ਨਵੀਂ ਦਿੱਲੀ, 18 ਅਗਸਤ (ਪੰਜਾਬ ਟਾਇਮਜ਼ ਬਿਊਰੋ)-15 ਅਗਸਤ ਨੂੰ ਦਿੱਲੀ ਦੇ ਤਿਲਕ ਵਿਹਾਰ ਇਲਾਕੇ ਵਿੱਚ ਦੋ ਧਿਰਾਂ ਵਿਚਾਲੇ ਹੋਏ ਹਿੰਸਕ ਟਕਰਾਅ ਤੋਂ ਬਾਅਦ ਅੱਜ ਦੋਵਾਂ ਧਿਰਾਂ ਦੇ ਮੁਖੀਆਂ ਵੱਲੋਂ ਸ਼ਾਂਤੀ ਮਾਰਚ ਕੱਢ ਕੇ ਇਲਾਕੇ ਦੇ ਲੋਕਾਂ ਨੂੰ ਸ਼ਾਂਤੀ ਦਾ ਸੁਨੇਹਾ ਦਿੱਤਾ ਗਿਆ। ਕੱਲ੍ਹ ਰਾਤ ਨੂੰ ਪੁਲਿਸ ਅਫਸਰਾਂ ਨੇ ਵਿਚ ਪੈ ਕੇ ਦੋਵਾ ਭਾਈਚਾਰੇ ਦੇ ਲੋਕਾ ਨੂੰ ਸਮਝਾ ਕੇ ਦੰਗੇ ਵਾਲੀ ਥਾਂ ਤੋਂ ਪੁਲਿਸ ਨੂੰ ਹਟਾ ਲਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਪਾਰਟੀ ਦੀ ਦਿੱਲੀ ਇਕਾਈ ਦੇ ਇੰਚਾਰਜ ਬਲਵੰਤ ਸਿੰਘ ਰਾਮੂਵਾਲੀਆ ਅਤੇ ਰਾਜਕੁਮਾਰ ਵੇਰਕਾ, ਵਾਇਸ ਚੇਅਰਮੈਨ ਨੈਸ਼ਨਲ ਐਸ. ਸੀ. ਕਮਿਸ਼ਨ ਨੇ ਦੰਗਾ ਪ੍ਰਭਾਵਿਤ ਇਲਾਕੇ ਵਿੱਚ ਦੋਨੋ ਭਾਈਚਾਰੇ ਦੇ ਲੋਕਾਂ ਨੂੰ ਨਾਲ ਲੈਕੇ ਅੱਜ ਪਹਿਲਾਂ ਸ਼ਾਂਤੀ ਮਾਰਚ ਕੱਢਿਆ ਤੇ ਫਿਰ ਸਾਰੇ ਲੋਕਾਂ ਨੇ ਗੁਰਦੁਆਰਾ ਸਾਹਿਬ ਵਿਖੇ ਸੁਖ ਸ਼ਾਂਤੀ ਵਾਸਤੇ ਅਰਦਾਸ ਕੀਤੀ।

ਅਰਦਾਸ ਉਪਰੰਤ ਮੰਦਿਰ ‘ਚ ਸਾਰੇ ਲੋਕਾਂ ਨੇ ਮੱਥਾ ਟੇਕਿਆ ਜਿਸ ਤੋਂ ਬਾਅਦ ਮੰਦਿਰ ਵਿਚ ਹੋਈ ਸਭਾ ਦੌਰਾਨ ਸ. ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਉਥੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਧਰਮਾਂ, ਜਾਤਾਂ ਦੇ ਲੋਕਾਂ ਨੂੰ ਇੱਕਸੂਤਰ ਵਿੱਚ ਪਿਰੋ ਕੇ ਧਾਰਮਿਕ ਭਾਈਚਾਰੇ ਨੂੰ ਹੀ ਕਾਇਮ ਨਹੀ ਰਖਿਆ, ਸਗੋ ਸਮਾਜਿਕ ਸਾਂਝ ਦੇ ਪਹਿਰੇਦਾਰ ਵਜੋਂ ਵੀ ਉਹ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਅਤੇ ਦਲਿਤ ਸਮਾਜ ਇੱਕ ਦੂਜੇ ਬਿਨਾ ਅਧੂਰੇ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਾਨੂੰ ਨਿਰੀ ਮਨੁੱਖਤਾ ਦੀ ਸੇਵਾ ਦਾ ਹੀ ਸੁਨੇਹਾ ਨਹੀਂ ਮਿਲਦਾ ਸਗੋਂ ਸਮਾਜ ਦੇ ਦੱਬੇ, ਕੁਚਲੇ ਤੇ ਵਿਤਕਰੇ ਦੇ ਸ਼ਿਕਾਰ ਲੋਕਾਂ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਉਨ੍ਹਾਂ ਨੂੰ ਸਨਮਾਨ ਦੇਣ ਦਾ ਵੀ ਮਿਲਦਾ ਹੈ। ਸ. ਰਾਮੂਵਾਲੀਆ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕਿ ਜੀ ਦੀ ਯਾਦ ਵਿਚ ਲਗਭਗ 100 ਕਰੋੜ ਰੁਪਏ ਦੀ ਲਾਗਤ ਨਾਲ ਇਕ ਯਾਦਗਾਰ ਬਣਾਈ ਜਾ ਰਹੀ ਹੈ। ਸਾਡੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਤਹਿਤ ਹੀ ਉਹ ਦਲਿਤ ਸਮਾਜ ਨੂੰ ਇਹ ਸੁਨੇਹਾ ਦੇਣ ਆਏ ਹਨ ਕਿ ਅਕਾਲੀ ਦਲ ਸਾਰੇ ਧਰਮਾਂ ਅਤੇ ਭਾਈਚਾਰੇ ਦੇ ਲੋਕਾਂ ਨੂੰ ਪੂਰਾ ਸਨਮਾਨ ਦਿੰਦਾ ਹੈ ਤੇ ਇਥੇ ਕੁਝ ਸ਼ਰਾਰਤੀ ਅਨਸਰਾਂ ਨੇ ਹੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸਦਾ ਅਸੀਂ ਸਖ਼ਤ ਵਿਰੋਧ ਕਰਦੇ ਹਾ। ਉਨ੍ਹਾਂ ਇਸ ਮੌਕੇ ਇਲਾਕੇ ਤੋਂ ਅਕਾਲੀ ਦਲ ਦੇ ਦਿੱਲੀ ਕਮੇਟੀ ਮੈਂਬਰ ਚਮਨ ਸਿੰਘ ਸ਼ਾਹਪੁਰਾ ਵੱਲੋਂ ਬੜੀ ਸੂਝਬੂਝ ਨਾਲ ਹਾਲਤ ਨੂੰ ਠੀਕ ਕਰਨ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਅਕਾਲੀ ਆਗੂ ਤੇ ਦਿੱਲੀ ਕਮੇਟੀ ਮੈਂਬਰ ਅਵਤਾਰ ਸਿੰਘ ਹਿਤ, ਹਰਮੀਤ ਸਿੰਘ ਕਾਲਕਾ, ਪਰਮਜੀਤ ਸਿੰਘ ਰਾਣਾ, ਜੀਤ ਸਿੰਘ, ਹਰਜਿੰਦਰ ਸਿੰਘ ਆਦਿ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ‘ਤੇ ਸੁਰਿੰਦਰ ਸਿੰਘ ਓਬਰਾਏ, ਜਸਪ੍ਰੀਤ ਸਿੰਘ, ਵਿੱਕੀ ਮਾਨ, ਵਿਕਰਮ ਸਿੰਘ ਰੋਹਿਣੀ, ਮਨਜੀਤ ਸਿੰਘ ਔਲਖ, ਸੁਰਜੀਤ ਸਿੰਘ, ਦਲੀਪ ਸਿੰਘ ਅਤੇ ਅਵਤਾਰ ਸਿੰਘ ਮੌਜੂਦ ਸਨ।
ਦਿੱਲੀ ਕਮੇਟੀ ਦੋਵਾਂ ਧਿਰਾਂ ‘ਚ ਸ਼ਾਂਤੀ ਸਥਾਪਤ ਕਰਾਉਣ ਵਿੱਚ ਕਾਮਯਾਬ



