ਫਤਿਹਗੜ ਸਾਹਿਬ, 19 ਅਗਸਤ (ਪੰਜਾਬ ਟਾਇਮਜ਼ ਬਿਊਰੋ)-‘ਪੰਜਾਬ ਦੇ ਨਿਵਾਸੀਆਂ ਨੂੰ ਬਿਨਾਂ ਕਿਸੇ ਤਰਾਂ ਦੀ ਅਗਾਓਂ ਸੂਚਨਾਂ ਜਾਂ ਚਿਤਾਵਨੀ ਦਿੱਤਿਆਂ ਰਣਜੀਤ ਸਾਗਰ ਡੈਮ, ਥੀਨ ਡੈਮ ਅਤੇ ਭਾਖੜਾ ਡੈਮ ਆਦਿ ਵਿਚੋ ਰਾਤੋ-ਰਾਤ ਸਤਲੁਜ, ਬਿਆਸ ਅਤੇ ਸਰਹੱਦੀ ਇਲਾਕੇ ਦੇ ਰਾਵੀ-ਚਿਨਾਬ ਵਿਚ ਪਾਣੀ ਛੱਡੇ ਜਾਣ ਕਾਰਨ ਕਪੂਰਥਲਾ, ਤਰਨਤਾਰਨ, ਗੁਰਦਾਸਪੁਰ, ਫਿਰੋਜਪੁਰ ਆਦਿ ਜਿਲਿਆਂ ਦੇ ਹਜਾਰਾਂ ਹੀ ਪਿੰਡ ਪਾਣੀ ਵਿਚ ਘਿਰ ਗਏ ਹਨ ਅਤੇ ਹਜਾਰਾਂ ਹੀ ਏਕੜ ਫਸਲਾਂ ਦੀ ਤਬਾਹੀ ਹੋ ਗਈ ਹੈ।

ਇਸ ਲਈ ਮੁੱਖ ਸਕੱਤਰ ਪੰਜਾਬ, ਵਿੱਤ ਕਮਿਸ਼ਨਰ ਮਾਲ ਵਿਭਾਗ ਅਤੇ ਸੰਬੰਤ ਪੀੜਿਤ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਕੀਤੀ ਗਈ ਅਣਗਹਿਲੀ ਲਈ ਜਿੰਮੇਵਾਰ ਹਨ। ਜਿਨਾਂ ਨੇ ਬਰਸਾਤਾਂ ਤੋਂ ਪਹਿਲਾਂ ਨਦੀਆਂ, ਨਾਲਿਆਂ, ਚੋਆਂ, ਕੱਸੀਆਂ ਆਦਿ ਨੂੰ ਸਾਫ ਕਰਨ ਅਤੇ ਪਾਣੀ ਦੀ ਸਹੀ ਨਿਕਾਸੀਕਰਨ ਦੀਆਂ ਜਿੰਮੇਵਾਰੀਆਂ ਸਮੇਂ ਨਾਲ ਨਹੀਂ ਨਿਭਾਈਆਂ।’ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬ ਵਿਚ ਆਏ ਬਨਾਵਟੀ ਹੜਾਂ ਤੋਂ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਦੇ ਨਾਲ-ਨਾਲ ਉਪਰੋਕਤ ਅਫਸਰਸ਼ਾਹੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਪ੍ਰਗਟ ਕੀਤੇ। ਉਨਾਂ ਕਿਹਾ ਕਿ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਜਿੰਮੇਵਾਰੀ ਨੂੰ ਪੂਰਨ ਕਰਨ ਹਿੱਤ ਬਰਸਾਤਾਂ ਤੋਂ ਬਹੁਤ ਪਹਿਲੇ ਉਪਰੋਕਤ ਅਫਸਰਸ਼ਾਹੀ ਨੂੰ ਪੱਤਰ ਲਿਖ ਕੇ ਆਪਣੀ ਜਿੰਮੇਵਾਰੀ ਨੂੰ ਪੂਰਨ ਕਰਨ ਦੀ ਜ਼ੋਰਦਾਰ ਬੇਨਤੀ ਕੀਤੀ ਸੀ, ਤਾਂ ਕਿ ਬਰਸਾਤਾਂ ਸ਼ੁਰੂ ਹੋਣ ਤੇ ਪੰਜਾਬ ਨਿਵਾਸੀਆਂ ਦਾ ਕੋਈ ਜਾਨੀ-ਮਾਲੀ ਨੁਕਸਾਨ ਨਾਂ ਹੋ ਸਕੇ। ਪਰ ਇਨਾਂ ਨੇ ਸਾਡੇ ਪੱਤਰ ਉੱਤੇ ਕਈ ਗੌਰ ਨਾਂ ਕਰਕੇ, ਕੁੰਭਕਰਨੀ ਨੀਂਦ ਵਿਚ ਸੌਂ ਕੇ ਪੰਜਾਬੀਆਂ ਅਤੇ ਸਿੱਖ ਕੌਮ ਦਾ ਬਹੁਤ ਵੱਡਾ ਮਾਲੀ ਨੁਕਸਾਨ ਕਰ ਦਿੱਤਾ ਹੈ। ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੰਜਾਬ ਸਰਕਾਰ, ਮਾਲ ਵਿਭਾਗ ਆਦਿ ਵੱਲੋਂ ਨੁਕਸਾਨ ਹੋਣ ਤੋਂ ਬਾਅਦ ਲੋਕਾਂ ਨੂੰ ਹੜਾਂ ਤੋਂ ਖਬਰਦਾਰ ਕਰਨਾਂ ਪੰਜਾਬ ਨਿਵਾਸੀਆਂ ਦੀਆਂ ਕੀਮਤੀ ਜਾਨਾਂ ਅਤੇ ਹੋਣ ਵਾਲੇ ਕਰੋੜਾਂ ਅਰਬਾਂ ਰੁਪਏ ਦੇ ਮਾਲੀ ਨੁਕਸਾਨ ਨਾਲ ਖਿਲਵਾੜ ਕਰਨ ਵਾਲਾ ਅਮਲ ਹੈ। ਉਨਾਂ ਕਿਹਾ ਕਿ ਜੋ ਅਫਸਰਸ਼ਾਹੀ ਇਸ ਦੁਖਾਂਤ ਲਈ ਜੰਮੇਵਾਰ ਹੈ, ਉਨਾਂ ਵਿਰੁੱਧ ਫੌਰੀ ਕਾਰਵਾਈ ਕਰਨ ਦੇ ਨਾਲ-ਨਾਲ ਜਿਨਾਂ ਜਿੰਮੀਦਾਰਾਂ ਦੀਆਂ ਫਸਲਾਂ ਅਤੇ ਘਰ ਤਬਾਹ ਹੋ ਗਏ ਹਨ ਉਨਾਂ ਨੂੰ ਫੌਰੀ ਤੌਰ ਤੇ ਹੋਏ ਨੁਕਸਾਨ ਦਾ ਮੁਆਵਜਾ ਅਤੇ ਮਦਦ ਦੇ ਕੇ ਫਿਰ ਤੋਂ ਖੜਾ ਕਰਨ ਵਿਚ ਮਦਦ ਕੀਤੀ ਜਾਵੇ। ਉਨਾਂ ਬਾਦਲ ਸਰਕਾਰ ਵੱਲੋਂ ਹੁਣ ਨੁਕਸਾਨ ਤੋÎ ਬਾਅਦ ਹੜਾਂ ਵਿਚ ਘਿਰੇ ਪਰਿਵਾਰਾਂ ਲਈ ਕਿਸ਼ਤੀਆਂ ਅਤੇ ਹੋਰ ਪ੍ਰਬੰਧ ਕਰਨ ਦੇ ਅਮਲਾਂ ਨੂੰ ”ਈਦ ਮਗਰੋਂ ਤੂੰਬਾ ਫੂਕਣ” ਦੀ ਕਹਾਵਤ ਅਨੁਸਾਰ ਕਾਰਵਾਈ ਕਰਨ ਨੂੰ ਪੰਜਾਬ ਨਿਵਾਸੀਆਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ। ਜਦੋਂ ਕਿ ਇਹ ਸਭ ਪ੍ਰਬੰਧ ਹੜਾਂ ਤੋਂ ਪਹਿਲਾਂ ਹੋਣੇ ਚਾਹੀਦੇ ਸੀ, ਤਾਂ ਕਿ ਸਰਹੱਦੀ ਸੂਬਿਆਂ ਦੇ ਪਿੰਡ ਜੋ ਦਰਿਲਾਵਾਂ ਦੀ ਮਾਰ ਹੇਠ ਆਉਂਦੇ ਹਨ, ਉਨਾਂ ਦੇ ਨੁਕਸਾਨ ਨੂੰ ਬਚਾਇਆ ਜਾ ਸਕਦਾ।
ਹੜਾਂ ਦੀ ਸਥਿਤੀ ਨਾਲ ਹੋਏ ਫਸਲੀ ਅਤੇ ਮਾਲੀ ਨੁਕਸਾਨ ਲਈ, ਮੁੱਖ ਸਕੱਤਰ, ਮਾਲ ਵਿਭਾਗ ਦੇ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਜਿੰਮੇਵਾਰ : ਸਿਮਰਨਜੀਤ ਮਾਨ



