Skip to content
Independent perspectives. Global stories.
BREAKING

ਯੂਪੀ ’ਚ ਕਾਂਗਰਸ ਨੂੰ ਵੱਡਾ ਝਟਕਾ, ਰੀਤਾ ਬਹੁਗੁਣਾ ਭਾਜਪਾ ’ਚ ਸ਼ਾਮਿਲ

Share this story

ਰਾਹੁਲ ਕਾਂਗਰਸ ਨੂੰ ਅੱਗੇ ਨਹੀਂ ਵਧਾ ਸਕੇ : ਰੀਤਾ ਬਹੁਗੁਣਾ
image ਲਖਨਊ, 20 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਕਈ ਦਹਾਕਿਆਂ ਤੋਂ ਕਾਂਗਰਸ ਲਈ ਨਿੱਠ ਕੇ ਕੰਮ ਕਰਨ ਵਾਲੀ ਕਾਂਗਰਸ ਦੀ ਨੇਤਾ ਰੀਤਾ ਬਹੁਗੁਣਾ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਈ ਹੈ। ਰੀਤਾ ਬਹੁਗੁਣਾ ਜੋਸ਼ੀ ਨੂੰ ਗਾਂਧੀ ਪਰਿਵਾਰ ਖ਼ਾਸ ਤੌਰ ’ਤੇ ਸੋਨੀਆ ਗਾਂਧੀ ਦੇ ਕਰੀਬੀ ਸਮਝਿਆ ਜਾਂਦਾ ਰਿਹਾ ਹੈ। ਭਾਰਤੀ ਜਨਤਾ ਵਿੱਚ ਰਸਮੀ ਤੌਰ ’ਤੇ ਸ਼ਾਮਿਲ ਹੋਣ ਦਾ ਐਲਾਨ ਕਰਨ ਸਮੇਂ ਰੀਤਾ ਬਹੁਗੁਣਾ ਨਾਲ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਵੀ ਮੌਜੂਦ ਸਨ। ਰੀਤਾ ਬਹੁਗੁਣਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਨਾਲ ਲੜਨ ਦਾ ਬੀੜਾ ਚੁੱਕਿਆ ਹੈ। ਕਾਂਗਰਸ ਸਰਕਾਰ ਅਤੇ ਫੌਜ ਦਾ ਸਾਥ ਦੇਣ ਦੀ ਬਜਾਏ ਆਲੋਚਨਾ ਕਰਨ ਲੱਗੀ। ਅਜਿਹਾ ਲਗਦਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਕਾਂਗਰਸ ਨੇ ਸਬਕ ਨਹੀਂ ਸਿੱਖਿਆ। ਇਸ ਮੌਕੇ ਰੀਤਾ ਬਹੁਗੁਣਾ ਨੇ ਕਿਹਾ ਕਿ ਉਹ ਅੱਜ ਹੀ ਕਾਂਗਰਸ ਤੋਂ ਅਸਤੀਫਾ ਦੇ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਈ ਹੈ। ਲੰਬੀ ਸੋਚ ਵਿਚਾਰ ਉਪਰੰਤ ਹੀ ਉਸ ਨੇ ਇਹ ਫੈਸਲਾ ਲਿਆ ਹੈ। ਉਸ ਨੇ 24 ਸਾਲ ਕਾਂਗਰਸ ’ਚ ਗੁਜਾਰੇ ਹਨ, ਵਿੱਚੋਂ ਥੋੜ੍ਹੀ ਦੇਰ ਜ਼ਰੂਰ ਐਸਪੀ ਵਿੱਚ ਰਹੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਉਨ੍ਹਾਂ ਕਾਫੀ ਸੋਚ ਵਿਚਾਰ ਉਪਰੰਤ ਲਿਆ ਹੈ। ਉਨ੍ਹਾਂ ਲਈ ਇਹ ਫੈਸਲਾ ਆਸਾਨ ਨਹੀਂ ਸੀ। ਰੀਤਾ ਬਹੁਗੁਣਾ ਨੇ ਸਰਜੀਕਲ ਅਪ੍ਰੇਸ਼ਨ ਨੂੰ ਦੇਸ਼ ਦੀ ਫੌਜ ਦੇ ਨਾਲ ਸਰਕਾਰ ਦੀ ਵੀ ਪ੍ਰਾਪਤੀ ਦੱਸਿਆ। ਰੀਤਾ ਨੇ ਕਿਹਾ ਕਿ ਜਦੋਂ ਕਾਂਗਰਸ ਹੀ ਸਰਜੀਕਲ ਅਪ੍ਰੇਸ਼ਨ ਨੂੰ ਸਵੀਕਾਰ ਨਾ ਕਰਕੇ ਸਬੂਤ ਮੰਗ ਰਹੀ ਹੈ ਤਾਂ ਵਿਦੇਸ਼ਾਂ ਵਿੱਚ ਦੇਸ਼ ਦੀ ਛਵੀ ਪ੍ਰਭਾਵਿਤ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿੰਨੀ ਦੇਰ ਕਾਂਗਰਸ ਦੀ ਕਮਾਨ ਸੋਨੀਆ ਗਾਂਧੀ ਕੋਲ ਸੀ ਤਾਂ ਠੀਕ ਸੀ ਪਰ ਜਦੋਂ ਤੋਂ ਕਾਂਗਰਸ ਦੀ ਕਮਾਨ ਰਾਹੁਲ ਗਾਂਧੀ ਦੇ ਹੱਥ ਆਈ ਹੈ ਤਾਂ ਪਾਰਟੀ ਅੱਗੇ ਨਹੀਂ ਵਧ ਸਕੀ। ਇਸ ਖਬਰ ’ਤੇ ਪ੍ਰਤੀਕਰਮ ਦਿੰਦਿਆਂ ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਭਾਜਪਾ ’ਤੇ ਹਮਲਾ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਸੁਭਾਅ ਦਗਾਬਾਜ਼ ਨੇਤਾਵਾਂ ਦੀ ਫੌਜ ਇਕੱਠੀ ਕਰਨਾ ਹੈ। ਰੀਤਾ ਬਹੁਗੁਣਾ ਇਤਿਹਾਸ ਦੀ ਅਧਿਆਪਕਾ ਰਹਿ ਚੁੱਕੀ ਹੈ, ਉਸ ਨੂੰ ਇਤਿਹਾਸ ਦਾ ਚੰਗਾ ਗਿਆਨ ਹੈ। ਜ਼ਿਕਰਯੋਗ ਹੈ ਕਿ ਰੀਤਾ ਬਹੁਗੁਣਾ ਯੂਪੀ ਕਾਂਗਰਸ ਦੀ ਸਾਬਕਾ ਪ੍ਰਧਾਨ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਾਂਗਰਸ ਦੇ ਮਹਿਲਾ ਵਿੰਗ ਦੀ ਵੀ ਪ੍ਰਧਾਨ ਰਹਿ ਚੁੱਕੀ ਹੈ। ਕਾਂਗਰਸ ਨੇ ਇਸ ਬਾਰੇ ਸਪੱਸ਼ਟ ਰੂਪ ਵਿੱਚ ਕੁੱਝ ਨਹੀਂ ਕਿਹਾ। ਭਾਰਤੀ ਜਨਤਾ ਪਾਰਟੀ ਦੇ ਸੂਤਰਾਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਹੇਮਵਤੀ ਨੰਦਨ ਬਹੁਗੁਣਾ ਦੀ ਪੁੱਤਰੀ ਰੀਤਾ ਅਤੇ ਪਾਰਟੀ ਨੇਤਾਵਾਂ ਵਿੱਚ ਗੱਲਬਾਤ ਹੋਈ ਸੀ। ਕਿਹਾ ਜਾਂਦਾ ਹੈ ਕਿ ਸ਼ੀਲਾ ਦੀਕਸ਼ਤ ਨੂੰ ਕਾਂਗਰਸ ਦੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਪੇਸ਼ ਕਰਨ ਦੇ ਕਾਂਗਰਸ ਦੇ ਹਾਈਕਮਾਨ ਦੇ ਫੈਸਲੇ ਨੂੰ ਲੈ ਕੇ ਉਹ ਨਾਰਾਜ਼ ਸੀ ਅਤੇ ਰਾਜ ਬੱਬਰ ਨੂੰ ਉੱਤਰ ਪ੍ਰਦੇਸ਼ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਹ ਦੁਖੀ ਸੀ। ਉਸ ਦਾ ਮੰਨਣਾ ਹੈ ਕਿ ਇੱਕ ਬ੍ਰਾਹਮਣ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ’ਤੇ ਪੇਸ਼ ਕਰਨ ਲਈ ਉਹ ਸ਼ੀਲਾ ਦੀਕਸ਼ਤ ਨਾਲੋਂ ਯੋਗ ਉਮੀਦਵਾਰ ਸੀ। ਰੀਤਾ ਬਹੁਗੁਣਾ ਦੇ ਭਰਾ ਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਵਿਜੈ ਬਹੁਗੁਣਾ ਕੁੱਝ ਮਹੀਨੇ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਿਲ ਹੋਏ ਸਨ। ਰੀਤਾ ਲਖਨਊ ਦੀ ਛਾਉਣੀ ਸੀਟ ਤੋਂ ਵਿਧਾਇਕ ਰਹੀ ਹੈ। ਰੀਤਾ ਬਹੁਗੁਣਾ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ’ਤੇ ਭਾਜਪਾ ਨੂੰ ਫਾਇਦਾ ਹੋਵੇਗਾ ਕਿਉਂਕਿ ਪਾਰਟੀ ਨੂੰ ਬ੍ਰਾਹਮਣ ਵੋਟ ਇਕੱਠੀ ਕਰਨ ਵਿੱਚ ਸਫਲਤਾ ਮਿਲੇਗੀ। ਕਾਂਗਰਸ ਨੇ ਬ੍ਰਾਹਮਣ ਵੋਟ ਨੂੰ ਦੇਖਦਿਆਂ ਹੀ ਸ਼ੀਲਾ ਦੀਕਸ਼ਤ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਿਆ ਸੀ।

WRITTEN BY