ਜਾ ਸਕੇ। ਮਿਤਸੂਬਿਸ਼ੀ ਨੇ ਕਚਰੇ ਤੋਂ ਬਿਜਲੀ ਉਤਪਾਦਨ ਦੀ ਵਿਲੱਖਣ ਤਕਨਾਲੋਜੀ ਵੀ ਪੰਜਾਬ ਨੂੰ ਦੇਣ ਦੀ ਪੇਸ਼ਕਸ਼ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਆਧੁਨਿਕੀਕਰਨ ਲਈ ਵਚਨਬੱਧ ਹਨ ਅਤੇ ਇਸ ਕਾਰਜ ਲਈ ਜਪਾਨ ਮਹੱਤਵਪੂਰਨ ਭਾਈਵਾਲ ਹੋ ਸਕਦਾ ਹੈ।
ਜਾਪਾਨ ਦੇ ਰਾਜਦੂਤ ਤੇ ਮਿਤਸੂਬਿਸ਼ੀ ਦੇ ਐਮ.ਡੀ. ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ



