ਮੰਡੀ, 18 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਖ਼ਿਲਾਫ ਫੌਜ ਦੇ ਸਰਜੀਕਲ ਹਮਲੇ ਦੀ ਤੁਲਨਾ ਅੱਜ ਇਜ਼ਰਾਈਲੀ ਤਰਜ਼ ਦੇ ਅਭਿਆਨਾਂ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਦਿਖਾ ਦਿੱਤਾ ਹੈ ਕਿ ਉਹ ਕਿਸੇ ਨਾਲੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਭਰ ਵਿੱਚ ਭਾਰਤੀ ਫੌਜ ਦੇ ਕੰਮਾਂ ਦੀ ਚਰਚਾ ਹੋ ਰਹੀ ਹੈ। ਪਹਿਲਾਂ ਅਸੀਂ ਸੁਣਿਆ ਕਰਦੇ ਸਾਂ ਕਿ ਇਜ਼ਰਾਈਲ ਨੇ ਇਹ ਕੀਤਾ, ਇਜ਼ਰਾਈਲ ਨੇ ਉਹ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰ ਨੇ ਦੇਖਿਆ ਹੈ ਕਿ ਭਾਰਤੀ ਫੌਜ ਕਿਸੇ ਨਾਲੋਂ ਵੀ ਘੱਟ ਨਹੀਂ। ਇਜ਼ਰਾਈਲ ਦੁਸ਼ਮਣ ਦੇਸ਼ਾਂ ਅਤੇ ਅੱਤਵਾਦੀ ਸੰਗਠਨਾ ਖ਼ਿਲਾਫ਼ ਸਰਜੀਕਲ ਹਮਲਿਆਂ ਲਈ ਜਾਣਿਆ ਜਾਂਦਾ ਹੈ। ਪ੍ਰਧਾਨ ਮੰਤਰੀ ਹਿਮਾਚਲ ਪ੍ਰਦੇਸ਼ ਵਿੱਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇੱਥੇ ਉਨ੍ਹਾਂ ਨੇ ਤਿੰਨ ਪਣਬਿਜਲੀ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਸਰਜੀਕਲ ਹਮਲੇ ਦਾ ਮੁੱਦਾ ਰਾਜਨੀਤਕ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਰੋਧੀ ਧਿਰ ਦੋਸ਼ ਲਗਾ ਰਹੀ ਹੈ ਕਿ ਭਾਜਪਾ ਤੇ ਇਸ ਦੀ ਸਰਕਾਰ ਵੱਲੋਂ ਇਸ ਦੀ ਵਰਤੋਂ ਰਾਜਨੀਤਕ ਲਾਹਾ ਲੈਣ ਲਈ ਕੀਤੀ ਜਾ ਰਹੀ ਹੈ। ਭਾਜਪਾ ਇਨ੍ਹਾਂ ਦੋਸ਼ਾਂ ਦਾ ਖੰਡਨ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੌਜ ਦਾ ਮਨੋਬਲ ਵਧਾਉਣ ਅਤੇ ਪ੍ਰਧਾਨ ਮੰਤਰੀ ਦੀ ਮਜ਼ਬੂਤ ਇੱਛਾਸ਼ਕਤੀ ਨੂੰ ਚਿਤਰਨ ਲਈ ਮੁੱਦੇ ਨੂੰ ਜਨਤਾ ਤੱਕ ਲਿਜਾ ਰਹੀ ਹੈ। ਸੁਰੱਖਿਆ ਦਸਤਿਆਂ ਦੇ ਕਲਿਆਣ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਚਿਤਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਾਬਕਾ ਫੌਜੀਆਂ ਦੇ ਇੱਕ ਰੈਂਕ ਇੱਕ ਪੈਨਸ਼ਨ ਦੇ ਵਾਅਦੇ ਨੂੰ ਪੂਰਾ ਕੀਤਾ ਹੈ, ਜੋ 40 ਸਾਲ ਦੇ ਵੀ ਵੱਧ ਸਮੇਂ ਤੋਂ ਲਟਕਿਆ ਹੋਇਆ ਸੀ।
ਮੋਦੀ ਵੱਲੋਂ ਸਰਜੀਕਲ ਆਪ੍ਰੇਸ਼ਨ ਦੀ ਇਜ਼ਰਾਈਲੀ ਅਭਿਆਨਾਂ ਨਾਲ ਤੁਲਨਾ



