ਚੰਡੀਗੜ੍ਹ, 18 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਮੀਂਹ ਤੋਂ ਇਲਾਵਾ ਉੱਪਰਲੇ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਪੌਂਗ ਡੈਮ, ਭਾਖੜਾ ਅਤੇ ਰਣਜੀਤ ਸਾਗਰ ਡੈਮਾਂ ਵਿੱਚ ਪਾਣੀ ਦੇ ਭਾਰੀ ਵਹਾਅ ਨੂੰ ਦੇਖਦੇ ਹੋਏ ਪੈਦਾ ਹੋਣ ਵਾਲੇ ਕਿਸੇ ਵੀ ਖਤਰੇ ਦੇ ਸੰਦਰਭ ‘ਚ ਰਾਜ ਸਿੰਚਾਈ ਵਿਭਾਗ ਨੂੰ ਸਾਰੇ ਜਿਲ੍ਹਿਆਂ ਦੇ ਪ੍ਰਸ਼ਾਸਨਾਂ ਖਾਸਕਰ ਅੰਮ੍ਰਿਤਸਰ ਅਤੇ ਗੁਰਦਾਸਪੁਰ ਨਾਲ ਮਿਲਕੇ ਕਮਰਕੱਸੇ ਕਰਨ ਲਈ ਆਖਿਆ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਏਥੇ ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ

ਅਤੇ ਉਨ੍ਹਾਂ ਨੇ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸੱਤਲੁਜ, ਰਾਵੀ ਅਤੇ ਬਿਆਸ ਦਰਿਆਵਾਂ ਦੇ ਨਾਲ ਨਾਲ 24 ਘੰਟੇ ਖਾਸ ਤੌਰ ‘ਤੇ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਜਾਇਦਾਦ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਮਾਨਵੀ ਅਤੇ ਪਸ਼ੂਆਂ ਦੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਦਵਾਈਆਂ ਸਮੇਤ ਵਿਸ਼ੇਸ਼ ਮੈਡੀਕਲ ਟੀਮਾਂ ਅਤੇ ਵੈਟਨਰੀ ਟੀਮਾਂ ਨੂੰ ਤਿਆਰ ਰੱਖਣ ਲਈ ਵੀ ਆਖਿਆ ਤਾਂ ਜੋ ਉਨ੍ਹਾਂ ਦੀ ਹਾਲਤਾਂ ਦੇ ਹਿਸਾਬ ਨਾਲ ਪਾਣੀ ਨਾਲ ਭਰੇ ਇਲਾਕਿਆਂ ਵਿੱਚ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਣ। ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਰਾਵੀ ਤੋਂ ਪਾਰ ਘਣੀਏ ਕੇ ਬੇਟ ਵਿੱਚੋਂ ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਨੀਵਾਰ ਦੀ ਸ਼ਾਮ ਨੂੰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਦਿੱਤਾ ਹੈ। ਜਿਲ੍ਹਾਂ ਪ੍ਰਸ਼ਾਸਨ ਦੇ ਕੋਲ ਕਿਸੇ ਵੀ ਪੈਦਾ ਹੋਣ ਵਾਲੀ ਸਥਿਤੀ ਨਾਲ ਨਿਪਟਣ ਲਈ ਚੋਖੀ ਮਾਤਰਾਂ ਵਿੱਚ ਕਿਸ਼ਤੀਆਂ ਅਤੇ ਹੋਰ ਸਾਜੋ-ਸਮਾਨ ਪਿਆ ਹੈ। ਰਾਵੀ ਨਦੀ ਦੇ ਉੱਤੇ ਅੰਮ੍ਰਿਤਸਰ ਜਿਲ੍ਹੇ ਦੀ ਅਜਨਾਲਾ ਸਬ ਡਵਿਜਨ ਦੇ ਪਿੰਡ ਸ਼ਾਹਪੁਰ ਵਿਖੇ ਐਡਵਾਂਸ ਬੰਨ੍ਹ ਦੇ ਕੁਝ ਹਿੱਸੇ ਨੂੰ ਨੁਕਸਾਨ ਪਹੁੰਚਾ ਸੀ ਅਤੇ ਹੁਣ ਉਸ ਨੂੰ ਜਿਲ੍ਹਾ ਪ੍ਰਸ਼ਾਸਨ ਅਤੇ ਸਿੰਚਾਈ ਵਿਭਾਗ ਨੇ ਪੂਰੀ ਤਰ੍ਹਾਂ ਠੀਕ ਕਰ ਦਿੱਤਾ ਹੈ। ਜਿਲ੍ਹਾ ਪ੍ਰਸ਼ਾਸਨ, ਫੌਜ, ਸੀਮਾ ਸੁਰੱਖਿਆ ਬਲ, ਪੰਜਾਬ ਪੁਲਿਸ ਅਤੇ ਸਿੰਚਾਈ ਵਿਭਾਗ ਵਲੋਂ ਐਡਵਾਂਸ ਬੰਨ੍ਹ ਨੂੰ ਮਜ਼ਬੂਤ ਬਨਾਉਣ ਲਈ ਇੱਕ ਸਾਂਝੀ ਕਾਰਵਾਈ ਪੂਰੇ ਜੋਰ ਸ਼ੋਰ ਨਾਲ ਚਲਾਈ ਜਾ ਰਹੀ ਹੈ। ਮੁੱਖ ਮੰਤਰੀ ਨੇ ਚੀਫ ਇੰਜੀਨੀਅਰ ਨਹਿਰਾਂ ਅਤੇ ਡਰੇਨਜ਼ ਨੂੰ ਪ੍ਰਮੁੱਖ ਸਕੱਤਰ ਸਿੰਚਾਈ ਦੇ ਨਾਲ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ‘ਤੇ ਨਿਗਰਾਨੀ ਰੱਖਣ ਲਈ ਤਾਇਨਾਤ ਕੀਤਾ ਹੈ। ਜਲੰਧਰ ਅਤੇ ਫਿਰੋਜਪੁਰ ਡਵੀਜ਼ਨਾਂ ਦੇ ਕਮਿਸ਼ਨਰਾਂ ਨੂੰ ਜਿਲ੍ਹਾ ਪ੍ਰਸ਼ਾਸਨ ਦੀਆਂ ਕੋਸ਼ਿਸਾਂ ਵਿੱਚ ਹੋਰ ਤੇਜੀ ਲਿਆਉਣ ਲਈ ਇਨ੍ਹਾਂ ਖੇਤਰਾਂ ਦਾ ਦੌਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮਤਰੀ ਦਫਤਰ ਅਤੇ ਸਿੰਚਾਈ ਵਿਭਾਗ ਵਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨਾਲ ਨੇੜੇ ਦੇ ਸਬੰਧ ਬਣਾਏ ਹੋਏ ਹਨ ਤਾਂ ਜੋ ਸੱਤਲੁਜ, ਰਾਵੀ ਅਤੇ ਬਿਆਸ ਵਿੱਚ ਛੱਡੇ ਜਾਣ ਵਾਲੇ ਪਾਣੀ ‘ਤੇ ਨਿਗਰਾਨੀ ਰੱਖੀ ਜਾ ਸਕੇ। ਰਾਵੀ ਵਿੱਚ 16 ਅਗਸਤ ਦੀ ਸ਼ਾਮ ਨੂੰ ਪਾਣੀ ਦਾ ਵਹਾਅ 4.90 ਲੱਖ ਕਿਉਸਕ ਸੀ ਜੋ ਹੁਣ ਘਟ ਕੇ 3.15 ਲੱਖ ਕਿਉਸਿਕ ਰਹਿ ਗਿਆ ਹੈ। ਸਥਿਤੀ ਨਾਲ ਪ੍ਰਭਾਵੀ ਢੰਗ ਨਾਲ ਨਿਪਟਣ ਲਈ ਡਿਪਟੀ ਕਮਿਸ਼ਰਾਂ ਨੂੰ ਕਾਫੀ ਫੰਡ ਦਿੱਤੇ ਗਏ ਹਨ।
ਮੁੱਖ ਮੰਤਰੀ ਵੱਲੋਂ ਹੜ੍ਹਾਂ ਸਬੰਧੀ ਅਧਿਕਾਰੀਆਂ ਨੂੰ ਚੌਕਸੀ ਦੇ ਨਿਰਦੇਸ਼



