ਫੌਜ ਦੇ ਅਹਿਮ ਅਧਿਕਾਰੀ ਅਤੇ ਹਜ਼ਾਰਾਂ ਸਾਬਕਾ ਫੌਜੀ ਭਰਨਗੇ ਹਾਜ਼ਰੀ
ਚੰਡੀਗੜ੍ਹ, 19 ਅਕਤੂਬਰ (ਬਲਜੀਤ ਸਿੰਘ ਬਰਾੜ)- ਅਮ੍ਰਿਤਸਰ ਵਿਖੇ ਪੰਜਾਬ ਸਰਕਾਰ ਵੱਲੋਂ ਉਸਰੀ ਗਈ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਅਤੇ ਮਿਊਜ਼ਿਅਮ (ਪੀ.ਐਸ.ਡਬਲਯੂ. ਐਚ.ਐਮ.ਐਮ) ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅੱਜ ਐਵਾਰ 23 ਅਕਤੂਬਰ ਨੂੰ ਦੇਸ਼ ਨੂੰ ਸਮਰਪਿਤ ਕਰਨਗੇ। ਇਸ ਮੌਕੇ ’ਤੇ ਵੱਡੀ ਗਿਣਤੀ ਵਿੱਚ ਫੌਜ ਦੇ ਅਧਿਕਾਰੀਆਂ, ਸਾਬਕਾ ਫੌਜੀਆਂ ਅਤੇ ਆਮ ਲੋਕਾਂ ਦੇ ਪਹੰਚਣ ਦੀ ਉਮੀਦ ਹੈ। ਪੰਜਾਬ ਸਰਕਾਰ ਵੱਲੋਂ ਇਸ ਸਮਾਗਮ ਵਿੱਚ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਨਾਉਣ ’ਤੇ ਜ਼ੋਰ ਦਿੱਤਾ ਗਆ ਹੈ। ਅੰਮ੍ਰਿਤਸਰ ਅਤੇ ਗੁਰਦਾਸਪੁਰ ਜਿਲ੍ਹਿਆਂ ਦੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਵੱਲੋਂ ਵੱਡੇ ਇਕੱਠ ਲਈ ਕਾਫੀ ਭੱਜ ਨੱਠ ਕੀਤੀ ਗਈ ਹੈ। ਉਦਘਾਟਨ ਸਮਾਰੋਹ ਅੰਮ੍ਰਿਤਸਰ ਦੀ ਏਅਰਪੋਰਟ ਰੋਡ ’ਤੇ ਪੈਂਦੇ ਰਣਜੀਤ ਐਵੇਨਿਊ ਵਿਖੇ ਹੋ ਰਿਹਾ ਹੈ। ਮੁੱਖ ਮੰਤਰੀ ਸ. ਬਾਦਲ, ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰ ਸ੍ਰੀ ਚੂਨੀ ਲਾਲ ਭਗਤ, ਸੈਨਿਕ ਸੇਵਾਵਾਂ ਬਾਰੇ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਦੀ ਹਾਜ਼ਰੀ ਵਿੱਚ ਸਵੇਰੇ 10 ਵਜੇ ਯਾਦਗਾਰ ਦਾ ਉਦਘਾਟਨ ਕਰਨਗੇ। 11 ਵਜੇ ਉਨ੍ਹਾਂ ਵੱਲੋਂ ਇਕੱਠ ਨੂੰ ਸੰਬੋਧਨ ਕੀਤਾ ਜਾਵੇਗਾ। ਪੰਜਾਬ ਸਰਕਾਰ ਦਾ ਇਹ ਬਹੁਤ ਅਹਿਮ ਪ੍ਰੋਜੈਕਟ ਹੈ। ਦੇਸ਼ ਦੀ ਆਨ ਸ਼ਾਨ ਦੀ ਰਾਖੀ ਰੱਖਦੇ ਹੋਏ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲੇ ਬਹਾਦਰ ਫੌਜੀਆਂ ਦੀ ਯਾਦ ਵਿੱਚ ਇਹ ਆਪਣੇ ਕਿਸਮ ਦੀ ਦੇਸ਼ ਭਰ ਵਿੱਚ ਪਹਿਲੀ ਤੇ ਵਿਲੱਖਣ ਯਾਦਗਾਰ ਹੈ। ਸ. ਬਾਦਲ ਮੁਤਬਿਕ ਇਹ ਯਾਦਗਾਰ ਦੇਸ਼ ਦੀ ਸੇਵਾ ਕਰਨ ਵਾਲੇ ਹਥਿਆਰਬੰਦ ਸੈਨਾਵਾਂ ਦੇ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਹੈ। ਇਸ ਉਦਘਾਟਨੀ ਸਮਾਰੋਹ ਵਿੱਚ ਏਅਰ ਚੀਫ ਮਾਰਸ਼ਲ ਅਰਜਨ ਸਿੰਘ, ਫੌਜ ਦੇ ਕੁਝ ਸਾਬਕਾ ਮੁਖੀ ਅਤੇ ਵੱਡੀ ਗਿਣਤੀ ਉੱਚ ਫੌਜੀ ਅਧਿਕਾਰੀ ਹਿੱਸਾ ਲੈਣਗੇ। ਇਸ ਸਮਾਰੋਹ ਵਿਚ 20 ਹਜ਼ਾਰ ਦੇ ਕਰੀਬ ਸਾਬਕਾ ਫੌਜੀਆਂ/ਵਿਧਵਾਵਾਂ ਦੇ ਪਹੁੰਚਣ ਦੀ ਉਮੀਦ ਹੈ। ਇਹ ਅਤਿ ਆਧੁਨਿਕ ਪ੍ਰਾਜੈਕਟ 130 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿਚ ਮਹਾਨ ਪੰਜਾਬ ਦੇ 2,000 ਸਾਲ ਦੇ ਇਤਿਹਾਸ ਨੂੰ ਮੂਰਤੀਮਾਨ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ, ਸੋਹਣ ਸਿੰਘ ਠੰਡਲ, ਵਿਧਾਇਕ ਸ. ਗੁਰਬਚਨ ਸਿੰਘ ਬੱਬੇਹਾਲੀ, ਸ. ਬਲਜੀਤ ਸਿੰਘ ਜਲਾਲ ਉਸਮਾ, ਸ. ਮਨਜੀਤ ਸਿੰਘ ਮੀਆਂਵਿੰਡ, ਸਾਬਕਾ ਮੰਤਰੀ ਸ. ਸੇਵਾ ਸਿੰਘ ਸੇਖਵਾਂ, ਸ. ਸੁੱਚਾ ਸਿੰਘ ¦ਗਾਹ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਅਤੇ ਹੋਰ ਸੀਨੀਅਰ ਆਗੂ ਹਾਜ਼ਰੀ ਭਰਨਗੇ। ਵਾਰ ਮੈਮੋਰੀਅਲ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਹੋਈਆਂ ਵੱਖ-ਵੱਖ ਜੰਗਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੋਧਿਆਂ ਅਤੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਮਾਰਤ ਵਿਚ ਹੁਣ ਤੱਕ ਹੋਈਆਂ ਜੰਗਾਂ ਵਿੱਚ ਸ਼ਹੀਦ ਹੋਏ 3500 ਦੇ ਕਰੀਬ ਪੰਜਾਬੀ ਫ਼ੌਜੀਆਂ ਦੇ ਨਾਂਅ ਵੀ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ਹੀਦਾਂ ਦੇ ਮਾਣ-ਸਤਿਕਾਰ ਤੇ ਅਦਬ ਵਧਾਉਣ ਲਈ ਇੱਥੇ ਏਸ਼ੀਆ ਦੀ ਸਭ ਤੋਂ ਉੱਚੀ (130 ਫੁੱਟੀ ਉੱਚੀ) ਅਤੇ 54 ਟਨ ਭਾਰੀ ਤਲਵਾਰ ਵੀ ਸਥਾਪਤ ਕੀਤੀ ਗਈ ਹੈ। ਕਿਰਪਾਨ ਹੇਠਾਂ ਬਣਾਏ ਗਏ ਥੜ੍ਹੇ ਵਿਚ ਨੌਜਵਾਨਾਂ ਨੂੰ ਦੇਸ਼ ਭਗਤੀ ਅਤੇ ਫ਼ੌਜ ਵਿਚ ਜਾਣ ਲਈ ਪ੍ਰੇਰਿਤ ਕਰਨ ਵਾਲੀਆਂ 8 ਗੈਲਰੀਆਂ ਬਣਾਈਆਂ ਗਈਆਂ ਹਨ, ਜਿਸ ਵਿਚ ਪੰਜਾਬੀਆਂ ਵੱਲੋਂ ਵੱਖ-ਵੱਖ ਜੰਗਾਂ ਵਿਚ ਵਿਖਾਏ ਗਏ ਬਹਾਦਰੀ ਭਰੇ ਕਾਰਨਾਮਿਆਂ ਨੂੰ ਕੰਧਾਂ ‘ਤੇ ਪੇਂਟਿੰਗ, ਬੁੱਤ, ਇਲੈਕਟ੍ਰੋਨਿਕ ਸਕਰੀਨ ਰਾਹੀਂ ਦਰਸਾਇਆ ਗਿਆ ਹੈ। ਇਹ ਝਲਕਾਰਾ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਲੜੀਆਂ 4 ਲੜਾਈਆਂ ਤੋਂ ਸ਼ੁਰੂ ਹੋ ਕੇ ਕਾਰਗਿਲ ਤੱਕ ਦਾ ਵਰਣਨ ਪੇਸ਼ ਕਰਦਾ ਹੈ। ਇਸ ਵਿਚ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਜਬਰ ਤੇ ਜ਼ੁਲਮ ਵਿਰੁੱਧ ਲੜੀਆਂ ਜੰਗਾਂ, ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੌਰਾਨ ਹੋਏ ਯੁੱਧ, ਐਂਗਲੋ ਸਿੱਖ ਵਾਰ ਦੀਆਂ 6 ਲੜਾਈਆਂ, ਦੋਵਾਂ ਵਿਸ਼ਵ ਯੁੱਧਾਂ ਵਿਚ ਪੰਜਾਬੀ ਫ਼ੌਜੀਆਂ ਵੱਲੋਂ ਵਿਖਾਏ ਜੌਹਰ, 1947-48 ਵਿਚ ਕਸ਼ਮੀਰ ਵਿਚ ਪਾਕਿਸਤਾਨੀ ਧਾੜਵੀਆਂ ਨਾਲ ਲੜੀ ਲੜਾਈ, 1962, 1965, 1971 ਅਤੇ 1999 ਵਿਚ ਹੋਏ ਕਾਰਗਿਲ ਦੀ ਲੜਾਈ ਨੂੰ ਬਾਖ਼ੂਬੀ ਪੇਸ਼ ਕੀਤਾ ਜਾਵੇਗਾ।ਵਾਰ ਮੈਮੋਰੀਅਲ ਵਿੱਚ ਪਾਕਿਸਤਾਨ ਤੋਂ ਖੋਹੇ ਅਮਰੀਕਾ ਦੇ ਬਣੇ ਸ਼ਰਮਨ ਟੈਂਕ ਅਤੇ 1971 ਦੀ ਜੰਗ ਦੌਰਾਨ ਖੇਮਕਰਨ ਬਾਰਡਰ ‘ਤੇ ਤਬਾਹ ਕੀਤੇ ਪਾਕਿਸਤਾਨੀ ਫ਼ੌਜ ਦੇ ਪੈਂਟਨ ਟੈਂਕ ਵੀ ਸਥਾਪਤ ਕੀਤੇ ਗਏ ਹਨ।ਮੈਮੋਰੀਅਲ ਦੇਖਣ ਆਉਣ ਵਾਲੇ ਸੈਲਾਨੀਆਂ ਨੂੰ ਇੱਥੇ ਫ਼ੋਟੋ ਖਿੱਚਣ ਦੀ ਵੀ ਪੂਰੀ ਖੁੱਲ੍ਹ ਹੈ।ਸੈਲਾਨੀਆਂ ਨੂੰ ਇਸ ਲਈ 130 ਰੁਪਏ ਖ਼ਰਚ ਕਰਨੇ ਹੋਣਗੇ।ਮੈਮੋਰੀਅਲ ਦਾ ਨੀਂਹ ਪੱਧਰ ਸ. ਬਾਦਲ ਵੱਲੋਂ ਫਰਵਰੀ 2014 ਵਿੱਚ ਅੰਮ੍ਰਿਤਸਰ ਵਿੱਚ ਸਾਬਕਾ ਫ਼ੌਜੀਆਂ ਦੀ ਇੱਕ ਵਿਸ਼ਾਲ ਰੈਲੀ ਦੌਰਾਨ ਰੱਖਿਆ ਗਿਆ ਸੀ।
ਸ. ਬਾਦਲ ਵੱਲੋਂ ਅੰਮ੍ਰਿਤਸਰ ਵਿਖੇ ਵਿਲੱਖਣ ਜੰਗੀ ਸ਼ਹੀਦਾਂ ਦੀ ਯਾਦਗਾਰ ਦਾ ਉਦਘਾਟਨ ਅੱਜ



