ਨਵੀਂ ਦਿੱਲੀ/ਚੰਡੀਗੜ੍ਹ, 19 ਅਕਤੂਬਰ (ਪੰਜਾਬ ਟਾਮਿਜ਼ ਬਿਊਰੋ)- ਪੰਜਾਬ ਦੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਜੋ ਦੇਸ਼ ਦੇ ਸਰਕਾਰੀ ਸਕੂਲਾਂ ਦੇ ਸੁਧਾਰ ਲਈ ਬਣਾਈ ਗਈ ਕੈਬ (ਸਿੱਖਿਆ ਬਾਰੇ ਕੇਂਦਰੀ ਸਲਾਹਕਾਰ ਕਮੇਟੀ) ਦੀ ਸਬ ਕਮੇਟੀ ਦੇ ਚੇਅਰਪਰਸਨ ਸਨ, ਨੇ ਅੱਜ ਕਮੇਟੀ ਦੀ ਰਿਪੋਰਟ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਪ੍ਰਕਾਸ਼ ਜਾਵੜੇਕਰ ਨੂੰ ਸੌਂਪ ਦਿੱਤੀ। ਅੱਜ ਨਵੀਂ ਦਿੱਲੀ ਸਥਿਤ ਸ੍ਰੀ ਜਾਵੜੇਕਰ ਦੇ ਸਰਕਾਰੀ ਗ੍ਰਹਿ ਵਿਖੇ ਡਾ.ਚੀਮਾ ਨੇ 189 ਪੰਨਿਆਂ ਦੀ ਵਿਸਥਾਰਤ ਰਿਪੋਰਟ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸੰਯੁਕਤ ਸਕੱਤਰ ਤੇ ਕਮੇਟੀ ਦੇ ਮੈਂਬਰ ਸਕੱਤਰ ਸ੍ਰੀ ਮਨੀਸ਼ ਗਰਗ ਅਤੇ ਕਮੇਟੀ ਦੇ ਮੈਂਬਰ ਅਤੇ ਨਿਊਪਾ ਦੇ ਉਪ ਕੁਲਪਤੀ ਪ੍ਰੋ. ਜੇ.ਬੀ.ਜੇ ਤਿਲਕ ਦੀ ਮੌਜੂਦਗੀ ਵਿੱਚ ਕੇਂਦਰੀ ਮੰਤਰੀ ਨੂੰ ਸੌਂਪੀ। ਰਿਪੋਰਟ ਸੌਂਪਣ ਉਪੰਰਤ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਕਮੇਟੀ ਦੇ ਚੇਅਰਪਰਸਨ ਡਾ.ਚੀਮਾ ਨੇ ਦੱਸਿਆ ਕਿ ਰਿਪੋਰਟ ਸੌਂਪਣ ਮੌਕੇ ਕੇਂਦਰੀ ਮੰਤਰੀ ਸ੍ਰੀ ਜਾਵੜੇਕਰ ਨਾਲ ਮੁਲਾਕਾਤ ਦੌਰਾਨ ਰਿਪੋਰਟ ਵਿੱਚ ਕੀਤੀਆਂ ਸਿਫਾਰਸ਼ਾਂ ਦੇ ਅਹਿਮ ਨੁਕਤੇ ਵੀ ਵਿਚਾਰੇ ਗਏ। ਉਨ੍ਹਾਂ ਦੱਸਿਆ ਕਿ ਇਸ ਰਿਪੋਰਟ ਦੀਆਂ ਸਿਫਾਰਸ਼ਾਂ ਨੂੰ 25 ਅਕਤੂਬਰ ਨੂੰ ਹੋਣ ਵਾਲੀ ਕੈਬ ਦੀ ਸਾਲਾਨਾ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ ਜਿਸ ਵਿੱਚ ਦੇਸ਼ ਦੇ ਸਾਰੇ ਸੂਬਿਆਂ ਦੇ ਸਕੂਲ ਸਿੱਖਿਆ ਅਤੇ ਉਚੇਰੀ ਸਿੱਖਿਆ ਮੰਤਰੀ ਸ਼ਾਮਲ ਹੋਣਗੇ। ਸਬ ਕਮੇਟੀ ਦੀ ਰਿਪੋਰਟ ਵਿੱਚ ਕੀਤੀਆਂ ਪ੍ਰਮੁੱਖ ਸਿਫਾਰਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਡਾ.ਚੀਮਾ ਨੇ ਦੱਸਿਆ ਕਿ ਕਮੇਟੀ ਵੱਲੋਂ ਇਹ ਸਿਫਾਰਸ਼ ਕੀਤੀ ਗਈ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਆਧਾਰ ਮਜ਼ਬੂਤ ਕਰਨ ਲਈ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕੀਤੀਆਂ ਜਾਣ। ਅੱਠਵੀਂ ਤੱਕ ‘ਫੇਲ੍ਹ ਨਾ ਕਰਨ’ ਦੀ ਨੀਤੀ ਉਪਰ ਵੀ ਮੁੜ ਵਿਚਾਰ ਕਰਨ ਲਈ ਕਿਹਾ ਗਿਆ। ਇਸ ਦੇ ਨਾਲ ਹੀ ਪਹਿਲਾਂ ਵਾਂਗ ਪੰਜਵੀਂ ਤੇ ਅੱਠਵੀਂ ਦੀ ਸੂਬਾ ਪੱਧਰ ’ਤੇ ਸੁਤੰਤਰ ਪ੍ਰੀਖਿਆ ਮੁੜ ਸ਼ੁਰੂ ਕੀਤੀ ਜਾਵੇ। ਡਾ.