ਸ੍ਰੀ ਮੁਕਤਸਰ ਸਾਹਿਬ, 3 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਸ. ਬਿਕਰਮ ਸਿੰਘ ਮਜੀਠੀਆ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਭਾਰਤੀ ਫੌਜ ਦੇ ਹੱਕ ਵਿਚ ਡਟਣ ਦੇ ਫੈਸਲੇ ਦੀ ਸਰਾਹਨਾ ਕੀਤੀ ਹੈ।ਸ. ਮਜੀਠੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅੱਤਵਾਦ ਦੇ ਖਿਲਾਫ ਸਖਤ ਫੈਸਲਾ ਲੈ ਕੇ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਾਵਾਬ ਦਿੱਤਾ ਹੈ।ਇਸ ਦੇ ਨਾਲ ਹੀ ਸ. ਮਜੀਠੀਆ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਮੇਸ਼ਾ ਹੀ ਦੇਸ਼ ਹਿੱਤ ਖਾਤਰ ਅਨੇਕਾਂ ਮੁਸੀਬਤਾਂ ਦੇ ਬਾਵਜੂਦ ਮੋਹਰੀ ਭੂਮੀਕਾ ਨਿਭਾਉਣ ਵਾਲੇ ਪੰਜਾਬੀਆਂ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ।ਅੱਜ ਮੁਕਤਸਰ ਜ਼ਿਲੇ ਦੇ ਪਿੰਡ ਸਰਾਏਨਾਗਾਂ ਤੋਂ ਸ਼ੁਰੂ ਹੋਏ ਯੂਥ ਅਕਾਲੀ ਦਲ ਦੇ ਵੱਡੇ ਰੋਡ ਸ਼ੋਅ ਵਿਚ ਸ਼ਾਮਿਲ ਹੁੰਦਿਆਂ ਮੁਕਤਸਰ ਅਨਾਜ ਮੰਡੀ ਵਿਚ ਚਾਰ ਘੰਟੇ ਵਿਚ ਪਹੁੰਚੇ ਸ. ਮਜੀਠੀਆ ਨੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਜ਼ਾਰਾਂ ਨੌਜਵਾਨਾਂ ਨੇ ਇਸ ਰੋਡ ਸ਼ੋਅ ਅਤੇ ਰੈਲੀ ਵਿਚ ਹਿੱਸਾ ਲੈ ਕੇ ਦੱਸ ਦਿੱਤਾ ਹੈ ਕਿ ਪੰਜਾਬ ਦਾ ਨੌਜਵਾਨ ਤੀਜੀ ਵਾਰ ਅਕਾਲੀ-ਭਾਜਪਾ ਸਰਕਾਰ ਬਣਾਉਣ ਲਈ ਤਤਪਰ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਪੰਜਾਬੀ ਦੇਸ਼ ਦੀ ਕੁਲ ਜਨਸੰਖਿਆਂ ਦਾ ਸਿਰਫ ਦੋ ਫੀਸਦੀ ਹਿੱਸਾ ਹੀ ਹਨ ਪਰ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਹੀ ਦਿੱਤੀਆਂ ਹਨ। ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਪ੍ਰਭਾਵਿਤ ਲੋਕਾਂ ਨੂੰ ਹਰ ਤਰਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਲਗਾਤਰ ਸਰਹੱਦੀ ਖੇਤਰਾਂ ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜਪੁਰ ਅਤੇ ਫਾਜਿਲਕਾ ਵਿਚ ਜਾ ਕੇ ਵਿਚ ਜਾ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਕੈਪਟਨ ਜੋ ‘ਹਲਕੇ ਵਿਚ ਕੈਪਟਨ’ ਨਾ ਦੇ ਪ੍ਰੋਗਰਾਮ ਦੇ ਨਾਮ ਤਹਿਤ ਲੋਕਾਂ ਨਾਲ ਰਾਬਤਾ ਕਰਨ ਦੀ ਗੱਲ ਆਖ ਰਿਹਾ ਹੈ, ਇਹ ਇਕ ਚੋਣ ਸਟੰਟ ਤੋਂ ਸਿਵਾਏ ਹੋਰ ਕੁਝ ਨਹੀਂ। ਸ. ਮਜੀਠੀਆ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਪ ਮੁਜ਼ਰਮਾਂ, ਰਿਸ਼ਵਤਖੋਰਾਂ ਅਤੇ ਚਰਿਤਰਹੀਣ ਆਗੂਆਂ ਦੀ ਜੁੰਡਲੀ ਬਣ ਕੇ ਰਹਿ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ, ਉੱਪ ਮੁੱਖ ਮੰਤਰੀ ਦੇ ਓ.ਐਸ.ਡੀ ਸ. ਪਰਮਿੰਦਰ ਸਿੰਘ ਬਰਾੜ, ਉੱਪ ਮੁੱਖ ਮੰਤਰੀ ਦੇ ਓ.ਐਸ.ਡੀ ਸ. ਮਨਜਿੰਦਰ ਸਿੰਘ ਸਿਰਸਾ, ਯੂਥ ਅਕਾਲੀ ਦਲ ਮਾਲਵਾ ਜੋਨ-1 ਦੇ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਆਰਮੈਨ ਹਰਦੀਪ ਸਿੰਘ ਢਿੱਲੋਂ, ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ, ਅਵਤਾਰ ਸਿੰਘ ਬਣਾਵਾਲਾ, ਓ.ਐਸ.ਡੀ ਮੁੱਖ ਮੰਤਰੀ ਪੰਜਾਬ ਬਲਕਰਨ ਸਿੰਘ, ਓ.ਐਸ.ਡੀ ਮੁੱਖ ਮੰਤਰੀ ਪੰਜਾਬ ਗੁਰਚਰਨ ਸਿੰਘ, ਮਨਿਜਿੰਦਰ ਸਿੰਘ ਬਿੱਟੂ, ਬਿੰਦਰ ਗੋਨਿਆਣਾ, ਨਵਤੇਜ ਸਿੰਘ ਕੌਣੀ ਐਸ.ਜੀ.ਪੀ.ਸੀ ਮੈਂਬਰ ਸਮੇਤ ਸੁਮੱਚੇ ਜ਼ਿਲ੍ਹੇ ਦੀ ਅਕਾਲੀ ਲੀਡਰਸ਼ਿਪ ਹਾਜ਼ਰ ਸੀ।
ਪ੍ਰਧਾਨ ਮੰਤਰੀ ਵੱਲੋਂ ਭਾਰਤੀ ਫੌਜ ਦੇ ਹੱਕ ਵਿੱਚ ਡਟਣ ਦੇ ਫੈਸਲੇ ਦੀ ਮਜੀਠੀਆ ਵੱਲੋਂ ਸ਼ਲਾਘਾ



