Skip to content
Independent perspectives. Global stories.
BREAKING

ਤਲਵੰਡੀ ਸਾਬੋ ਨੇੜੇ ਭਿਆਨਕ ਸੜਕੀ ਹਾਦਸੇ ’ਚ ਚਾਰ ਦੀ ਮੌਤ-ਇੱਕ ਦਰਜਨ ਜ਼ਖਮੀ

Share this story

image ਤਲਵੰਡੀ ਸਾਬੋ, 26 ਮਾਰਚ (ਰਾਮ ਰੇਸ਼ਮ ਨਥੇਹਾ)- ਅੱਜ ਤਲਵੰਡੀ ਸਾਬੋ ਦੇ ਬਠਿੰਡਾ ਰੋਡ ਤੇ ਤਿੰਨ ਵਾਹਨਾਂ ਵਿੱਚ ਹੋਈ ਭਿਆਨਕ ਟੱਕਰ ਦੇ ਚਲਦਿਆਂ 4 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਰੀਬ ਇੱਕ ਦਰਜਨ ਲੋਕ ਜਖਮੀ ਹੋ ਗਏ ਜਿਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਹੋਣ ਕਾਰਣ ਉਨ੍ਹਾਂ ਨੂੰ ਹੋਰਨਾਂ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮਾਂ ਮੰਡੀ ਵਾਸੀ ਅਵਤਾਰ ਸਿੰਘ ਦੀ ਸੱਸ ਦੇ ਭੋਗ ਵਿੱਚ ਸ਼ਿਰਕਤ ਕਰਨ ਲਈ ਜੈਤੋ ਲਾਗਲੇ ਪਿੰਡ ਹਰੀ ਨੌ ਸਿੰਘ ਲਈ ਰਾਮਾਂ ਮੰਡੀ ਤੋਂ ਡੇਢ ਦਰਜਨ ਦੇ ਕਰੀਬ ਵਿਅਕਤੀ ਰਵਾਨਾ ਹੋਏ ਸਨ ਕਿ ਸਵੇਰੇ 10 ਵਜੇ ਦੇ ਲੱਗਪੱਗ ਜਦੋਂ ਉਨ੍ਹਾਂ ਦੀ ਫੋਰਸ ਟ੍ਰੈਕਸ ਕਰੂਜਰ ਗੱਡੀ ਨੰ: ਪੀ.ਬੀ 01-ਏ-3869 ਤਲਵੰਡੀ ਸਾਬੋ ਦੇ ਦਸਮੇਸ਼ ਪਬਲਿਕ ਸਕੂਲ ਦੇ ਮੋੜ ਤੇ ਪੁੱਜੀ ਤਾਂ ਅੱਗੋਂ ਤੇਜ ਰਫਤਾਰ ਆ ਰਹੇ ਵੇਰਕਾ ਦੇ ਦੁੱਧ ਵਾਲੇ ਟਰੱਕ ਨੰ:ਪੀ.ਬੀ 03 ਏ.ਪੀ-3965 ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਉਕਤ ਗੱਡੀ ਨੂੰ ਟੱਕਰ ਮਾਰਨ ਤੋਂ ਬਾਦ ਉਕਤ ਦੁੱਧ ਵਾਲੇ ਟਰੱਕ ਨੇ ਆਪਣੇ ਅੱਗੇ ਜਾ ਰਹੀ ਨੇੜਲੇ ਪਿੰਡ ਭਾਗੀਵਾਂਦਰ ਦੀ ਟਾਟਾ ਸਫਾਰੀ ਗੱਡੀ ਨੰ:ਪੀ.ਬੀ-03 ਕੇ-0179 ਨੂੰ ਵੀ ਪਿੱਛੋਂ ਟੱਕਰ ਮਾਰ ਦਿੱਤੀ।ਟੱਕਰ ਇੰਨੀ ਭਿਆਨਕ ਸੀ ਕਿ ਜਿੱਥੇ ਟ੍ਰੈਕਸ ਗੱਡੀ ਦੇ ਪਰਖੱਚੇ ਉੱਡ ਗਏ ਉੱਥੇ ਸਫਾਰੀ ਗੱਡੀ ਸੜਕ ਤੇ ਮੂਧੀ ਵੱਜ ਗਈ ਹਾਲਾਂਕਿ ਸਫਾਰੀ ਵਿੱਚ ਸਵਾਰ ਵਿਅਕਤੀ ਬਚ ਗਏ। ਸਹਾਰਾ ਕਲੱਬ ਤਲਵੰਡੀ ਸਾਬੋ ਦੇ ਕਾਰਕੁੰਨਾਂ ਨੇ ਹੈਪੀ ਸਿੰਘ ਦੀ ਅਗਵਾਈ ਵਿੱਚ ਲੋਕਾਂ ਦੀ ਮਦੱਦ ਨਾਲ ਗੱਡੀ ਨੂੰ ਪੁੱਟ ਕੇ ਜਖਮੀਆਂ ਨੂੰ ਬਾਹਰ ਕੱਢ ਐਂਬੂਲੈਂਸ ਰਾਂਹੀ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਂਦਾ ਜਿੱਥੇ ਡਾਕਟਰਾਂ ਨੇ ਚਾਰ ਵਿਅਕਤੀਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਜਖਮੀਆਂ ਨੂੰ ਕੱਢਣ ਵਿੱਚ ਪੁਲਿਸ ਦੇ ਇੱਕ ਏ.ਐੱਸ.ਆਈ ਹਾਕਮ ਸਿੰਘ ਤੇ ਹਰਜਿੰਦਰ ਸਿੰਘ ਨੇ ਬੜੀ ਸਹਾਇਤਾ ਕੀਤੀ। ਉਕਤ ਭਿਆਨਕ ਸੜਕੀ ਹਾਦਸੇ ਵਿੱਚ 11 ਵਿਅਕਤੀਆਂ ਦੇ ਜਖਮੀ ਹੋਣ ਦੀ ਸੂਚਨਾ ਹੈ ਜਿਨ੍ਹਾਂ ਵਿੱਚੋਂ ਪੰਜ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਪਤਾ ਲੱਗਾ ਹੈ ਕਿ ਲੋਕਾਂ ਨੇ ਮੌਕੇ ਤੋਂ ਹੀ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਦੀ ਪੀ.ਸੀ.ਆਰ ਟੀਮ ਤੇ ਥਾਣਾ ਮੁਖੀ ਜਗਦੀਸ਼ ਸਿੰਘ ਘਟਨਾ ਸਥਾਨ ਤੇ ਪੁੱਜ ਗਏ।ਟ੍ਰੈਕਸ ਗੱਡੀ ਵਿੱਚ ਕੁੱਲ 17 ਵਿਅਕਤੀ ਸਵਾਰ ਸਨ ਤੇ ਸਾਰੇ ਰਾਮਾਂ ਮੰਡੀ ਦੇ ਰਹਿਣ ਵਾਲੇ ਸਨ। ਮਰਨ ਵਾਲਿਆਂ ਵਿੱਚ ਟ੍ਰੈਕਸ ਗੱਡੀ ਦਾ ਮਾਲਕ ਬੁੱਧ ਸਿੰਘ, ਟੇਕ ਸਿੰਘ (45),ਪ੍ਰਸਿੰਨ ਕੌਰ (60) ਤੇ ਲੱਛਮੀ ਕੌਰ (45) ਦੇ ਨਾਂ ਸ਼ਾਮਿਲ ਹਨ।

WRITTEN BY