ਕਾਂਗਰਸ ਦੀ ਸਰਕਾਰ ਬਣਨ ਅਤੇ ਆਮ ਆਦਮੀ ਪਾਰਟੀ ਦੀ ਹਾਰ ਦਾ ਲਾਇਆ ਸੀ ਅਨੁਮਾਨ
ਚੰਡੀਗੜ੍ਹ, 14 ਮਾਰਚ- ਇਹ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਅਤੇ ਬਜ਼ੁਰਗ ਆਗੂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਦੀ ਅਗਾਓਂ ਟੋਹ ਨਹੀਂ ਲਾ ਸਕੇ, ਪ੍ਰੰਤੂ ਮੋਗੇ ਨਾਲ ਸਬੰਧਿਤ ਸਿਆਸੀ ਅਕਾਲੀ ਪਿਛੋਕੜ ਰੱਖਣ ਵਾਲੇ ਪੰਜਾਬ ਦੇ ਸੂਚਨਾ ਕਮਿਸ਼ਨਰ ਸ. ਨਿਧੱੜਕ ਸਿੰਘ ਬਰਾੜ ਨੇ 4 ਫਰਵਰੀ ਨੂੰ ਵੋਟਾਂ ਪੈਣ ਤੋਂ ਫੌਰੀ ਬਾਅਦ ਚੋਣ ਨਤੀਜਿਆਂ ਬਾਰੇ ਬਹੁਤ ਹੀ ਸਟੀਕ ਭਵਿੱਖਬਾਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਰੀ ਤਰ੍ਹਾਂ ਹਾਰ ਜਾਣ ਦਾ ਅਨੁਮਾਨ ਲਾਇਆ ਸੀ।ਸ. ਬਰਾੜ ਸਿੱਖ ਸਟੂਡੈਂਟਸ ਫੈਡਰੇਸ਼ਨ ’ਚ ਉੱਚ ਅਹੁਦਿਆਂ ’ਤੇ ਕੰਮ ਕਰਨ ਤੋਂ ਬਾਅਦ ਯੂਥ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਸਨ।ਸੂਚਨਾ ਕਮਿਸ਼ਨਰ ਬਣਨ ਤੋਂ ਪਹਿਲਾਂ, ਉਹ ਅਕਾਲੀ ਦਲ ਦੇ ਕੌਮੀ ਮੀਤ ਪਰਧਾਨ ਅਤੇ ਪਾਰਟੀ ਦੇ ਬੁਲਾਰੇ ਸਨ।ਉਨ੍ਹਾਂ ਨੇ ਲਗਭਗ 3 ਦਹਾਕੇ ਅਕਾਲੀ ਰਾਜਨੀਤੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ। 4 ਫਰਵਰੀ ਨੂੰ ਪਈਆਂ ਵੋਟਾਂ ਤੋਂ ਫੌਰੀ ਬਾਅਦ ‘ਪੰਜਾਬ ਟਾਇਮਜ਼’ ਵੱਲੋਂ ਉਨ੍ਹਾਂ ਨਾਲ ਚੰਡੀਗੜ੍ਹ ਵਿਖੇ ਚੋਣ ਨਤੀਜਿਆਂ ਬਾਰੇ ਚਰਚਾ ਕੀਤੀ ਗਈ ਸੀ।