ਚੀਮਾ ਨੇ ਦੱਸਿਆ ਕਿ ਰਿਪੋਰਟ ਤਿਆਰ ਕਰਦਿਆਂ ਵੱਖ-ਵੱਖ ਮੁਲਕਾਂ ਵੱਲੋਂ ਸਿੱਖਿਆ ਬਾਰੇ ਕੀਤੇ ਜਾਣ ਵਾਲੇ ਖਰਚ ਦੀ ਤੁਲਨਾ ਕੀਤੀ ਗਈ ਹੈ ਅਤੇ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਜੀ.ਡੀ.ਪੀ. (ਕੁੱਲ ਘਰੇਲੂ ਉਤਪਾਦ) ਦਾ 6 ਫੀਸਦੀ ਸਿੱਖਿਆ ਉਪਰ ਖਰਚ ਕੀਤਾ ਜਾਵੇ। ਇਸ ਦੇ ਨਾਲ ਹੀ ਕਮੇਟੀ ਨੇ ਐਲੀਮੈਂਟਰੀ/ਪ੍ਰਾਇਮਰੀ ਪੱਧਰ ਤੱਕ ਦੀ ਸਿੱਖਿਆ ਨੂੰ ਜ਼ਿਆਦਾ ਤਵੱਜੋਂ ਦੇਣ ’ਤੇ ਜ਼ੋਰ ਦਿੰਦਿਆਂ ਇਸ ਪੱਧਰ ਤੱਕ ਜ਼ਿਆਦਾ ਖਰਚਣ ਦੀ ਸਿਫਾਰਸ਼ ਕੀਤੀ ਹੈ। ਹਰ ਸਕੂਲ ਲਈ ਮੁਖੀ (ਹੈਡ ਟੀਚਰ/ਮੁੱਖ ਅਧਿਆਪਕ/ਪ੍ਰਿੰਸੀਪਲ) ਲਾਜ਼ਮੀ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੀ ਨਿਰੰਤਰ ਭਰਤੀ ਕਰਨ ਲਈ ਸੇਵਾ ਮੁਕਤੀ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਹੀ ਭਰਤੀ ਕੈਲੰਡਰ ਬਣਾਇਆ ਜਾਵੇ ਤਾਂ ਜੋ ਕੋਈ ਵੀ ਅਸਾਮੀ ਖਾਲੀ ਨਾ ਰਹੇ। ਕਮੇਟੀ ਨੇ ਇਹ ਵੀ ਸਿਫਾਰਸ਼ ਕੀਤੀ ਹੈ ਕਿ ਇਸ ਵੇਲੇ ਅਧਿਆਪਕ ਬਣਨ ਲਈ ਕਰਵਾਏ ਜਾਂਦੇ ਕੋਰਸਾਂ ਦੇ ਸਿਲੇਬਸ, ਕੋਰਸ ਦਾ ਸਮਾਂ ਅਤੇ ਕੋਰਸ ਦੌਰਾਨ ਸਕੂਲਾਂ ਵਿੱਚ ਪ੍ਰੈਕਟੀਟਲ ਟਰੇਨਿੰਗ ਆਦਿ ਨੂੰ ਮੁੜ ਘੋਖਣ ਲਈ ਵਿਦਿਅਕ ਮਾਹਿਰਾਂ ’ਤੇ ਆਧਾਰਿਤ ਇਕ ਕਮੇਟੀ ਲਗਾਈ ਜਾਵੇ। ਅਧਿਆਪਕਾਂ ਦੀ ਸੇਵਾ ਦੌਰਾਨ ਸਿਖਲਾਈ ਨੂੰ ਮਿਆਰੀ ਬਣਾਉਣ ਲਈ ਕਮੇਟੀ ਨੇ ਅਹਿਮ ਸਿਫਾਰਸ਼ ਕਰਦੇ ਹੋਏ ਕਿਹਾ ਇਸ ਦੀ ਜ਼ਿੰਮੇਵਾਰੀ ਦੇਸ਼ ਦੀਆਂ ਕੇਂਦਰੀ, ਸੂਬਾਈ ਤੇ ਹੋਰ ਯੂਨੀਵਰਸਿਟੀਆਂ ਨੂੰ ਦਿੱਤੀ ਜਾਵੇ ਤਾਂ ਜੋ ਅਧਿਆਪਕ ਨੂੰ ਬਿਹਤਰ ਮਾਹੌਲ ਅਤੇ ਸਮੇਂ ਦਾ ਹਾਣੀ ਬੁਨਿਆਦੀ ਢਾਂਚਾ ਅਤੇ ਯੂਨੀਵਰਸਿਟੀ ਦੇ ਵਿਦਿਅਕ ਅਤੇ ਉਸਾਰੂ ਮਾਹੌਲ ਦਾ ਲਾਭ ਮਿਲ ਸਕੇ।
ਡਾ. ਚੀਮਾ ਨੇ ਕੌਮੀ ਪੱਧਰ ’ਤੇ ਸਿੱਖਿਆ ਸੁਧਾਰਾਂ ਬਾਰੇ ਕਮੇਟੀ ਦੀ ਰਿਪੋਰਟ ਕੇਂਦਰੀ ਮੰਤਰੀ ਜਾਵੜੇਕਰ ਨੂੰ ਸੌਂਪੀ



