ਅੰਮ੍ਰਿਤਸਰ, 12 ਜੁਲਾਈ (ਨਰਿੰਦਰ ਪਾਲ ਸਿੰਘ)-ਅੰਮ੍ਰਿਤਸਰ ਦਾ ਵਿਕਾਸ ਕਰਨ ਦੇ ਨਾਲ-ਨਾਲ ਇਸ ਦੀ ਵਿਰਾਸਤੀ ਦਿੱਖ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ, ਜਿਸ ਨਾਲ ਇਹ ਜਿੱਥੇ ਅੰਤਰਰਾਸ਼ਟਰੀ ਪੱਧਰ ‘ਤੇ ਸੈਰ-ਸਪਾਟੇ ਦੇ ਕੇਂਦਰ ਵਜੋਂ ਉਭਰੇਗਾ, ਉਥੇ ਪੰਜਾਬ ਦੇ ਸਭਿਆਚਾਰ ਅਤੇ ਸੰਸਕ੍ਰਿਤੀ ਦੇ ਪ੍ਰਚਾਰ ਦਾ ਸਾਧਨ ਵੀ ਬਣੇਗਾ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸਥਾਨਕ ਹੋਟਲ ਵਿਚ ਸ਼ਹਿਰ ਦੇ ਵਿਕਾਸ ਕੰਮਾਂ ਦੀ ਸਮੀਖਿਆ ਅਤੇ ਨਵੀਆਂ ਤਜਵੀਜ਼ਾਂ ਦੀ ਨਜ਼ਰਸਾਨੀ ਕਰਦੇ ਅਧਿਕਾਰੀਆਂ ਨਾਲ ਕੀਤਾ।

ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਲਈ ਉਪ ਮੁੱਖ ਮੰਤਰੀ ਸ. ਬਾਦਲ ਦੀ ਅਧਿਕਾਰੀਆਂ ਨਾਲ ਪਿਛਲੇ ਇਕ ਮਹੀਨੇ ਦੌਰਾਨ ਲਗਾਤਾਰ ਇਹ ਤੀਸਰੀ ਮੀਟਿੰਗ ਸੀ। ਅੱਜ ਮੀਟਿੰਗ ਤੋਂ ਪਹਿਲਾਂ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਖ਼ੁਦ ਗੱਡੀ ਚਲਾ ਕੇ ਉਪ ਮੁੱਖ ਮੰਤਰੀ ਨੂੰ ਹਾਲ ਗੇਟ ਮਾਰਕੀਟ, ਗੋਲ ਬਾਗ, ਭੰਡਾਰੀ ਪੁੱਲ, ਪੁਰਾਣੀ ਸਬਜ਼ੀ ਮੰਡੀ ਆਦਿ ਦਾ ਮੁਆਇਨਾ ਕਰਵਾਇਆ ਅਤੇ ਇਨ੍ਹਾਂ ਥਾਵਾਂ ਦੀ ਢੁਕਵੀਂ ਵਿਉਂਤਬੰਦੀ ਬਾਰੇ ਮਸ਼ਵਰੇ ਦਿੱਤੇ। ਸ. ਬਾਦਲ ਨੇ ਸਪੱਸ਼ਟ ਕੀਤਾ ਕਿ ਉਹ ਸ਼ਹਿਰ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸੈਲਾਨੀ ਕੇਂਦਰ ਵਜੋਂ ਉਭਾਰਨਾ ਚਾਹੁੰਦੇ ਹਨ ਅਤੇ ਇਸ ਵਿਚ ਕੋਈ ਵੀ ਰੁਕਾਵਟ ਜਾਂ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਦੇ ਵਿਕਾਸ ਦੇ ਨਾਲ-ਨਾਲ ਇਸ ਦੀ ਵਿਰਾਸਤੀ ਦਿੱਖ ਨੂੰ ਮੁੜ ਸੁਰਜੀਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਲਈ ਸਥਾਨਕ ਹਾਲ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਨੂੰ ਪੰਜਾਬ ਸਰਕਾਰ ਦੇ ਖਰਚੇ ‘ਤੇ ਇਕੋ-ਜਿਹੀ ਦਿੱਖ ਦੇਣ ਦਾ ਹੁਕਮ ਵੀ ਦਿੱਤਾ, ਜੋ ਕਿ ਇਸ ਦੀ ਵਿਰਾਸਤ ਨੂੰ ਦਰਸਾਉਂਦੀ ਹੋਵੇ। ਇਸ ਤਾਂ ਇਲਾਵਾ ਚੱਲਣ ਵਾਲੀ ਸਿਟੀ ਬੱਸ ਦੇ ਸਾਰੇ ਸ਼ੈਲਟਰ ਨਾਨਕਸ਼ਾਹੀ ਇੱਟਾਂ ਆਦਿ ਦੇ ਬਣਾਏ ਜਾਣ। ਸ਼ਹਿਰ ਵਿਚ ਲਮਕਦੀਆਂ ਬਿਜਲੀ ਅਤੇ ਟੈਲੀਫੋਨ ਆਦਿ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ਦੀ ਸੁੰਦਰਤਾ ਵਧੇਗੀ ਅਤੇ ਵੱਧ ਤੋਂ ਵੱਧ ਸੈਲਾਨੀ ਸ਼ਹਿਰ ਨੂੰ ਖਿੱਚੇ ਆਉਣਗੇ। ਉਨ੍ਹਾਂ ਜ਼ਿਲ•ਾ ਪ੍ਰਸ਼ਾਸਨ ਵੱਲੋਂ ਢਾਹੁਣ ਲਈ ਸ਼ਨਾਖਤ ਕੀਤੀਆਂ ਸਾਰੀਆਂ 140 ਇਮਾਰਤਾਂ ਦੀ ਮੁੜ ਸਮੀਖਿਆ ਕਰਨ ਲਈ ਸ਼ਹਿਰ ਦੀ ਰਵਾਇਤੀ ਦਿੱਖ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਵਜੋਂ ਸਭਿਆਚਾਰ ਤੇ ਲੋਕ ਨਿਰਮਾਣ ਵਿਭਾਗ ਦੀ ਕਮੇਟੀ ਬਣਾਉਣ ਦਾ ਹੁਕਮ ਦਿੱਤਾ। ਇਸ ਦੇ ਨਾਲ-ਨਾਲ ਉਨ੍ਹਾਂ ਸ਼ਹਿਰ ਦੇ ਵਿਰਸੇ ਨੂੰ ਚੰਗੀ ਤਰ੍ਹਾਂ ਪੇਸ਼ ਕਰਨ ਲਈ ਸਿੱਖਿਅਤ ਗਾਈਡ ਨਿਯੁਕਤ ਕਰਨ ਲਈ ਸੈਰ-ਸਪਾਟਾ ਵਿਭਾਗ ਨੂੰ ਕਿਹਾ, ਤਾਂ ਜੋ ਬਾਹਰੋਂ ਆਉਂਦੇ ਸੈਲਾਨੀਆਂ ਨੂੰ ਸ਼ਹਿਰ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਅੰਮ੍ਰਿਤਸਰ ਦੀ ਵਿਰਾਸਤੀ ਦਿੱਖ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ : ਸੁਖਬੀਰ ਬਾਦਲ