ਬੇਸ਼ੱਕ ਸੂਚਨਾ ਕਮਿਸ਼ਨਰ ਵਜੋਂ ਇੱਕ ਸੰਵਿਧਾਨਿਕ ਅਹੁਦੇ ’ਤੇ ਹੰਦਿਆਂ ਉਨ੍ਹਾਂ ਦੀਆਂ ਕਈ ਨੈਤਿਕ ਮਜਬੂਰੀਆਂ ਹਨ। ਪੰਜਾਬ ਟਾਇਮਜ਼ ਵੱਲੋਂ ਬਾਰ-ਬਾਰ ਪੁੱਛੇ ਜਾਣ ’ਤੇ ਉਨ੍ਹਾਂ ਨੇ ਇੱਕ ਸੀਮਤ ਸਿਆਸੀ ਚਰਚਾ ਦੌਰਾਨ ਇਹ ਅਨੁਮਾਨ ਲਗਾਇਆ ਸੀ ਕਿ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੂੰ ਵੱਡੀ ਜਿੱਤ ਹਾਸਿਲ ਕਰ ਸਕਦੀ ਹੈ ਅਤੇ ਹੁਕਮਰਾਨ ਅਕਾਲੀ-ਭਾਜਪਾ ਗੱਠਜੋੜ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਉਨ੍ਹਾਂ ਦਾ ਅਨੁਮਾਨ ਸੀ ਕਿ ਕਾਂਗਰਸ ਨੂੰ 64 ਤੋਂ ਉੱਪਰ ਸੀਟਾਂ ਮਿਲ ਸਕਦੀਆਂ ਹਨ, ਜਦੋਂ ਕਿ ਭਾਜਪਾ ਨੂੰ 0 ਤੋਂ 4, ਸ਼੍ਰੋਮਣੀ ਅਕਾਲੀ ਦਲ ਨੂੰ 15 ਤੋਂ 25 ਸੀਟਾਂ ਅਤੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ 25 ਤੋਂ 35 ਸੀਟਾਂ ਮਿਲ ਸਕਦੀਆਂ ਹਨ।ਬਾਅਦ ਵਿੱਚ ਉਨ੍ਹਾਂ ਵੱਲੋਂ ਕੀਤੀ ਗਈ ਇਹ ਭਵਿੱਖਬਾਣੀ ਬਿਲਕੁਲ ਸਹੀ ਸਾਬਿਤ ਹੋਈ।ਸਭ ਤੋਂ ਅਹਿਮ ਗੱਲ ਇਹ ਕਿ ਉੱਚੀ ਸਿਆਸੀ ਸੂਝ-ਬੂਝ ਰੱਖਣ ਵਾਲੇ ਸ. ਬਰਾੜ ਨੇ ਪੰਜਾਬ ਦੇ ਸਾਰੇ 117 ਹਲਕਿਆਂ ਬਾਰੇ ਇਕੱਲੇ-ਇਕੱਲੇ ਤੌਰ ’ਤੇ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਦੇ ਜ਼ਿਆਦਾਤਰ ਅਨੁਮਾਨ ਪੂਰੀ ਤਰ੍ਹਾਂ ਸਹੀ ਅਤੇ ਸਟੀਕ ਨਿਕਲੇ ਹਨ।ਮੋਗਾ ਜ਼ਿਲ੍ਹੇ ਵਿੱਚ ਅਕਾਲੀ ਦਲ ਦੀ ਬੁਰੀ ਤਰ੍ਹਾਂ ਹਾਰ ਬਾਰੇ ਵੀ ਉਨ੍ਹਾਂ ਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ।ਇੱਥੇ ਜ਼ਿਕਰਯੋਗ ਹੈ ਕਿ ਸ. ਬਰਾੜ ਮੋਗਾ ਜ਼ਿਲ੍ਹੇ ਦੇ ਅਹਿਮ ਪਿੰਡ ਮੰਗੇਵਾਲ ਨਾਲ ਸਬੰਧਿਤ ਹਨ। ਮੋਗਾ ਜਿਲੇ ਵਿੱਚ ਸਿਆਸੀ ਮੁਕਾਬਲੇਬਾਜ਼ੀ ਨੂੰ ਰੋਕਣ ਲਈ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਸੂਚਨਾ ਕਮਿਸ਼ਨਰ ਵਜੋਂ ਨਿਯੁਕਤ ਕਰ ਦਿੱਤਾ ਸੀ ਤਾਂ ਜੋ ਜੱਥੇ. ਤੋਤਾ ਸਿੰਘ ਦਾ ਪਰਿਵਾਰ ਜ਼ਿਲ੍ਹੇ ਵਿੱਚ ਖੁੱਲ ਕੇ ਖੇਡ ਸਕੇ।