ਅੰਮ੍ਰਿਤਸਰ, 24 ਅਗਸਤ (ਨਰਿੰਦਰ ਪਾਲ ਸਿੰਘ)-ਦੇਸ਼ ਵਿਚ ਵਿਦਿਅਕ, ਸਮਾਜਿਕ, ਆਰਥਿਕ ਅਤੇ ਰਾਜਸੀ ਤੌਰ ‘ਤੇ ਸਭ ਲਈ ਬਰਾਬਰੀ ਦੇ ਮੌਕੇ ਮੁਹਈਆ ਕਰਾਉਣ ਅਤੇ ਘੱਟ ਗਿਣਤੀਆਂ ਨਾਲ ਹੋ ਰਹੇ ਵਿਤਕਰਿਆਂ ਖਿਲਾਫ ਜਦੋ ਜਹਿਦ ਕਰਨ ਦੇ ਵਿਸ਼ੇ ‘ਤੇ ਯੂਨਾਈਟਿਡ ਸਿੱਖ ਮੂਵਮੈਂਟ ਅਤੇ ਇਨਸਾਫ ਲਹਿਰ ਦੇ ਸਹਿਯੋਗ ਨਾਲ ਕਰਵਾਈ ਗਈ ਕਨਵੈਨਸ਼ਨ ਵਿਚ ਬੁਲਾਰਿਆਂ ਨੇ ਦੇਸ਼ ਵਿਚ ਦੂਸਰੀ ਆਜ਼ਾਦੀ ਦੀ ਜੰਗ ਲੜੇ ਜਾਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਸਥਾਨਕ ਗੁਰੂ ਨਾਨਕ ਭਵਨ ਦੇ ਖਚਾਖੱਚ ਭਰੇ ਹਾਲ ਵਿਚ ਵੱਖ-ਵੱਖ ਰਾਜਸੀ ਧਾਰਮਿਕ ਤੇ ਫਿਰਕਿਆਂ ਦੇ ਆਗੂਆਂ ਤੇ ਲੋਕਾਂ ਨੇ ਸ਼ਮੂਲ਼ੀਅਤ ਕੀਤੀ।

ਇਸ ਵਿਸ਼ਾਲ ਕਨਵੈਨਸ਼ਨ ਵਿਚ ਜਨਤਾ ਦਲ ਯੂਨਾਈਟਿਡ ਦੇ ਕੌਮੀ ਜਨਰਲ ਸਕੱਤਰ ਸ੍ਰੀ ਅਰੁਣ ਸ੍ਰੀਵਾਸਤਵ ,ਬਾਬਾ ਸੂਰਤ ਸਿੰਘ ਖਾਲਸਾ, ਜਨਾਬ ਹਾਮਿਦ ਮਸੀਹ, ਡਾ:ਅਨਵਰ ਅਹਿਮਦੀ, ਸ੍ਰ ਸਰਵਣ ਸਿੰਘ ਫਰੀਦਕੋਟ, ਜਤਿੰਦਰ ਸਿੰਘ ਅਖਨੂਰ (ਪੀ.ਪੀ.ਪੀ.)ਇਨਸਾਫ ਲਹਿਰ ਦੇ ਆਹੂਜਾ, ਸਤਨਾਮ ਸਿੰਘ ਮਨਾਵਾ, ਗੁਰਨਾਮ ਸਿੰਘ ਚੰਡੀਗੜ੍ਹ ,ਭਾਈ ਮੋਹਕਮ ਸਿੰਘ,ਬਲਵਿੰਦਰ ਸਿੰਘ ਝਬਾਲ ,ਸ੍ਰ ਗੁਰਿੰਦਰ ਸਿੰਘ ਸ਼ਾਮਪੁਰਾ,ਸ੍ਰ ਗੁਰਦੀਪ ਸਿੰਘ ਬਠਿੰਡਾ,ਬਲਵੰਤ ਸਿੰਘ ਗੋਪਾਲਾ ਨੇ ਸੰਬੋਧਨ ਕੀਤਾ।