June 20, 2026 4:22 am

ਸੁਖਬੀਰ ਬਾਦਲ ਵੱਲੋਂ ਪੰਜਾਬ ਪੁਲਿਸ ਦੀ ਹੈਲਪਲਾਈਨ ਲੋਕਾਂ ਨੂੰ ਸਮਰਪਿਤ

ਮੋਹਾਲੀ/ਚੰਡੀਗੜ੍ਹ, 22 ਅਗਸਤ (ਵਿਸ਼ਵ ਵਾਰਤਾ) : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਔਰਤਾਂ, ਬੱਚਿਆਂ, ਸੀਨੀਅਰ ਸਿਟੀਜ਼ਨਾਂ ਅਤੇ ਪ੍ਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਦੇ ਸਮਾਂਬੱਧ ਹੱਲ ਲਈ ਪੰਜਾਬ ਪੁਲਿਸ ਦੀ ਹੈਲਪਲਾਇਨ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਗਈ ਹੈ। ਅਜਿਹੀ ਹੈਲਪਲਾਇਨ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।
sukhbir singh badal
ਅੱਜ ਇਥੇ 181 ਨੰਬਰ ਵਾਲੀ ਪੁਲਿਸ ਹੈਲਪਲਾਈਨ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਸ. ਬਾਦਲ ਨੇ ਕਿਹਾ ਕਿ ਇਹ ਆਪਣੀ ਤਰ੍ਹਾਂ ਦੀ ਪਹਿਲੀ ਹੈਲਪਲਾਈਨ ਹੈ ਜਿਸ ਰਾਹੀਂ ਲੋਕਾਂ ਨੂੰ ਤੇਜ਼ ਅਤੇ ਸਮਾਂਬੱਧ ਪੁਲਿਸ ਸੇਵਾਵਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਇਸ ਹੈਲਪਲਾਈਨ ਰਾਹੀਂ ਦਰਜ਼ ਹੋਈ ਸ਼ਿਕਾਇਤ ਦਾ ਤੱਦ ਤੱਕ ਨਿਪਟਾਰਾ ਨਹੀਂ ਹੋਵੇਗਾ ਜਦ ਤੱਕ ਕਿ ਸ਼ਿਕਾਇਤ ਕਰਤਾ ਦੀ ਪੂਰਨ ਤਸੱਲੀ ਨਾ ਹੋ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਆਮ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਅਤੇ ਸ਼ਿਕਾਇਤਾਂ ਦੇ ਹੱਲ ਵਿਚ ਜਾਣਬੁੱਝ ਕੇ ਲੇਟ ਲਤੀਫੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਨੱਥ ਪਾਉਣ ਤੋਂ ਇਲਾਵਾ ਲੋਕ ਨਸ਼ਿਆਂ, ਗੁੰਡਾਗਰਦੀ, ਭ੍ਰਿਸ਼ਟਾਚਾਰ ਵਿਰੁੱਧ ਆਪਣੀਆਂ ਸ਼ਿਕਾਇਤਾਂ ਦਰਜ਼ ਕਰਵਾ ਸਕਣਗੇ। ਹੈਲਪਲਾਈਨ ‘ਤੇ ਸੰਪਰਕ ਕਰਨ ਲਈ ਵੱਖ ਵੱਖ ਸਾਧਨਾਂ ਜਿਵੇਂ ਕਿ ਫੋਨ, ਐਸ.ਐਮ.