ਮਾਛੀਵਾੜਾ ਸਾਹਿਬ, 11 ਅਗਸਤ (ਕਰਮਜੀਤ ਸਿੰਘ ਆਜ਼ਾਦ)-ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿਖੇ 1984 ਦੇ ਦੰਗਿਆਂ ਦੌਰਾਨ ਸ਼ਹੀਦ ਹੋਏ ਸਿੱਖਾਂ ਦੀ ਯਾਦਗਾਰ ਬਣਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸੰਨ 2011 ਵਿਚ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਇਸ ਯਾਦਗਾਰ ਦੀ ਉਸਾਰੀ ਸ਼ੁਰੂ ਨਾ ਹੋਣ ਕਾਰਨ ਸਿੱਖ ਕੌਮ ਵਿਚ ਭਾਰੀ ਰੋਹ ਹੈ ਇਸ ਲਈ ਸਿੱਖਾਂ ਦੀ ਨਸਲਕੁਸ਼ੀ ਦੀ ਮੂੰਹ ਬੋਲਦੀ ਤਸਵੀਰ ਹੋਂਦ ਚਿੱਲੜ ਦੀ ਯਾਦਗਾਰ ਦਾ ਨਿਰਮਾਣ ਸ਼੍ਰੋਮਣੀ ਕਮੇਟੀ ਜਲਦ ਸ਼ੁਰੂ ਕਰੇ।

ਉਕਤ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਮਾਛੀਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਅੱਜ ਇਥੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਗੁਰਮਤਿ ਸਿਖਲਾਈ ਕੇਂਦਰ ਲੁਧਿਆਣਾ ਅਤੇ ਗੁਰਮਤਿ ਅਕੈਡਮੀ ਪਟਿਆਲਾ ਵੱਲੋਂ ਸਾਂਝੇ ਤੌਰ ਤੇ ਲਗਾਏ ਗਏ ਇੱਕ ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ ਵਿਚ ਸ਼ਮੂਲੀਅਤ ਕਰਨ ਲਈ ਆਏ ਸਨ। ਉਨ੍ਹਾਂ ਦੱਸਿਆ ਕਿ ਅੱਜ ਤੱਕ ਹੋਂਦ ਚਿੱਲੜ ਵਿਚ ਸ਼ਹੀਦ ਹੋਏ ਸਿੱਖਾਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ ਜਦਕਿ ਇਸ ਬਾਰੇ ਗਠਿਤ ਕੀਤੇ ਗਏ ਗਰਗ ਕਮਿਸ਼ਨ ਨੂੰ ਦੋਸ਼ੀਆਂ ਦੀ ਸੂਚੀ ਤੋਂ ਇਲਾਵਾ ਗਵਾਹੀਆਂ ਵੀ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਗਰਗ ਕਮਿਸ਼ਨ ਨੇ 6 ਮਹੀਨੇ ਅੰਦਰ ਸਾਰੀ ਰਿਪੋਰਟ ਪੇਸ਼ ਕਰਨੀ ਸੀ ਪਰ ਅੱਜ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ ਨਾ ਮਿਲਣਾ ਬੜਾ ਹੀ ਮੰਦਭਾਗਾ ਹੈ। ਰੋਮ ਵਿਖੇ ਯਾਤਰਾ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਪਗੜੀ ਦੀ ਬੇਇਜ਼ਤੀ ਕਰਨ ਦੇ ਮਾਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਬੇਸ਼ੱਕ ਇਹ ਘਟਨਾ ਮੰਦਭਾਗੀ ਹੈ ਪਰ ਪੰਜਾਬ ਵਿਚ ਰੋਜ਼ਾਨਾ ਹੀ ਸਿੱਖਾਂ ਦੀਆਂ ਦਸਤਾਰਾਂ ਉਤਰਦੀਆਂ ਹਨ ਸਭ ਤੋਂ ਪਹਿਲਾਂ ਉਨਾਂ ਨੂੰ ਰੋਕਿਆ ਜਾਵੇ ਤਾਂ ਹੀ ਅਸੀਂ ਬਾਰਹਲੇ ਦੇਸ਼ਾਂ ਨੂੰ ਅਜਿਹੀ ਘਿਨਾਉਣੀ ਹਰਕਤ ਤੋਂ ਰੋਕ ਸਕਦੇ ਹਾਂ। ਨਰਿੰਦਰ ਮੋਦੀ ਵੱਲੋਂ ਗੁਜ਼ਰਾਤ ਦੇ ਸਿੱਖਾਂ ਨਾਲ ਜੋ ਵਿਤਕਰਾ ਕੀਤਾ ਜਾ ਰਿਹਾ ਹੈ ਉਸ ਸਬੰਧੀ ਉਨਾਂ ਕਿਹਾ ਕਿ ਅਕਾਲੀ ਦਲ ਸਿੱਖਾਂ ਦਾ ਉਜਾੜਾ ਰੋਕਣ ਲਈ ਗੋਂਗਲੂਆਂ ਤੋਂ ਮਿੱਟੀ ਨਾ ਝਾੜੇ ਬਲਕਿ ਠੋਸ ਕਾਰਵਾਈ ਕਰੇ।ਇਸ ਤੋਂ ਇਲਾਵਾ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਸੰਤ ਬਾਬਾ ਮਨਮੋਹਣ ਸਿੰਘ ਬਾਰਨ ਵਾਲਿਆਂ ਦੀ ਅਗਵਾਈ ਹੇਠ ਲਗਾਏ ਗਏ ਗੁਰਮਤਿ ਟ੍ਰੇਨਿੰਗ ਕੈਂਪ ਦੌਰਾਨ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਵਿਚ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਤੇ ਪਹਿਲੇ 12 ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਸੰਤਾਂ ਮਹਾਂਪੁਰਸ਼ਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ 35 ਸਿੱਖ ਸਰੂਪ ਵਿਚ ਸਜੇ ਬੱਚਿਆਂ ਨੇ ਸਹਿਜ ਪਾਠ ਆਰੰਭ ਕੀਤੇ ਅਤੇ ਸ਼ਹਿਰ ਵਿਚ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਇੱਕ ਪੰਜ ਮੈਂਬਰੀ ਧਰਮ ਪ੍ਰਚਾਰ ਕਮੇਟੀ ਦਾ ਗਠਨ ਵੀ ਕੀਤਾ ਗਿਆ। ਸੰਤ ਬਾਬਾ ਮਨਮੋਹਣ ਸਿੰਘ ਬਾਰਨ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਪਨੀਰੀ ਨੂੰ ਸੰਭਾਲਣਾ ਅੱਜ ਸਮੇਂ ਦੀ ਲੋੜ ਹੈ ਇਸ ਲਈ ਸਾਰੀਆਂ ਧਾਰਮਿਕ ਸੰਸਥਾਵਾਂ ਇੱਕਜੁੱਟ ਹੋ ਕੇ ਸਿੱਖ ਧਰਮ ਦੇ ਪ੍ਰਚਾਰ ਲਈ ਜੁਟ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੁਖਵੀਰ ਸਿੰਘ, ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ, ਪਰਮਿੰਦਰ ਸਿੰਘ ਗੁਲਿਆਣੀ, ਬਲਜਿੰਦਰ ਸਿੰਘ ਤੂਰ ਪ੍ਰਿੰਸੀਪਲ, ਬਾਬਾ ਵਰਿੰਦਰ ਸਿੰਘ ਵਾਸੂ, ਰਜਿੰਦਰ ਸਿੰਘ ਤੂਰ, ਪ੍ਰਦੀਪ ਸਿੰਘ, ਇੰਦਰਜੀਤ ਸਿੰਘ, ਸਰਬਜੀਤ ਸਿੰਘ, ਸਿਕੰਦਰ ਸਿੰਘ, ਤਰਲੋਚਨ ਸਿੰਘ, ਸਿਮਰਦੀਪ ਅਤੇ ਸਿਮਰਨਜੀਤ ਸਿੰਘ ਗੋਗੀਆ ਆਦਿ ਵੀ ਮੌਜੂਦ ਸਨ।
ਹੋਂਦ ਚਿੱਲੜ ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਸ਼੍ਰੋਮਣੀ ਕਮੇਟੀ ਜਲਦ ਉਸਾਰੇ : ਪੀਰ ਮੁਹੰਮਦ