ਜਨਾਬ ਹਾਮਿਦ ਮਸੀਹ ਨੇ ਇੰਕਸ਼ਾਫ ਕੀਤਾ ਕਿ ਦੇਸ਼ ਵਿਚ ਘੱਟ ਗਿਣਤੀਆਂ ਨਾਲ ਵਿਤਕਰਾ ਹੋ ਰਿਹਾ ਹੈ ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀ ਹੈ ਲੇਕਿਨ ਪੰਜਾਬ ਵਿਚ ਤਾਂ ਘੱਟ ਗਿਣਤੀਆਂ ਦੀ ਸੁਣਵਾਈ ਲਈ ਕੋਈ ਵੱਖਰਾ ਵਿਭਾਗ ਹੀ ਨਿਸਚਿਤ ਨਹੀ ਹੈ ।ਆਪਣੇ ਭਾਸ਼ਣ ਦੀ ਸ਼ੁਰੂਆਤ ਕੁਰਾਨ ਸ਼ਰੀਫ ਦੀ ਤਲਾਵਤ ਤੇ ਗੁਰੂ ਫਤਿਹ ਨਾਲ ਕਰਨ ਵਾਲੇ ਡਾ:ਅਨਵਰ ਅਹਿਮਦੀ ਨੇ ਕਿਹਾ ਕਿ ਦੇਸ਼ ਦੀ ਅਜਾਦੀ ਦਾ ਦਿਵਸ ਹੁਣ ਅਖਬਾਰਾਂ ਵਿਚ ਇਸ਼ਿਤਿਹਾਰ ਛਪਵਾਕੇ ,ਗਰੀਬਾਂ ਦੀ ਬੇਹਤਰੀ ਲਈ ਸਿਰਫ ਬਿਆਨ ਦੇਕੇ ਮਨਾਇਆ ਜਾਂਦਾ ਹੈ ਜਦਕਿ ਗਰੀਬ ਉਥੇ ਹੀ ਖੜੇ ਹਨ ।ਸਰਵਣ ਸਿੰਘ ਫਰੀਦ ਕੋਟ ਨੇ ਕਿਹਾ ਕਿ ਦੇਸ਼ ਵਿਚ ਅਜੇ ਵੀ 78 ਐਸੀਆਂ ਜਾਤੀਆਂ ਹਨ ਜੋ ਰਾਤੋ ਰਾਤ ਆਪਣਾ ਟਿਕਾਣਾ ਬਦਲਕੇ ਰੋਜੀ ਰੋਟੀ ਕਮਾਉਂਦੀਆਂ ਹਨ ਲੇਕਿਨ ਸਰਕਾਰਾਂ ਦੇ ਲੱਖਾਂ ਐਲਾਨਾਂ ਦੇ ਬਾਵਜੂਦ ਉਨ੍ਹਾਂ ਨੂੰ ਕਿਸੇ ਮਰਦਮ ਸ਼ੁਮਾਰੀ ਵਿਚ ਸ਼ਾਮਿਲ ਨਹੀ ਕੀਤਾ ਗਿਆ ਤੇ ਅਜੇਹੀਆਂ ਜਾਤੀਆਂ ਦੀ ਗਿਣਤੀ 15 ਕਰੋੜ ਹੈ । ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸਸਕਾਰ ਕਰਨ ਵਾਲੇ ਭਾਈ ਲੱਖੀ ਸ਼ਾਹ ਵਣਜਾਰਾ ਦੇ ਜਾਤੀ ਭਰਾਵਾਂ ਨੂੰ ਦਿੱਲੀ ਕਮੇਟੀ ਹੀ ਲੱਖੀ ਸ਼ਾਹ ਵਣਜਾਰਾ ਹਾਲ ਨੇੜੇ ਨਹੀ ਫਟਕਣ ਦਿੰਦੀ ਤੇ ਇਹੀ ਹਾਲਤ ਸਿੱਖ ਸਿਕਲੀਗਰਾਂ ਦੀ ਹੈ ।ਜਤਿੰਦਰ ਸਿੰਘ ਅਖਨੂਰ ਨੇ ਕਿਹਾ ਕਿ ਦੇਸ਼ ਦੀ ਸੱਤਾ ਤੇ ਤਾਕਤਵਰ ਹੀ ਕਾਬਜ ਹੁੰਦੇ ਹਨ ਤੇ ਘੱਟ ਗਿਣਤੀ ਪਾਰਟੀਆਂ ਤੇ ਲੋਕਾਂ ਦੇ ਦਿਨ ਜੇਲਾਂ ਜਾਂ ਅਦਾਲਤਾਂ ਵਿਚ ਹੀ ਬੀਤਦੇ ਹਨ ਇਹ ਇਸ ਦੇਸ਼ ਦੀ ਸਚਾਈ ਹੈ ।