ਐਸ, ਫੈਕਸ, ਈ-ਮੇਲ, ਵੈਬ ਪੋਰਟਲ ਦੀ ਸਹੂਲਤ ਦਿੱਤੀ ਗਈ ਹੈ ਜੋ ਕਿ 24 ਘੰਟੇ ਉਪਲਬਧ ਹੋਵੇਗੀ।ਉਨ੍ਹਾਂ ਕਿਹਾ ਕਿ ਇਸ ਹੈਲਪਲਾਈਨ ਦਾ ਮਕਸਦ ਲੋਕਾਂ ਨੂੰ ਤੇਜ਼ੀ ਨਾਲ ਪੁਲਿਸ ਸੇਵਾ ਮੁਹੱਈਆ ਕਰਵਾਉਣਾ, ਜ਼ੁਰਮ ਵਾਲੀ ਥਾਂ ‘ਤੇ ਤੇਜ਼ੀ ਨਾਲ ਪਹੁੰਚਣਾ ਅਤੇ ਵੱਖ-ਵੱਖ ਪੁਲਿਸ ਯੂਨਿਟਾਂ ਅਤੇ ਦਫਤਰਾਂ ਵਿਚ ਆਉਂਦਿਆਂ ਸ਼ਿਕਾਇਤਾਂ ਦਾ ਜਲਦ ਨਿਪਟਾਰਾ ਕਰਨਾ ਹੈ।ਹੈਲਪਲਾਈਨ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀ.ਜੀ.ਪੀ ਸ਼੍ਰੀ ਸੁਮੇਧ ਸਿੰਘ ਨੇ ਦੱਸਿਆ ਕਿ ਇਸ ਹੈਲਪਲਾਈਨ ਲਈ 20 ਸੀਟਾਂ ਵਾਲਾ ਪੰਜਾਬ ਪੁਲਿਸ ਕਾਲ ਸੈਂਟਰ ਮੋਹਾਲੀ ਵਿਖੇ ਸਥਾਪਿਤ ਕੀਤਾ ਜਾ ਚੁੱਕਾ ਹੈ, ਜਿਸ ਦਾ ਪ੍ਰਬੰਧ ਪੰਜਾਬ ਅਤੇ ਤਿੰਨ ਹੋਰ ਸੂਬਿਆਂ ਵਿਚ 108 ਐਂਬੂਲੈਂਸ ਸੇਵਾ ਸਫਲਤਾਪੂਰਵਕ ਨਿਭਾ ਰਹੀ ਕੰਪਨੀ ਜ਼ਕੀਤਜ਼ਾ ਵਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਹੈਲਪਲਾਈਨ ਰਾਹੀਂ ਔਰਤਾਂ, ਬੱਚਿਆਂ, ਸੀਨੀਅਰ ਸਿਟੀਜ਼ਨਾਂ ਅਤੇ ਪ੍ਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੇਸ਼ੇਵਰ ਕੌਂਸਲਰਾਂ ਅਤੇ ਮਨੋਵਿਗਿਆਨਕਾਂ ਦੀਆਂ ਸੇਵਾਵਾਂ ਵੀ 24 ਘੰਟੇ ਮੁਹੱਈਆ ਕਰਵਾਈਆਂ ਜਾਣਗੀਆਂ। ਹੈਲਪਲਾਈਨ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਸਮਾਂਬੱਧ ਜਵਾਬਦੇਹੀ ਲਈ ਹਰ ਸ਼ਿਕਾਇਤ ਦੇ ਹੱਲ ਲਈ ਪੰਜਾਬ ਪੁਲਿਸ ਕਾਲ ਸੈਂਟਰ ਵਿਖੇ ਤਾਇਨਾਤ ਕੇਸ ਕੋਆਰਡੀਨੇਟਰ ਸਬੰਧਿਤ ਕੇਸ ਦੀ ਲਗਾਤਾਰ ਪੈਰਵ੍ਹੀ ਕਰੇਗਾ। ਇਸ ਤੋਂ ਇਲਾਵਾ ਲੋਕਾਂ ਦੀ ਨਿਰਪੱਖ ਫੀਡਬੈਕ ਲਈ ਵੀ ਵਿਵਸਥਾ ਕੀਤੀ ਗਈ ਹੈ।ਸ਼੍ਰੀ ਦਿਨਕਰ ਗੁਪਤਾ, ਏ.ਡੀ.ਜੀ.