ਬਾਰਾਮੂਲਾ ’ਚ ਅੱਤਵਾਦੀਆਂ ਦਾ ਵੱਡਾ ਅੱਡਾ ਬੇਨਕਾਬ- 40 ਕਾਬੂ
ਸ੍ਰੀਨਗਰ, 19 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਕਸ਼ਮੀਰ ਵਿੱਚ ਤਣਾਅ ਬਣਿਆ ਰਹਿਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਹੁਣ ਇਸ ਵਿੱਚ ਚਿੰਤਾ ਦੀ ਇਕ ਨਵੀਂ ਗੱਲ ਇਹ ਜੁੜ ਗਈ ਹੈ ਕਿ ਅੱਤਵਾਦੀਆਂ ਵੱਲੋਂ ਵਰਤੋਂ ਵਿੱਚ ਲਿਆਂਦੀਆਂ ਜਾ ਰਹੀਆਂ ਚੀਜਾਂ ਜਿਵੇਂ ਪੈਟਰੋਲ ਬੰਬ, ਭਾਰਤ ਵਿਰੋਧੀ ਪ੍ਰਚਾਰ ਸਮਗਰੀ, ਅਣਅਧਿਕਾਰਤ ਸੈ¤ਲਫੋਨ ਅਤੇ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤਾਇਬਾ ਵਰਗੇ ਅੱਤਵਾਦੀ ਸੰਗਠਨਾ ਨਾਲ ਜੁੜੇ ਦਸਤਾਵੇਜ਼ਾਂ ਤੋਂ ਇਲਾਵਾ ਚੀਨ ਦੇ ਝੰਡੇ ਵੀ ਬਰਾਮਦ ਹੋਏ ਹਨ। ਤਕਰੀਬਨ 100 ਦਿਨਾਂ ਤੱਕ ਸ਼ਾਂਤ ਰਹਿਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਬਾਰਾਮੂਲਾ ਤੋਂ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈੇ। ਹਿਜ਼ਬ-ਉਲ-ਮੁਜ਼ਾਹਦੀਨ ਦੇ 22 ਸਾਲਾ ਕਮਾਂਡਰ ਬੁਰਹਾਨ ਵਾਨੀ ਦੇ ਜੁਲਾਈ ਮਹੀਨੇ ਵਿੱਚ ਮਾਰੇ ਜਾਣ ਤੋਂ ਬਾਅਦ ਪਿਛਲੇ ਤਿੰਨ ਮਹੀਨਿਆਂ ਤੋਂ ਵਾਦੀ ਵਿੱਚ ਫੈਲੀ ਗੜਬੜ ਦੌਰਾਨ ਬਾਰਾਮੂਲਾ ਹੀ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਰਿਹਾ ਹੈ। ਸ੍ਰੀਨਗਰ ਤੋਂ ਲੱਗਭੱਗ 55 ਕਿਲੋਮੀਟਰ ਦੂਰ ਵਸੇ ਬਾਰਾਮੂਲਾ ਵਿੱਚ ਪ੍ਰਦਰਸ਼ਨਕਾਰੀਆਂ ਦਾ ਬੋਲਬਾਲਾ ਰਿਹਾ, ਉਹ ਵਾਰ-ਵਾਰ ਕਰਫਿਊ ਦੀ ਉਲੰਘਣਾ ਕਰਕੇ ਸੁਰੱਖਿਆ ਬਲਾਂ, ਉਨ੍ਹਾਂ ਦੀਆਂ ਗੱਡੀਆਂ ਅਤੇ ਦਫਤਰਾਂ ’ਤੇ ਹਮਲੇ ਕਰਦੇ ਰਹੇ ਹਨ। ਪ੍ਰਦਰਸ਼ਨਕਾਰੀਆਂ ਵੱਲੋਂ ਪਾਕਿਸਤਾਨ ਦੇ ਝੰਡੇ ਲਹਿਰਾਏ ਜਾਣਾ ਇਥੇ ਕੋਈ ਨਵੀਂ ਗੱਲ ਨਹੀਂ ਹੈ ਪਰ ਹੁਣ ਖ਼ੁਫੀਆ ਏਜੰਸੀਆਂ ਨੂੰ ਵੱਡੇ-ਵੱਡੇ ਪ੍ਰਦਰਸ਼ਨਾਂ ਦੌਰਾਨ ਚੀਨ ਦੇ ਝੰਡੇ ਦਿਖਾਏ ਜਾਣਾ ਚਿੰਤਾ ਦਾ ਵਿਸ਼ਾ ਲੱਗ ਰਿਹਾ ਹੈ। ਗੜਬੜ ਦੀਆਂ ਘਟਨਾਵਾਂ ਦੇ ਹੌਲੀ-ਹੌਲੀ ਘਟਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਸ਼ਹਿਰ ਵਿੱਚ ਗਸ਼ਤ ਕੀਤੀ ਅਤੇ ਅੱਤਵਾਦੀ ਸਰਗਰਮੀਆਂ ਨਾਲ ਜੁੜੇ ਤਕਰੀਬਨ 40 ਵਿਅਕਤੀਆਂ ਨੂੰ ਕਾਬੂ ਕੀਤਾ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਬਾਰਾਮੂਲਾ ਦੀ ਪੁਰਾਣੀ ਬਸਤੀ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਤਹਿਤ 17 ਅਕਤੂਬਰ ਨੂੰ 12 ਘੰਟਿਆਂ ਵਿੱਚ 700 ਤੋਂ ਵੱਧ ਘਰਾਂ ਦੀ ਤਲਾਸ਼ੀ ਲਈ ਗਈ। ਬੁਲਾਰੇ ਨੇ ਇਹ ਵੀ ਦੱਸਿਆ ਕਿ ਛਾਪੇ 10 ਥਾਵਾਂ ’ਤੇ ਮਾਰੇ ਗਏ, ਜਿੱਥੇ ਪਥਰਾਅ ਕਰਨ ਵਾਲੇ ਅਤੇ ਸ਼ੱਕੀ ਅੱਤਵਾਦੀਆਂ ਦੀ ਮੱਦਦ ਕਰਨ ਵਾਲੇ ਲੋਕਾਂ ਦੇ ਰਹਿਣ ਦੀ ਸੰਭਾਵਨਾ ਸੀ। ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਪਾਕਿਸਤਾਨ ਨੇ ਉਸ ਨੂੰ ਅਜਿਹੇ ਸ਼ਹੀਦ ਵਜੋਂ ਪੇਸ਼ ਕੀਤਾ ਜੋ ਕਸ਼ਮੀਰ ਵਿੱਚ ਨਵੇਂ ਸੁਤੰਤਰਤਾ ਸੰਗਰਾਮ ਦੀ ਅਗਵਾਈ ਕਰ ਰਿਹਾ ਸੀ। ਉਸ ਦੀ ਮੌਤ ਤੋਂ ਬਾਅਦ ਸ਼ੁਰੂ ਹੋਏ ਹਿੰਸਕ ਪ੍ਰਦਰਸ਼ਨਾਂ ਵਿੱਚ 90 ਤੋਂ ਵੱਧ ਲੋਕ ਮਾਰੇ ਗਏ ਅਤੇ 10,000 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ, ਇਨ੍ਹਾਂ ਵਿੱਚ ਸੁਰੱਖਿਆ ਮੁਲਾਜ਼ਮ ਵੀ ਸ਼ਾਮਲ ਹਨ। ਭਾਰਤ ਨੇ ਦੰਗੇ ਭੜਕਾਉਣ ਅਤੇ ਉਨ੍ਹਾਂ ਨੂੰ ਵਿਤੀ ਮੱਦਦ ਦੇਣ ਦਾ ਦੋਸ਼ੀ ਪਾਕਿਸਤਾਨ ਨੂੰ ਦੱਸਿਆ।
ਕਸ਼ਮੀਰ ’ਚ ਚੀਨੀ ਝੰਡੇ ਲਹਿਰਾਉਣ ਤੋਂ ਖੁਫੀਆ ਏਜੰਸੀਆਂ ਚਿੰਤਿਤ