ਗੁਜਰਾਤ ਵਿਚ ਸਿੱਖ ਕਿਸਾਨਾਂ ਨਾਲ ਹੋ ਰਹੇ ਵਿਤਕਰੇ ਦੀ ਗਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਤਾਕਤਵਰ ਦੀ ਗਰਦਨ ਨੂੰ ਹੱਥ ਪੈ ਜਾਵੇ ਤਾਂ ਦੇਸ਼ ਦੀ ਪਾਰਲੀਮੈਂਟ ਰਾਤੋ ਰਾਤ ਕਾਨੂੰਨ ਤੀਕ ਬਦਲ ਦਿੰਦੀ ਹੈ ਹੁਣ ਸਿੱਖਾਂ ਵਾਰੀ ਉਹ ਪਾਰਲੀਮੈਂਟ ਕਿਥੇ ਹੈ । ਆਪਣੇ ਜੋਸ਼ੀਲੇ ਭਾਸ਼ਣ ਵਿਚ ਗੁਰਿੰਦਰ ਸਿੰਘ ਸ਼ਾਮਪੁਰਾ ਨੇ ਕਿਹਾ ਕਿ ਦੇਸ਼ ਦੀ ਅਜਾਦੀ ਦਾ ਸੁਖ ਤਾਂ ਕੁਝ ਗਿਣੇ ਚੁਣੇ ਲੋਕਾਂ ਤੇ ਪ੍ਰੀਵਾਰਾਂ ਨੇ ਮਾਣਿਆ ਹੈ । ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਜਾਂ ਨਹਿਰੂ ਨੇ ਵੱਟਿਆ ਹੈ ਜਾਂ ਪਰਕਾਸ਼ ਸਿੰਘ ਬਾਦਲ ਨੇ । ਉਨ੍ਹਾ ਤਨਜ ਕੀਤਾ ਕਿ ਜੇਕਰ ਸ੍ਰ ਪਰਕਾਸ਼ ਸਿੰਘ ਬਾਦਲ ਤੇ ਭਾਜਪਾ ਦਾ ਪਤੀ ਪਤਨੀ ਦਾ ਰਿਸ਼ਤਾ ਹੈ ਤਾਂ ਨਰਿੰਦਰ ਮੋਦੀ,ਬਾਦਲ ਦੇ ਪਤੀ ਹਨ ਜਾਂ ਪਤਨੀ ।ਮੂਵਮੈਂਟ ਦੇ ਸਤਨਾਮ ਸਿੰਘ ਮਨਾਵਾਂ ਨੇ ਜੈਕਾਰਿਆਂ ਦੀ ਗੂੰਝ ਵਿਚ ਮਤੇ ਪੜ੍ਹੇ ਜਿਨ੍ਹਾਂ ਨੂੰ ਪ੍ਰਵਨਾਗੀ ਵੀ ਮਿਲੀ ।ਪੇਸ਼ ਕਤੇ ਮਤਿਆ ਵਿਚ ਜਨਤਾ ਦਲ ਯੂਨਾਈਟਡ ਦੇ ਕੌਮੀ ਪ੍ਰਧਾਨ ਸ੍ਰ ਸ਼ਰਦ ਯਾਦਵ ਦੁਆਰਾ ਨਰਿੰਦਰ ਮੋਦੀ ਨੂੰ ਭਾਜਪਾ ਵਲੋਂ ਅੁਭਾਰੇ ਜਾਣ ਦੇ ਖਿਲਾਫ ਐਨ.ਡੀ.ਏ. ਤੋਂ ਅਸਤੀਫਾ ਦੇਣ ਤੇ ਮੋਦੀ ਦਾ ਦਾਗੀ ਚਿਹਰਾ ਬੇਨਕਾਬ ਕਰਨ ਲਈ ਧਨਵਾਦ ਕਰਦਿਆਂ ਵਧਾਈ ਦਿੱਤੀ ਗਈ ।