ਪੀ, ਕਾਨੂੰਨ ਅਤੇ ਵਿਵਸਥਾ ਨੇ ਦੱਸਿਆ ਕਿ ਹੈਲਪਲਾਇਨ ਰਾਹੀਂ ਗੁੰਡਾਗਰਦੀ, ਨਸ਼ਿਆਂ ਵਿਰੁੱਧ, ਛੇੜਛਾੜ, ਆਵਾਜਾਈ ਨਿਯਮਾਂ ਦੀ ਉਲੰਘਣਾ ਆਦਿ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ ਜਿਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੁਰਮ, ਨਸ਼ਿਆਂ ਵਿਰੁੱਧ, ਗੁੰਡਾਗਰਦੀ ਬਾਰੇ ਸੂਚਨਾ ਦੇਣ ਵਾਲੀ ਪਛਾਣ ਗੁਪਤ ਰੱਖੀ ਜਾਵੇਗੀ, ਜਿਸ ਨਾਲ ਲੋਕ ਸਮਾਜਿਕ ਬੁਰਾਈਆਂ ਵਿਰੁੱਧ ਜਾਣਕਾਰੀ ਦੇਣ ਲਈ ਅੱਗੇ ਆਉਣਗੇ।  ਪੁਲਿਸ ਹੈਲਪਲਾਈਨ ਰਾਹੀਂ ਜਿਥੇ ਲੋਕਾਂ ਨੂੰ ਬਿਹਤਰ ਪੁਲਿਸ ਸੇਵਾਵਾਂ ਮਿਲਣਗੀਆਂ ਉਥੇ ਲੋਕਾਂ ਵਲੋਂ ਦਿੱਤੇ ਜਾਣ ਵਾਲੇ ਵੱਡਮੁੱਲੇ ਸੁਝਾਵਾਂ ਨੂੰ ਵੀ ਅਮਲ ਵਿਚ ਲਿਆਂਦਾ ਜਾਵੇਗਾ। ਇਸ ਹੈਲਪਲਾਇਨ ਵਿਚ ਫੋਨ ਰਾਹੀਂ 181, ਐਸ.ਐਮ.ਐਸ. ਰਾਹੀਂ 7696-181-181, ਫੈਕਸ ਨੰਬਰ 0172-6626181, ਈ-ਮੇਲ ਰਾਹੀਂ help0੧੮੧pph.com ਅਤੇ portal www.੧੮੧pph.com ਰਾਹੀਂ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ।ਇਸ ਹੈਲਪਲਾਇਨ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਦੁਰਉਪਯੋਗ ਰੋਕਣ ਲਈ ਹੈਲਪਲਾਇਨ ‘ਤੇ ਆਉਣ ਵਾਲੀਆਂ ਸਾਰੀਆਂ ਕਾਲਾਂ ਨੂੰ ਰਿਕਾਰਡ ਕੀਤਾ ਜਾਵੇਗਾ, ਜਿਸ ਨਾਲ ਕਿਸੇ ਗਲਤ ਸ਼ਿਕਾਇਤ, ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕੇਗਾ।ਉਨ੍ਹਾਂ ਦੱਸਿਆ ਕਿ ਵਿਦੇਸ਼ ਤੋਂ ਫੋਨ ਕਰਨ ਸਮੇਂ 0091-172-2298543 ਨੰਬਰ ‘ਤੇ ਸੰਪਰਕ ਕੀਤਾ ਜਾਵੇ। 181 ਹੈਲਪਲਾਇਨ ਦੇ ਨਾਲ ਹੀ ਜੋੜੇ ਗਏ ਐਨ.ਆਰ.ਆਈ. ਤੇ ਮਹਿਲਾ ਵਿੰਗ ਐਨ.ਆਰ.ਆਈਜ਼, ਔਰਤਾਂ, ਸੀਨੀਅਰ ਸਿਟੀਜ਼ਨਾਂ ਤੇ ਬੱਚਿਆਂ ਵਲੋਂ ਹੈਲਪਲਾਇਨ ‘ਤੇ ਕੀਤੀਆਂ ਸ਼ਿਕਾਇਤਾਂ ਦੀ ਦੀ ਜਾਂਚ ਪੜਤਾਲ ਕਰਨਗੇ।ਜ਼ਿਕਰਯੋਗ ਹੈ ਕਿ ਆਈ.ਜੀ.ਪੀ. ਐਨ.ਆਰ.ਆਈ. ਮਾਮਲਿਆਂ ਦਾ ਦਫਤਰ ਜੋ ਕਿ ਪੰਜਾਬ ਪੁਲਿਸ ਹੈਡਕੁਆਟਰ, ਸੈਕਟਰ-9, ਚੰਡੀਗੜ੍ਹ ਵਿਖੇ ਸੀ, ਨੂੰ ਬਦਲਕੇ ਐਸ.ਐਸ.ਏ. ਨਗਰ ਵਿਖੇ ਆਜਾਦ ਵਿੰਗ ਵਜੋਂ ਆਈ.ਜੀ. ਪੱਧਰ ਦੇ ਅਧਿਕਾਰੀ ਅਧੀਨ ਸਥਾਪਿਤ ਕੀਤਾ ਗਿਆ ਹੈ। ਆਈ.