ਪ੍ਰਧਾਨ ਮੰਤਰੀ ਵੱਲੋਂ ਦਿੱਲੀ ’ਚ ਪ੍ਰਵਾਸੀ ਭਾਰਤੀ ਕੇਂਦਰ ਦਾ ਉਦਘਾਟਨ
॥ਨਵੀਂ ਦਿੱਲੀ, 2 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਨੇ ਕਿਸੇ ਦੇਸ਼ ’ਤੇ ਹਮਲਾ ਨਹੀਂ ਕੀਤਾ ਹੈ ਅਤੇ ਨਾ ਹੀ ਉਹ ਕਿਸੇ ਦੀ ਜ਼ਮੀਨ ਹੜੱਪਣਾ ਚਾਹੁੰਦਾ ਹੈ, ਬਲਕਿ ਉਸ ਦੇ ਜਵਾਨਾਂ ਨੇ ਰਾਸ਼ਟਰ ਹਿੱਤ ਅਤੇ ਦੂਜਿਆਂ ਲਈ ਲੜਦੇ ਹੋਏ ਕੁਰਬਾਨੀ ਦਿੱਤੀ ਹੈ।ਮੋਦੀ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ, ਜਦੋਂ ਪਾਕਿਸਤਾਨ ਕੌਮਾਂਤਰੀ ਪੱਧਰ ’ਤੇ ਕਸ਼ਮੀਰ ਮੁੱਦੇ ਨੂੰ ਲੈ ਕੇ ਲਗਾਤਾਰ ਅਵਾਜ਼ ਚੁੱਕ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀ ਕੇਂਦਰ ਦੇ ਉਦਘਾਟਨ ਤੋਂ ਬਾਅਦ ਬੋਲਦੇ ਹੋਏ ਕਿਹਾ, ‘ਭਾਰਤ ਨੇ ਕਿਸੇ ‘ਤੇ ਹਮਲਾ ਨਹੀਂ ਕੀਤਾ।ਉਹ ਨਾ ਹੀ ਜ਼ਮੀਨ ਦਾ ਭੁੱਖਾ ਹੈ ਬਲਕਿ ਦੋ ਵਿਸ਼ਵ ਯੁੱਧਾਂ ’ਚ, ਜਿਸ ’ਚ ਭਾਰਤ ਦਾ ਸਿੱਧੇ ਤੌਰ ’ਤੇ ਕੁਝ ਵੀ ਦਾਅ ’ਤੇ ਨਹੀਂ ਸੀ, ਉਸ ’ਚ ਡੇਢ ਲੱਖ ਭਾਰਤੀ ਫੌਜੀਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ।‘ਮੋਦੀ ਨੇ ਕਿਹਾ ਕਿ ਵਿਦੇਸ਼ਾਂ ‘ਚ ਮੌਜੂਦ ਭਾਰਤੀ ਭਾਈਚਾਰਾ ਰਾਜਨੀਤੀ ‘ਚ ਸ਼ਾਮਲ ਹੋਣ ਜਾਂ ਵਿਦੇਸ਼ੀ ਧਰਤੀ ’ਤੇ ਸੱਤਾ ਹਾਸਲ ਕਰਨ ‘ਚ ਵਿਸ਼ਵਾਸ ਨਹੀਂ ਰੱਖਦਾ।ਭਾਰਤ ਸਮਾਜਿਕ ਭਾਵਨਾਂ ਦੇ ਸਿਧਾਂਤ ਦਾ ਪਾਲਣ ਕਰਕੇ ਹੋਰ ਭਾਈਚਾਰਿਆਂ ਨਾਲ ਮਿਲ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਦੇਸ਼ਾਂ ’ਚ ਵੱਸੇ ਭਾਰਤੀ ਪਾਣੀ ਦੀ ਤਰ੍ਹਾਂ ਹਨ, ਉਹ ਜ਼ਰੂਰਤ ਅਨੁਸਾਰ ਢਲ ਜਾਂਦੇ ਹਨ।ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਸੰਸਾਰ ਵਿੱਚ ਅੱਜ ਇੱਕ ਵੱਖਰੀ ਪਹਿਚਾਣ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿਰਫ ਸ਼ਬਦਾਂ ਤੋਂ ਨਹੀਂ ਬਲਕਿ ਵਿਵਹਾਰ ਕਾਰਨ ਸਾਡੇ ਮਾਣ ਵਿੱਚ ਵਾਧਾ ਹੋਇਆ ਹੈ।
ਭਾਰਤ ਕਿਸੇ ਦੀ ਜ਼ਮੀਨ ਦਾ ਭੁੱਖਾ ਨਹੀਂ : ਮੋਦੀ



