Skip to content
Independent perspectives. Global stories.
BREAKING

ਜੰਮੂ-ਕਸ਼ਮੀਰ ‘ਚ ਸਥਿਤੀ ਤਣਾਅਪੂਰਨ : ਕਈ ਥਾਂ ਕਰਫਿਊ, ਫੌਜ ਤਾਇਨਾਤ

Share this story

ਸ਼੍ਰੀਨਗਰ, 11 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਕਿਸ਼ਤਵਾੜ ਦੀ ਫਿਰਕੂ ਹਿੰਸਾ ਹੋਰਨਾਂ ਖੇਤਰਾਂ ਵਿੱਚ ਫੈਲਣ ਨਾਲ ਜੰਮੂ-ਕਸ਼ਮੀਰ ਵਿੱਚ ਸਥਿਤੀ ਐਤਵਾਰ ਨੂੰ ਹੋਰ ਤਣਾਅਪੂਰਨ ਹੋ ਗਈ, ਜਿਸ ਕਾਰਨ ਜੰਮੂ, ਉੱਧਮਪੁਰ, ਰਜੋਰੀ, ਰਿਆਸੀ ਅਤੇ ਜ਼ਿਲ੍ਹਾ ਕਠੁਆ ਦੇ ਲਖਨਪੁਰ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਕਰਫਿਊ ਲਗਾਉਣਾ ਪਿਆ। ਕਿਸ਼ਤਵਾੜ ਵਿੱਚ ਜਿੱਥੇ ਬੀਤੇ ਸ਼ੁੱਕਰਵਾਰ ਹੋਈ ਫਿਰਕੂ ਹਿੰਸਾ ਵਿੱਚ 2 ਵਿਅਕਤੀ ਮਾਰੇ ਗਏ ਸਨ ਅਤੇ ਘੱਟੋ-ਘੱਟ 30 ਵਿਅਕਤੀ ਜ਼ਖਮੀ ਹੋ ਗਏ ਸਨ, ਅੱਜ ਤੀਜੇ ਦਿਨ ਵੀ ਲਗਾਤਾਰ ਕਰਫਿਊ ਜਾਰੀ ਰਿਹਾ। ਜੰਮੂ-ਕਸ਼ਮੀਰ ਸਰਕਾਰ ਨੇ ਸਿਆਸੀ ਆਗੂਆਂ ਅਤੇ ਵੱਖਵਾਦੀ ਨੇਤਾਵਾਂ ਨੂੰ ਕਿਸ਼ਤਵਾਰ ਦਾ ਦੌਰਾ ਕਰਨ ਉੱਪਰ ਰੋਕ ਲਗਾ ਦਿੱਤੀ ਹੈ।
police
ਉਧਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁਲਾ ਨੇ ਭਾਜਪਾ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਅਗਲੇ ਸਾਲ ਹੋਣ ਵਾਲੇ ਸੰਸਦ ਅਤੇ ਵਿਧਾਨ ਸਭਾ ਚੋਣਾਂ ‘ਚ ਫੁਟ ਪਾਉਣ ਦੇ ਮਕਸਦ ਨਾਲ ਕਿਸ਼ਤਵਾੜ ‘ਚ ਸਥਿਤੀ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਮਰ ਨੇ ਕਿਹਾ ਕਿ ਹਿੰਸਾ ‘ਚ ਸ਼ਾਮਲ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਨੂੰ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਆਮ ਪਾਰਟੀ ਜਾਂ ਵੱਖਵਾਦੀ ਪਾਰਟੀਆਂ ਦੇ ਕਿਸੇ ਵੀ ਆਗੂ ਨੂੰ ਪ੍ਰਭਾਵਿਤ ਖੇਤਰ ‘ਚ ਨਹੀਂ ਜਾਣ ਦਿੱਤਾ ਜਾਵੇਗਾ ਕਿਉਂਕਿ ਇਸ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ।

WRITTEN BY