ਜੀ.ਪੀ. ਐਨ.ਆਰ.ਆਈਜ਼ ਅਤੇ ਮਹਿਲਾ ਵਿੰਗ ਨਾਲ ਡੀ.ਆਈ.ਜੀ. ਐਨ.ਆਰ.ਆਈ, ਮਹਿਲਾ ਵਿੰਗ ਤੋਂ ਇਲਾਵਾ ਐਸ.ਪੀਜ਼ ਤੇ ਡੀ.ਐਸ.ਪੀਜ਼ ਦੀ ਟੀਮ ਕੰਮ ਕਰੇਗੀ। ਵਰਤਮਾਨ ਸਮੇਂ ਕੰਮ ਕਰ ਰਹੇ ਐਨ.ਆਰ.ਆਈ. ਪੁਲਿਸ ਥਾਣੇ, ਜਲੰਧਰ, ਅੰਮ੍ਰਿਤਸਰ,ਲੁਧਿਆਣਾ, ਲੁਧਿਆਣਾ ਦਿਹਾਤੀ, ਮੋਗਾ, ਕਪੂਰਥਲਾ, ਹੁਸ਼ਿਆਰਪੁਰ ਤੇ ਨਵਾਂਸ਼ਹਿਰ ਹੁਣ ਐਨ.ਆਰ.ਆਈ. ਤੇ ਮਹਿਲਾ ਵਿੰਗ ਦੀ ਸਿੱਧੀ ਨਿਗਰਾਨੀ ਹੇਠ ਕੰਮ ਕਰਨਗੇ।
ਔਰਤਾਂ, ਬੱਚਿਆਂ, ਪ੍ਰਵਾਸੀ ਭਾਰਤੀਆਂ ਤੇ ਸੀਨੀਅਰ ਸਿਟੀਜ਼ਨਾਂ ਨਾਲ ਸਬੰਧਿਤ ਮਾਮਲਿਆਂ ਦੀ ਨਿਗਰਾਨੀ ਤੇ ਜਾਂਚ ਲਈ ਐਨ.ਆਰ.ਆਈ. ਵਿੰਗ ਸੂਬਾ ਪੱਧਰ ‘ਤੇ ਨੋਡਲ ਅਥਾਰਟੀ ਹੋਵੇਗੀ। ਇਸ ਵਿੰਗ ਵਲੋਂ nri.pbpolice0gmail.com ‘ਤੇ ਸ਼ਿਕਾਇਤਾਂ ਪ੍ਰਾਪਤ ਕੀਤੀਆਂ ਜਾਣਗੀਆਂ।ਪ੍ਰਵਾਸੀ ਭਾਰਤੀ ਐਨ.ਆਰ.ਆਈ. ਵਿੰਗ ਦੇ ਉੱਚ ਅਧਿਕਾਰੀਆਂ ਦੇ ਟੈਲੀਫੋਨ ਨੰਬਰ 0172-2260042 ਜਾਂ 2260043 ‘ਤੇ ਵੀ ਸੰਪਰਕ ਕਰ ਸਕਦੇ ਹਨ। ਐਨ.ਆਰ.ਆਈ. ਵਿੰਗ ਵਿਖੇ ਇੰਸਪੈਕਟਰ ਜÎਾਂ ਉਸ ਤੋਂ ਉੱਪਰਲੇ ਰੈਂਕ ਦਾ ਅਧਿਕਾਰੀ ਪ੍ਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਪ੍ਰਾਪਤ ਕਰੇਗਾ ਤੇ ਉਨ੍ਹਾਂ ਦੇ ਮਸਲਿਆਂ ਦੇ ਹੱਲ ਲਈ ਜਿਲ੍ਹਾ ਪੱਧਰ ‘ਤੇ ਤਾਲਮੇਲ ਕਰੇਗਾ। ਵਿੰਗ ਵਲੋਂ ਹਰ ਸ਼ਿਕਾਇਤ ਦਾ ਇਕ ਵਿਸ਼ੇਸ਼ ਕੇਸ ਆਈ.ਡੀ. ਨੰਬਰ ਸ਼ਿਕਾਇਤ ਕਰਤਾ ਨੂੰ ਜਾਰੀ ਕੀਤਾ ਜਾਵੇਗਾ ਤੇ ਉਸ ਸ਼ਿਕਾਇਤ ਦੀ ਸਥਿਤੀ ਬਾਰੇ ਸਮਾਂਬੱਧ ਜਵਾਬ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸ੍ਰ: ਬਲਵੰਤ ਸਿੰਘ ਰਾਮੂਵਾਲੀਆ ਹਲਕਾ ਇੰਚਾਰਜ ਐਸ.ਏ.ਐਸ.ਨਗਰ, ਸ੍ਰੀ ਰਮਣੀਕ ਸਿੰਘ ਭਰੋਵਾਲ, ਸ੍ਰੀ ਜਤਿੰਦਰ ਪਾਲ ਸਿੰਘ ਜੇ.ਪੀ ਹੋਰ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।

Send this to a friend