ਖੰਨਾ, 29 ਮਾਰਚ (ਕੇ.ਐਲ. ਸਹਿਗਲ)- ਸਹਾਇਕ ਕਮਿਸ਼ਨਰ (ਸ਼ਿਕਾਇਤਾਂ ਅਤੇ ਜਨਰਲ) ਸ੍ਰੀਮਤੀ ਸਵਾਤੀ ਟਿਵਾਣਾ ਨੇ ਫੈਕਟਰੀ ਮਾਲਕਾਂ ਅਤੇ ਸੰਬੰਧਤ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਬਾਲ ਮਜ਼ਦੂਰੀ ਸੰਬੰਧੀ ਸਰਕਾਰ ਦੀਆਂ ਹਦਾਇਤਾਂ ਅਤੇ ਇਸ ਸੰਬੰਧੀ ਬਣਾਏ ਐਕਟ ਦੀ ਪਾਲਣਾ ਕਰਨੀ ਯਕੀਨੀ ਬਣਾਉਣ। ਅੱਜ ਸਥਾਨਕ ਬਚਤ ਭਵਨ ਵਿਖੇ ਬਾਲ ਮਜ਼ਦੂਰੀ ਸੰਬੰਧੀ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ/ਕਰਮਚਾਰੀਆਂ ਅਤੇ ਪ੍ਰਾਈਵੇਟ ਫੈਕਟਰੀਆਂ ਦੇ ਨੁਮਾਇੰਦਿਆਂ ਨੂੰ ਬਾਲ ਮਜ਼ਦੂਰੀ ਰੋਕਣ ਸੰਬੰਧੀ ਸਰਕਾਰੀ ਹਦਾਇਤਾਂ ਅਤੇ ਐਕਟ ਬਾਰੇ ਜਾਣੂ ਕਰਾਇਆ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਟਿਵਾਣਾ ਨੇ ਕਿਹਾ ਕਿ ਸਾਨੂੰ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਕਿ ਅਸੀਂ ਬਾਲਾਂ (ਬੱਚਿਆਂ) ਦੇ ਬਚਪਨ ਨਾਲ ਖ਼ਿਲਵਾੜ ਕਰੀਏ। ਜੇਕਰ ਕੋਈ ਮਾਪਾ (ਬੱਚੇ ਦੇ ਮਾਤਾ ਪਿਤਾ) ਵੀ ਆਪਣੇ ਬੱਚੇ ਨੂੰ ਬਾਲ ਮਜ਼ਦੂਰੀ ਕਰਨ ਲਈ ਮਜ਼ਬੂਰ ਕਰਦੇ ਹਨ ਤਾਂ ਉਹ ਵੀ ਬਰਾਬਰ ਦੇ ਦੋਸ਼ੀ ਮੰਨੇ ਜਾਣਗੇ। ਸੈਮੀਨਾਰ ਦੌਰਾਨ ਅਲੱਗ-ਅਲੱਗ ਵਿਭਾਗਾਂ ਜਿਵੇਂ ਕਿ ਕਿਰਤ ਵਿਭਾਗ, ਸਿਹਤ ਵਿਭਾਗ, ਸਿੱਖਿਆ ਵਿਭਾਗ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਬਾਲ ਮਜ਼ਦੂਰੀ ਸੰਬੰਧੀ ਪੇਸ਼ਕਾਰੀਆਂ ਦਿੱਤੀਆਂ ਗਈਆਂ ਅਤੇ ਸੰਬੰਧਤ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰੁਪਿੰਦਰ ਕੌਰ, ਸ੍ਰ. ਨਰਿੰਦਰ ਸਿੰਘ ਡਿਪਟੀ ਡਾਇਰੈਕਟਰ (ਫੈਕਟਰੀਜ਼), ਸ੍ਰੀ ਰਾਜੀਵ ਸੂਦ ਤੇ ਸ੍ਰ. ਪ੍ਰਿਤਪਾਲ ਸਿੰਘ (ਦੋਵੇਂ ਮੈਂਬਰ ਜ਼ਿਲ੍ਹਾ ਬਾਲ ਭਲਾਈ ਕਮੇਟੀ) ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।
ਬਾਲਾਂ ਦੇ ਬਚਪਨ ਨਾਲ ਖ਼ਿਲਵਾੜ ਦਾ ਅਧਿਕਾਰ ਕਿਸੇ ਨੂੰ ਨਹੀਂ : ਸਹਾਇਕ ਕਮਿਸ਼ਨਰ



