ਨਵੀਂ ਦਿੱਲੀ, 17 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ’ਚ 5 ਨਵੇਂ ਜੱਜਾਂ ਨੇ ਸ਼ੁੱਕਰਵਾਰ ਨੂੰ ਸਹੁੰ ਚੁੱਕੀ, ਇਸ ਦੇ ਨਾਲ ਹੀ ਸੁਪਰੀਮ ਕੋਰਟ ‘ਚ ਕੁੱਲ ਜੱਜਾਂ ਦੀ ਗਿਣਤੀ 28 ਹੋ ਗਈ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪਿਛਲੇ ਦਿਨੀਂ ਇਨ੍ਹਾਂ 5 ਜੱਜਾਂ ਦੇ ਨਾਂਵਾਂ ‘ਤੇ ਆਪਣੀ ਮੋਹਰ ਲਾਈ ਸੀ। ਸਹੁੰ ਚੁੱਕਣ ਵਾਲੇ ਜੱਜਾਂ ‘ਚ ਮਦਰਾਸ ਹਾਈ ਕੋਰਟ ਦੇ ਚੀਫ ਜਸਟਿਸ ਸੰਜੇ ਕਿਸ਼ਨ ਕੌਲ, ਰਾਜਸਥਾਨ ਹਾਈ ਕੋਰਟ ਦੇ ਚੀਫ ਜਸਟਿਸ ਨਵੀਨ ਸਿਨਹਾ, ਛੱਤੀਸਗੜ੍ਹ ਹਾਈ ਕੋਰਟ ਦੇ ਚੀਫ ਜਸਟਿਸ ਦੀਪਕ ਗੁਪਤਾ, ਕੇਰਲ ਹਾਈ ਕੋਰਟ ਦੇ ਚੀਫ ਜਸਟਿਸ ਮੋਹਨ ਐੱਮ. ਸ਼ਾਂਤਨਾਗੋਦਰ ਅਤੇ ਕਰਨਾਟਕ ਹਾਈ ਕੋਰਟ ਦੇ ਜਸਟਿਸ ਐੱਸ. ਅਬਦੁੱਲ ਨਜੀਰ ਸ਼ਾਮਲ ਹਨ। ਸੁਪਰੀਮ ਕੋਰਟ ‘ਚ ਜੱਜਾਂ ਦੇ 31 ਅਹੁਦੇ ਹਨ ਪਰ ਕੱਲ ਤੱਕ ਇਸ ਦੇ 8 ਅਹੁਦੇ ਖਾਲੀ ਸਨ। ਅੱਜ 5 ਜੱਜਾਂ ਦੇ ਸਹੁੰ ਚੁੱਕਣ ਦੇ ਨਾਲ ਹੀ ਇਸ ‘ਚ ਕੁੱਲ 28 ਜੱਜ ਹੋ ਗਏ। ਹੁਣ ਵੀ ਤਿੰਨ ਅਹੁਦੇ ਖਾਲੀ ਹਨ। ਅਜਿਹਾ ਘੱਟ ਹੀ ਹੁੰਦਾ ਹੈ ਕਿ ਹਾਈ ਕੋਰਟ ਦਾ ਚੀਫ ਜਸਟਿਸ ਨਾ ਹੋਣ ਦੇ ਬਾਵਜੂਦ ਕਿਸੇ ਜੱਜ ਨੂੰ ਚੁਣ ਕੇ ਸੁਪਰੀਮ ਕੋਰਟ ਦਾ ਜੱਜ ਬਣਾਇਆ ਜਾਵੇ ਪਰ ਕਰਨਾਟਕ ਹਾਈ ਕੋਰਟ ਦੇ ਜੱਜ ਐੱਸ. ਅਬਦੁੱਲ ਨਜੀਰ ਨੂੰ ਇਹ ਮੌਕਾ ਦਿੱਤਾ ਗਿਆ ਹੈ।
ਸੁਪਰੀਮ ਕੋਰਟ ’ਚ 5 ਨਵੇਂ ਜੱਜਾਂ ਨੇ ਚੁੱਕੀ ਸਹੁੰ-ਕੁੱਲ ਗਿਣਤੀ ਹੋਈ 28



