ਸ੍ਰੀ ਅਨੰਦਪੁਰ ਸਾਹਿਬ, 7 ਮਾਰਚ (ਦਵਿੰਦਰ ਪਾਲ ਸਿੰਘ, ਅੰਕੁਸ਼)- ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਮੁੱਖ ਸੜ੍ਹਕ ਦੀ ਬਹੁਤ ਮਾੜੀ ਹਾਲਤ ਤੋਂ ਦੁਖੀ ਇਲਾਕਾ ਵਾਸੀਆਂ ਵੱਲੋਂ ਬੀਤੇ ਦਿਨ ਤੋਂ ਇਸ ਸੜ੍ਹਕ ਦੀ ਮੁਰੰਮਤ ਨੂੰ ਲੈ ਕੇ ਲਗਾਇਆ ਗਿਆ ਜਾਮ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਐਸ ਡੀ ਐਮ ਕਮ ਮੇਲਾ ਅਫਸਰ ਰਾਕੇਸ਼ ਗਰਗ ਵੱਲੋਂ ਸੜ੍ਹਕ ਦਾ ਕੰਮ ਸ਼ੁਰੂ ਕਰਵਾ ਕੇ ਖੁਲਵਾ ਦਿੱਤਾ ਗਿਆ। ਦੱਸਣਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ- ਗੜ੍ਹਸ਼ੰਕਰ ਦੀ ਮੁੱਖ ਸੜ੍ਹਕ ਦੀ ਪਿਛਲੇ ਕਈ ਸਾਲਾਂ ਤੋਂ ਹਾਲਤ ਬਹੁਤ ਜਿਆਦਾ ਖਰਾਬ ਹੋਈ ਪਈ ਹੈ, ਜਿਸਨੂੰ ਪੱਕੇ ਤੋਰ ਤੇ ਨਵੀਂ ਬਣਾਉਣ ਦੀ ਜਗ੍ਹਾਂ ਸਰਕਾਰ ਵੱਲੋਂ ਹਰ ਸਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਂਦੇ ਕੋਮੀ ਤਿਉਹਾਰ ਹੋਲਾ ਮਹੱਲਾ ਤੋਂ ਪਹਿਲਾਂ ਸਿਰਫ ਪੈੱਚ ਵਰਕ ਕਰਵਾ ਦਿੱਤਾ ਜਾਂਦਾ ਸੀ ਪ੍ਰੰਤੂ ਇਸ ਵਾਰ ਸਰਕਾਰ ਵੱਲੋਂ ਇਹ ਪੈੱਚਵਰਕ ਵੀ ਨਹੀਂ ਕਰਵਾਇਆ ਗਿਆ ਜਦਕਿ ਮੇਲੇ ਨੂੰ ਸਿਰਫ ਇੱਕ ਦਿਨ ਬਾਕੀ ਰਹਿ ਗਿਆ ਹੈ , ਕਿਉਂਕਿ ਸ੍ਰੀ ਕੀਰਤਪੁਰ ਸਾਹਿਬ ਵਿਖੇ ਇਹ ਮੇਲਾ 8 ਮਾਰਚ ਤੋਂ 10 ਮਾਰਚ ਤੱਕ ਜਦਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ 11 ਮਾਰਚ ਤੋਂ 13 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਵੱਡੇ ਵੱਡੇ ਟੋਇਆ ਅਤੇ ਧੂੜ ਮਿੱਟੀ ਤੋਂ ਪ੍ਰੇਸ਼ਾਨ ਇਲਾਕਾ ਵਾਸੀਆਂ ਵੱਲੋਂ ਅਤੇ ਮੀਡੀਆਂ ਵੱਲੋਂ ਇਸ ਸੜ੍ਹਕ ਦੀ ਮਾੜੀ ਹਾਲਤ ਵੱਲ ਸਰਕਾਰ ਦਾ ਬਾਰ ਬਾਰ ਧਿਆਨ ਦਿਵਾਇਆ ਗਿਆ ਪ੍ਰੰਤੂ ਆਪਣੇ ਆਪਨੂੰ ਪੰਥਕ ਕਹਾਉਂਦੀ ਸਰਕਾਰ ਨੇ ਇਸ ਸੜ੍ਹਕ ਵੱਲ ਕੋਈ ਧਿਆਨ ਨਾਂ ਦਿੱਤਾ , ਜਿਸਤੋਂ ਦੁਖੀ ਹੋਕੇ ਲੋਕਾਂ ਵੱਲੋਂ ਬੀਤੇ ਦਿਨੀਂ ਪਿੰਡ ਅਗੰਮਪੁਰ ਮੁਖ ਸੜ੍ਹਕ ਤੇ ਟੈਂਟ ਲਗਾਕੇ ਜਾਮ ਲਗਾ ਦਿੱਤਾ ਜੋ ਸਾਰੀ ਰਾਤ ਜਾਰੀ ਰਿਹਾ ਤੇ ਅੱਜ ਸਵੇਰੇ ਤਕਰੀਬਨ ਗਿਆਰਾਂ ਵਜੇ ਦੇ ਕਰੀਬ ਐਸ ਡੀ ਐਮ ਰਾਕੇਸ਼ ਗਰਗ ਨੇ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਗੱਲ ਕਰਕੇ ਅਤੇ ਸੜ੍ਹਕ ਦਾ ਕੰਮ ਉਸੇ ਸਮੇਂ ਸ਼ੁਰੂ ਕਰਵਾ ਕੇ ਇਹ ਜਾਮ ਖੁਲਵਾ ਦਿੱਤਾ। ਇਸ ਮੋਕੇ ਲੋਕਾਂ ਦੀ ਗੱਲ ਪ੍ਰਸ਼ਾਸ਼ਨ ਤੱਕ ਰੱਖਣ ਵਾਲੇ ਨਗਰ ਕੋਂਸਲ ਦੇ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਡੀ ਐਸ ਪੀ ਰਣਧੀਰ ਸਿੰਘ, ਐਸ ਐਚ ਓ ਭਾਰਤ ਭੂਸ਼ਨ, ਚੋਂਕੀ ਇੰਚਾਰਜ ਅਮਨਦੀਪ ਸਿੰਘ, ਹਰਤੇਗਬੀਰ ਸਿੰਘ ਤੇਗੀ, ਨਿਤਿਨ ਨੰਦਾ, ਪ੍ਰਿੰਸੀਪਲ ਨਿਰੰਜਣ ਸਿੰਘ ਰਾਣਾ ਸਮੇਤ ਸਮੁੱਚੇ ਪਿੰਡ ਵਾਸੀ ਅਤੇ ਭਾਰੀ ਗਿਣਤੀ ’ਚ ਪੁਲਿਸ ਫੋਰਸ ਹਾਜ਼ਰ ਸੀ।



