ਬਠਿੰਡਾ, 19 ਅਕਤੂਬਰ (ਸੁਖਵਿੰਦਰ ਸਰਾਂ, ਪਵਨ, ਗੋਬਿੰਦ)- ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਵੱਲੋ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿੱਚ ਜਿਲਾ ਪ੍ਰਸਾਸ਼ਨ ਦੇ ਸਹਿਯੋਗ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼ੇਨਾ ਅਗਰਵਾਲ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਸਰਸ ਮੇਲੇ ਦੇ 6ਵੇਂੇਂ ਦਿਨ ਆਪਣੇ ਪੂਰੇ ਜੋਬਨ ਤੇ ਨਜ਼ਰ ਆਇਆ ਤੇ ਦਰਸ਼ਕਾਂ ਦੀ ਹਾਜਰੀ ਪੱਖੋ ਤਕਰੀਬਨ 20 ਹਜਾਰ ਤੋਂ ਵੱਧ ਲੋਕਾਂ ਨੇ ਮੇਲੇ ਦਾ ਆਨੰਦ ਮਾਣਿਆ। ਵਿਸ਼ੇਸ ਤੌਰ ਤੇ ਕਰਵਾ ਚੌਥ ਮੌਕੇ ਔਰਤਾਂ ਨੂੰ ਮੁਫਤ ਮੇਲਾ ਵੇਖਣ ਦੀ ਦਿੱਤੀ ਗਈ ਸਹੂਲੀਅਤ ਸਦਕਾ ਮੇਲੇ ਵਿੱਚ ਔਰਤਾਂ ਦੀ ਭਾਰੀ ਗਿਣਤੀ ਦਿਖਾਈ ਦਿੱਤੀ ਗਈ । ਔਰਤਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਾਰਣ ਮੇਲੇ ਵਿੱਚ ਲੱਗੀਆਂ ਸਟਾਲਾਂ ਤੇ ਭਾਰੀ ਰੌਣਕ ਵੇਖਣ ਨੂੰ ਮਿਲੀ ਤੇ ਔਰਤਾਂ ਵਲੋਂ ਦਿਲ ਖੋਲ੍ਹਕੇ ਖਰੀਦਦਾਰੀ ਵੀ ਕੀਤੀ ਗਈ । ਮੇਲੇ ਦੌਰਾਨ ਵੱਖ ਵੱਖ ਸੂਬਿਆਂ ਦੇ ਕਲਾਕਾਰਾਂ ਵੱਲੋ ਲੋਕ ਨਾਚਾਂ ਤੇ ਲੋਕ ਗੀਤਾਂ ਰਾਹੀ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ।ਇਸ ਤੋਂ ਇਲਾਵਾ ਜ਼ਿਲ੍ਹੇ ਭਰ ਦੇ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਵੱਲੋਂ ਭੰਗੜਾ,ਗਿੱਧਾ ਅਤੇ ਕਈ ਤਰ੍ਹਾਂ ਦੇ ਮਨੋਰੰਜ਼ਕ ਪ੍ਰੋਗਰਾਮ ਪੇਸ਼ ਕੀਤੇ ਗਏ। ਮੇਲੇ ਵਿੱਚ ਚੱਲ ਰਹੇ ਅੰਤਰਰਾਸ਼ਟਰੀ ਪੱਧਰ ਦੇ ਜ਼ਾਦੂਗਰ ਖਰਬੰਦਾ ਦੇ ਸ਼ੋਅ ਵਿੱਚ ਲੋਕਾਂ ਵੱਲੋਂ ਦਿਲਚਸਪੀ ਵਿਖਾਈ ਜਾ ਰਹੀ ਹੈ ਤੇ ਜ਼ਾਦੂਗਰ ਦੇ ਹਰ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੀ ਗਿਣਤੀ ਨੋਟ ਕੀਤੀ ਗਈ ਹੈ। ਸਭਿਆਚਾਰਕ ਪ੍ਰੋਗਰਾਮਾਂ ਦੌਰਾਨ ਸ਼ਾਮ ਹੋਣ ਮੌਕੇ ਮੇਲਾ ਉਸ ਮੌਕੇ ਆਪਣੇ ਪੂਰੇ ਜ਼ੋਬਨ ਤੇ ਪਹੁੰਚ ਗਿਆ ਜਦੋਂ ਪੰਜਾਬੀ ਗਾਇਕਾ ਨਿਮਰਤ ਖਹਿਰਾ ਵੱਲੋਂ ਆਪਣੀ ਗਾਇਕੀ ਰਾਹੀਂ ਸਮਾਂ ਬੰਨਿਆ ਅਤੇ ਉਨ੍ਹਾਂ ਦੇ ਗੀਤਾਂ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ । ਚੇਅਰਮੈਨ ਮਲੂਕਾ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼ੇਨਾ ਅਗਰਵਾਲ ਵਲੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਅਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ । ਚੇਅਰਮੈਨ ਮਲੂਕਾ ਨੇ ਕਿਹਾ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਲੋਕਾਂ ਦੇ ਮਨੋਰੰਜਨ ਲਈ ਉੱਚ ਕੋਟੀ ਦੇ ਗਾਇਕ ਕੰਵਰ ਗਰੇਵਾਲ,ਸ਼ੈਰੀ ਮਾਨ,ਸਤਵਿੰਦਰ ਬੁੱਗਾ ਅਤੇ ਕੁਲਵਿੰਦਰ ਬਿੱਲਾ ਮੇਲੇ ਵਿੱਚ ਹਾਜ਼ਰੀ ਲਗਾਉਣਗੇ। ਮੇਲੇ ਦੇ 6ਵੇਂ ਦਿਨ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂਆਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਰਜਿੰਦਰ ਬਤਰਾ, ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਕੌਰ ਕੋਟਫਤਾ, ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ, ਉੱਘੇ ਗਾਇਕ ਬੂਟਾ ਭਾਈਰੂਪਾ, ਉ¤ਪ ਚੇਅਰਮੈਨ ਪਰਮਜੀਤ ਕਾਕਾ ਸਿੱਧੂ, ਨਿਰਦੇਵ ਭਾਈਰੂਪਾ, ਚਰਨਜੀਤ ਬਰਾੜ, ਅਮਰਜੀਤ ਭੁੱਲਰ, ਗੁਰਜੀਤ ਸਿੰਘ ਦਿਉਣ, ਸੁਖਬੀਰ ਸਿੰਘ ਜੱਸੀ ਪੌਵਾਲੀ, ਸਿਕੰਦਰ ਹਰਰਾਏਪੁਰ, ਸੁਖਪਾਲ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਸਰਸ ਮੇਲੇ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਵੱਲੋਂ ਦਿਖਾਏ ਜਾ ਰਹੇ ਹਨ ਜਲਵੇ



