ਨਵੀਂ ਦਿੱਲੀ, 23 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਦੇਸ਼ ਦੇ 5 ਸੂਬਿਆ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ’ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਹੋ ਚੁੱਕੀਆਂ ਹਨ। ਬੇਸ਼ੱਕ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਅਜੇ ਨਹੀਂ ਹੋਇਆ ਹੈ, ਪਰੰਤੂ ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਇਨ੍ਹਾਂ ਸੂਬਿਆ ‘ਚ ਅਗਲੇ ਸਾਲ ਫਰਵਰੀ-ਮਾਰਚ ‘ਚ ਚੋਣਾਂ ਸੰਭਵ ਹਨ।ਪਤਾ ਲੱਗਾ ਹੈ ਕਿ ਚੋਣ ਕਮਿਸ਼ਨ ਤਰੀਕਾਂ ਨੂੰ ਲੈ ਕੇ ਕਾਫੀ ਦੋਚਿੱਤੀ ਵਿੱਚ ਹੈ। ਚੋਣ ਕਮਿਸ਼ਨ ਇਸ ਸਬੰਧ ਵਿੱਚ ਖੂਫੀਆ ਏਜੰਸੀਆਂ ਵੱਲੋਂ ਮਿਲ ਰਹੀਆਂ ਸੂਚਨਾਵਾਂ ’ਤੇ ਨਿਰਭਰ ਕਰ ਰਿਹਾ ਹੈ। ਚੋਣ ਕਮਿਸ਼ਨ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਪਾਕਿਸਤਾਨ ਨਾਲ ਟਕਰਾਅ ਕਾਰਨ ਦੇਸ਼ ਵਿੱਚ ਬਹੁਤ ਹੀ ਸੰਵੇਦਨਸ਼ੀਲ ਮਾਹੌਲ ਹੈ। ਇਸ ਕਾਰਨ ਚੋਣਾਂ ਕਰਵਾਉਣ ਲਈ ਤਰੀਕਾਂ ਤੈਅ ਕਰਨ ਤੋਂ ਪਹਿਲਾਂ ਖੂਫੀਆ ਅਤੇ ਸੁਰੱਖਿਆ ਏਜੰਸੀਆਂ ਤੋਂ ਲੋੜੀਂਦੀ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਹੋ ਸਕਦਾ ਹੈ ਪੰਜਾਬ ਵਿੱਚ ਚੋਣਾਂ ਇੱਕ ਮਹੀਨਾ ਪੱਛੜ ਕੇ ਹੋਣ। ਇਸ ਦਾ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਨੂੰ ਭਾਰੀ ਲਾਭ ਹੋ ਸਕਦਾ ਹੈ। ਚੋਣ ਜ਼ਾਬਤਾ ਲੱਗਣ ਵਿੱਚ ਦੇਰੀ ਕਾਰਨ ਪੰਜਾਬ ਸਰਕਾਰ ਬਾਕੀ ਰਹਿੰਦੇ ਕਾਰਜਾਂ ਨੂੰ ਪੂਰਾ ਕਰ ਸਕੇਗੀ।



