ਜੰਮੂ, 10 ਅਗਸਤ (ਪੀ.ਟੀ.)-ਜੰਮੂ ਕਸ਼ਮੀਰ ਨਾਲ ਲੱਗਦੀ ਅਸਲ ਕੰਟਰੋਲ ਰੇਖਾ ਉੱਪਰ ਪਾਕਿਸਤਾਨ ਦੀ ਫੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਲਗਾਤਾਰ ਜਾਰੀ ਹੈ। ਅੱਜ ਪਾਕਿਸਤਾਨ ਦੀ ਫੌਜ ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਜਿਸ ਵਿੱਚ ਲਗਭਗ 7,000 ਰਾਉਂਡ ਫਾਇਰ ਕੀਤੇ ਗਏ ਹਨ।

ਇਸ ਘਟਨਾ ਕਾਰਨ ਦੋਵੇਂ ਦੇਸ਼ਾਂ ਦਰਮਿਆਨ ਤਣਾਅ ਹੋਰ ਵੱਧ ਗਿਆ ਹੈ। 5 ਭਾਰਤੀ ਫੌਜੀਆਂ ਦੇ ਕਤਲ ਤੋਂ ਬਾਅਦ ਪਾਕਿਸਤਾਨ ਦੀ ਫੌਜ ਅਸਲ ਕੰਟਰੋਲ ਰੇਖਾ ਉੱਪਰ ਲਗਾਤਾਰ ਗੋਲੀਬਾਰੀ ਕਰਕੇ ਜੰਗਬੰਦੀ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ। ਆਮ ਤੌਰ ‘ਤੇ ਜੰਗਬੰਦੀ ਦੀ ਉਲੰਘਣਾ ਲਗਭਗ 30 ਮਿੰਟ ਤੱਕ ਕੀਤੀ ਜਾਂਦੀ ਹੈ ਅਤੇ ਤਕਰੀਬਨ 30 ਰਾਉਂਡ ਫਾਇਰ ਕੀਤੇ ਜਾਂਦੇ ਹਨ, ਪਰ ਹੁਣ ਕੀਤੀ ਗਈ ਗੋਲਾਬਾਰੀ 7 ਘੰਟੇ ਤੋਂ ਵੀ ਵੱਧ ਸਮੇਂ ਤੱਕ ਚੱਲੀ। ਇਸ ਵਿੱਚ ਹਾਲੇ ਤੱਕ ਕਿਸੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਭਾਰਤੀ ਫੌਜ ਪਾਕਿਸਤਾਨ ਦੀ ਇਸ ਹਰਕਤ ਉੱਪਰ ਲਗਾਤਾਰ ਨਿਗਰਾਨੀ ਰੱਖ ਰਹੀ ਹੈ। ਪਾਕਿਸਤਾਨ ਦੀ ਫੌਜ ਵੱਲੋਂ ਭਾਰਤ ਦੀਆਂ ਕਈ ਚੌਕੀਆਂ ਉੱਪਰ ਗੋਲੀਬਾਰੀ ਕੀਤੀ ਗਈ। ਜਵਾਬ ਵਿੱਚ ਬੇਸ਼ੱਕ ਭਾਰਤੀ ਫੌਜੀਆਂ ਨੇ ਵੀ ਗੋਲੀਬਾਰੀ ਕੀਤੀ ਹੈ ਪ੍ਰੰਤੂ ਇਸ ਦਾ ਪਾਕਿਸਤਾਨੀ ਫੌਜ ਉੱਪਰ ਕੋਈ ਅਸਰ ਨਹੀਂ ਹੋਇਆ।ਜੰਗਬੰਦੀ ਦੀ ਤਾਜਾ ਉਲੰਘਣਾ ਨਾਲ ਅਗਲੇ ਮਹੀਨੇ ਨਿਊਯਾਰਕ ਵਿਖੇ ਸੰਯੁਕਤ ਰਾਸ਼ਟਰ ਦੀ ਜਨਰਲ ਅੰਸੈਂਬਲੀ ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਦਰਮਿਆਨ ਹੋਣ ਵਾਲੀ ਪ੍ਰਸਾਵਿਤ ਬੈਠਕ ਰੱਦ ਹੋਣ ਦਾ ਖਦਸ਼ਾ ਹੈ।
ਪਾਕਿ ਵੱਲੋਂ ਹੁਣ ਤੱਕ ਜੰਗਬੰਦੀ ਦੀ ਸਭ ਤੋਂ ਵੱਡੀ ਉਲੰਘਣਾ