ਇਹ ਸ਼ਾਇਦ ਅਕਾਲੀ ਦਲ ਦੀ ਬਦਕਿਸਮਤੀ ਹੀ ਹੈ ਕਿ ਸ. ਬਰਾੜ ਦੀ ਗੈਰਹਾਜ਼ਰੀ ਵਿੱਚ ਅਕਾਲੀ ਦਲ ਅਤੇ ਜੱਥੇਦਾਰ ਤੋਤਾ ਸਿੰਘ ਦਾ ਪਰਿਵਾਰ ਬੁਰੀ ਤਰ੍ਹਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹਾਰ ਗਿਆ।‘ਪੰਜਾਬ ਟਾਇਮਜ਼’ ਵੱਲੋਂ 4 ਫਰਵਰੀ ਤੋ 10 ਮਾਰਚ ਤੱਕ ਬਹੁਤ ਲੋਕਾਂ ਨਾਲ ਚੋਣ ਨਤੀਜਿਆਂ ਬਾਰੇ ਵਿਚਾਰ ਵਟਾਦਰਾਂ ਹੁੰਦਾ ਰਿਹਾ, ਉਨ੍ਹਾਂ ’ਚੋਂ ਬਹੁਤਿਆਂ ਦਾ ਇਹ ਵਿਚਾਰ ਸੀ ਕਿ ਪੰਜਾਬ ਵਿਧਆਨ ਸਭਾ ਵਿੱਚ ਕਿਸੇ ਨੂੰ ਵੀ ਸਪਸ਼ਟ ਬਹੁਮਤ ਨਹੀਂ ਮਿਲੇਗਾ ਅਤੇ ਕੁਝ ਹਲਕੇ ਤੋਂ ‘ਆਪ’ ਦੀ ਸਰਕਾਰ ਬਣਨ ਦੀ ਭਵਿੱਖਬਾਣੀ ਕਰ ਰਹੇ ਸਨ। ਇਸ ਇੱਕ ਮਹੀਨੇ ਦੇ ਸਮੇਂ ਦੌਰਾਨ ਸ. ਬਰਾੜ ਨਾਲ ਕਈ ਵਾਰ ਉਨ੍ਹਾਂ ਵੱਲੋਂ ਕੀਤੀ ਗਈ ਭਵਿੱਖਬਾਣੀ ਸਬੰਧੀ ਸੰਪਰਕ ਕੀਤਾ ਗਿਆ, ਪਰ ਨਤੀਜੇ ਆਉਣ ਤੱਕ ਸ: ਬਰਾੜ ਆਪਣੇ ਅਨੁਮਾਨ ਉੱਪਰ ਕਾਇਮ ਰਹੇ। ‘ਪੰਜਾਬ ਟਾਇਮਜ਼ ਪਰਿਵਾਰ’ ਸ. ਨਿਧੜਕ ਸਿੰਘ ਬਰਾੜ ਦੀ ਇਸ ਉੱਚੀ ਅਤੇ ਨਿਰਮਲ ਸਿਆਸੀ ਸੂਝ-ਬੂਝ ਨੂੰ ਸਲਾਮ ਕਰਦਾ ਹੈ। ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਕਿਸੇ ਹੋਰ ਨਵੀਂ ਭੂਮਿਕਾ ਵਿੱਚ ਦੇਖਣ ਦਾ ਚਾਹਵਾਨ ਹੈ।
ਸੂਚਨਾ ਕਮਿਸ਼ਨਰ ਪੰਜਾਬ ਸ. ਨਿਧੱੜਕ ਸਿੰਘ ਬਰਾੜ ਨੇ ਪੰਜਾਬ ਦੇ ਚੋਣ ਨਤੀਜਿਆਂ ਬਾਰੇ ਕੀਤੀ ਸੀ ਸਟੀਕ ਭਵਿੱਖਬਾਣੀ