ਦੂਸਰੇ ਮਤੇ ਰਾਹੀ ਦੇਸ਼ ਵਿਚ ਭਾਈਚਾਰਕ ਇਕਸੁਰਤਾ,ਤਰੱਕੀ ਦੇ ਸਾਰੇ ਖਿੱਤਿਆਂ,ਕੌਮਾਂ ,ਭਸ਼ਾਵਾਂ ,ਖੇਤਰੀ ਭਾਵਨਾਵਾਂ ਦੀ ਪੂਰਤੀ,ਸ਼ਾਂਤੀ ਅਤੇ ਦੇਸ਼ ਦੀ ਏਕਤਾ ਲਈ ਦੂਸਰੀ ਅਜਾਦੀ ਦੀ ਜੰਗ ਸ਼ੁਰੂ ਕਰਨ ਦੀ ਲੋੜ ਤੇ ਜੋਰ ਦਿੱਤਾ ਗਿਆ । ਤੀਸਰੇ ਮਤੇ ਵਿਚ, ਦੇਸ਼ ਵਿਚ ਸਹੀ ਅਰਥਾਂ ਵਿਚ ਫੈਡਰਲ ਸਿਸਟਮ ਲਾਗੂ ਕਰਨ ,ਪੰਜਾਬ ਲਈ ਵਿਸ਼ੇਸ਼ ਦਰਜਾ,ਘੱਟ ਗਿਣਤੀ ਕੌਮਾਂ ,ਜਾਤਾਂ ,ਕਬੀਲਿਆਂ ਤੇ ਗਰੀਬ ਲੋਕਾਂ ਲਈ ਇਨਸਾਫ ਦੀ ਮੰਗ ਕੀਤੀ ਗਈ ।ਕਨਵੈਨਸ਼ਨ ਵਿਚ ਪੇਸ਼ ਮਤੇ ਰਾਹੀ ਪ੍ਰੋ:ਦਵਿੰਦਰ ਪਾਲ ਸਿੰਘ ਭੁਲਰ, ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ,ਭਾਈ ਦਲਜੀਤ ਸਿੰਘ ਬਿੱਟੂ, ਕੁਲਬੀਰ ਸਿੰਘ ਬੜਾ ਪਿੰਡ ,ਲਾਲ ਸਿੰਘ ਦਇਆ ਸਿੰਘ ਲਾਹੌਰੀਆ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ। ਇਸ ਕਨਵੈਨਸ਼ਨ ਵਿਚ ਪੇਸ਼ ਇਕ ਮਤੇ ਰਾਹੀ ਜੂਨ 1984 ਤੇ ਨਵੰਬਰ 1984 ਤੇ ਇਸ ਸਮੇਂ ਮਾਰੇ ਗਏ ਹਰ ਪਰਿਵਾਰ ਲਈ ਭਾਵੇਂ ਉਹ ਪੁਲਿਸ ਹਜਥੋਂ ਜਾਂ ਖਾੜਕੂਆਂ ਹਥੌਂ ,ਪ੍ਰਤੀ ਪਰਿਵਾਰ ਲਈ 10 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਗਈ। ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਵਿਅਕਤੀਆਂ ਲਈ ਸਪੈਸ਼ਲ ਪੜਤਾਲੀਆ ਕਮੇਟੀ ਬਨਾਉਣ ਦੀ ਮੰਗ ਕੀਤੀ ਗਈ।