ਆਰਥਿਕ ਅਪਰਾਧੀਆਂ ਖਿਲਾਫ ਕਾਰਵਾਈ ਲਈ ਨਵਾਂ ਕਾਨੂੰਨ ਛੇਤੀ : ਜੇਤਲੀ
ਨਵੀਂ ਦਿੱਲੀ, 10 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸਰਕਾਰ ਨੇ ਆਰਥਿਕ ਜੁਰਮ ਕਰਕੇ ਵਿਦੇਸ਼ ਭੱਜਣ ਵਾਲੇ ਭਾਰਤੀ ਨਾਗਰਿਕਾਂ ਦੀ 8040 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।ਵਿੱਤ ਮੰਤਰੀ ਅਰੁਣ ਜੇਤਲੀ ਨੇ ਸ਼ੁੱਕਰਵਾਰ ਨੂੰ ਲੋਕ ਸਭਾ ’ਚ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਉਨ੍ਹਾਂ ਆਰਥਿਕ ਦੋਸ਼ੀਆਂ ਦੀ 8040 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ, ਜੋ ਵਿਦੇਸ਼ਾਂ ‘ਚ ਲੁਕੇ ਹੋਏ ਹਨ। ਈ.ਡੀ. ਵਿਦੇਸ਼ਾਂ ‘ਚ ਜਾ ਕੇ ਲੁਕਣ ਵਾਲੇ ਕਿੰਗਫਿਸ਼ਰ ਅਤੇ ਆਈ.ਪੀ.ਐੱਲ. ਦੇ ਮਾਲਕਾਂ ‘ਚੋਂ ਇਕ ਦੋਸ਼ੀ ਦੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਜਾਰੀ ਕਰ ਚੁੱਕੀ ਹੈ। ਵਿੱਤ ਮੰਤਰੀ ਜੇਤਲੀ ਨੇ ਕਈ ਸਵਾਲਾਂ ਦੇ ਜਵਾਬ ’ਚ ਦੱਸਿਆ ਕਿ ਕਿੰਗਫਿਸ਼ਰ ਦੇ ਮਾਲਕ ਖਿਲਾਫ਼ ਉਚਿਤ ਪ੍ਰਬੰਧਕੀ ਅਤੇ ਕੂਟਨੀਤਕ ਕਾਰਵਾਈ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਹਾਲ ਹੀ ਉਨ੍ਹਾਂ ਦੀ ਵਿਦੇਸ਼ ਯਾਤਰਾ ਦੌਰਾਨ ਇਹ ਮਾਮਲਾ ਉੱਥੋਂ ਦੇ ਵਿੱਤ ਮੰਤਰੀ ਸਾਹਮਣੇ ਵੀ ਚੁੱਕਿਆ ਸੀ।ਆਰਥਿਕ ਦੋਸ਼ੀਆਂ ਨਾਲ ਨਜਿੱਠਣ ਲਈ ਜ਼ਿਆਦਾ ਤੋਂ ਜ਼ਿਆਦਾ ਦੇਸ਼ਾਂ ਨਾਲ ਸਮਝੌਤੇ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਦੋ ਤੋਂ ਢਾਈ ਸਾਲਾਂ ’ਚ ਕਾਲੇਧਨ ਅਤੇ ਆਰਥਿਕ ਦੋਸ਼ੀਆਂ ਖਿਲਾਫ਼ ਕਈ ਸਖਤ ਕਦਮ ਉਠਾਏ ਜਾ ਚੁੱਕੇ ਹਨ।ਸਰਕਾਰ ਆਰਥਿਕ ਜੁਰਮ ਕਰਕੇ ਵਿਦੇਸ਼ਾਂ ’ਚ ਜਾ ਕੇ ਲੁਕਣ ਵਾਲਿਆਂ ਦੀ ਜਾਇਦਾਦ ਜ਼ਬਤ ਕਰਨ ਲਈ ਪੁਰਾਣੇ ਕਾਨੂੰਨਾਂ ’ਚ ਸੋਧ ਅਤੇ ਨਵਾਂ ਕਾਨੂੰਨ ਵੀ ਲਿਆਉਣ ਜਾ ਰਹੀ ਹੈ।
ਵਿਦੇਸ਼ਾਂ ’ਚ ਲੁਕੇ ਆਰਥਿਕ ਅਪਰਾਧੀਆਂ ਦੀ 8040 ਕਰੋੜੀ ਜਾਇਦਾਦ ਜ਼ਬਤ



