ਮੈਰੀਲੈਂਡ, 22 ਨਵੰਬਰ (ਡਾ. ਗਿੱਲ)- ਅਮਰੀਕਨ ਡਾਈਵਰਸਿਟੀ ਗਰੁੱਪ ਵੱਲੋਂ ਮੀਊਰ ਮੋਦੀ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਮੈਡੀਕਲ ਮੁਫਤ ਕੈਂਪ ਬਾਲਟੀਮੋਰ ਕਾਊਂਟੀ ਮੁਸਲਿਮ ਕੌਂਸਲ ਦੀ ਮਸਜਿਦ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ 475 ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਉਠਾਇਆ। ਇਸ ਕੈਂਪ ਵਿੱਚ ਮੁਫਤ ਫਲੂ ਸ਼ਾਟ, ਬਲੱਡ ਟੈਸਟ, ਹੈਪੀਟਾਈਜ਼, ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਟੈਸਟ ਦੀ ਸਹੂਲਤ ਮੌਜੂਦ ਸੀ। ਤਿੰਨ ਦਰਜਨ ਸਪੈਸ਼ਲਿਸਟ ਡਾਕਟਰਾਂ ਨੇ ਇਸ ਕੈਂਪ ਨੂੰ ਕਾਮਯਾਬ ਕਰਨ ਲਈ ਯੋਗਦਾਨ ਪਾਇਆ। ਵੱਖ-ਵੱਖ ਫਾਰਮੇਸੀਆਂ ਵੱਲੋਂ ਇਸ ਕੈਂਪ ਵਿੱਚ ਨਜ਼ਰ ਟੈਸਟ, ਦੰਦਾਂ ਦਾ ਨਿਰੀਖਣ, ਹੈਲਥ ਬੀਮਾ, ਯੋਗਾ ਅਤੇ ਨੀਊਰੋ, ਪੇਟ ਦੀਆਂ ਬਿਮਾਰੀਆਂ ਤੋਂ ਇਲਾਵਾ ਫ੍ਰੀ ਲਿਟਰੇਚਰ ਵੀ ਵੰਡਿਆ ਗਿਆ। ਮਸਜਿਦ ਦੀ ਪ੍ਰਬੰਧਕ ਕਮੇਟੀ ਵੱਲੋਂ ਆਏ ਡਾਕਟਰਾਂ ਅਤੇ ਸਪਾਂਸਰਜ਼ ਨੂੰ ਮੁਫਤ ਖਾਣਾ ਮੁਹੱਈਆ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਕੈਂਪ ਨੂੰ ਕਾਮਯਾਬ ਕਰਨਲਈ ਡਾ. ਮੁਹੰਮਦ ਯੂਨਸ, ਸਲੀਮ ਅਹਿਮਦ ਪ੍ਰਧਾਨ, ਜਨ ਐਵਨ ਨੇ ਭਰਭੂਰ ਯੋਗਦਾਨ ਪਾਇਆ। ਤੈਲਗੂ ਐਸੋਸੀਏਸ਼ਨ, ਅਸਾਮੀ ਸੰਸਥਾ ਅਤੇ ਕੋਰੀਅਨ ਸੰਸਥਾਵਾਂ ਵੱਲੋਂ ਉਸ ਕੈਂਪ ਨੂੰ ਚਾਰ ਚੰਨ ਲਗਾਏ। ਗਵਰਨਰ ਹਾਊਸ ਤੋਂ ਸਟੀਵ ਮਕੈਡਿਮ ਡਾਇਰੈਕਟਰ ਕੁਮਿਊਨਿਟੀ ਅਫੇਅਰ ਨੇ ਸ. ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨਰ ਅਤੇ ਸਾਜਿਦ ਤਰਾਰ ਦੀ ਅਗਵਾਈ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਅਤੇ ਕੈਂਪ ਦੇ ਆਰਗੇਨਾਈਜ਼ਰਾਂ ਨੂੰ ਸਾਈਟੇਸ਼ਨਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਜਿੱਥੇ ਮਰੀਜ਼ਾਂ ਦੀ ਸਿਹਤ ਦਾ ਨਿਰੀਖਣ ਕੀਤਾ ਗਿਆ ਉਥਏ ਮੁਫਤ ਸੇਵਾਵਾਂ ਅਤੇ ਸਹੂਲਤਾਂ ਨਾਲ ਉਨ੍ਹਾਂ ਨੂੰ ਆਕਰਸ਼ਿਤ ਵੀ ਕੀਤਾ ਗਿਆ, ਵਧੀਆ ਢੰਗ ਨਾਲ ਆਯੋਜਿਤ ਇਹ ਕੈਂਪ ਯੂਥ ਲਈ ਪ੍ਰੇਰਨਾ ਸਰੋਤ ਸੀ ਜਿਨ੍ਹਾਂ ਨੇ ਖੁਸ਼ੀ-ਖੁਸ਼ੀ ਹਰੇਕ ਮਰੀਜ਼ ਅਤੇ ਕੈਂਪ ਦੇ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਦਿਲੋਂ ਮਦਦ ਕਰਕੇ ਖੁਸ਼ੀ ਹਾਸਿਲ ਕੀਤੀ। ਪ੍ਰਬੰਧ ਅਤੇ ਡਾਕਟਰਾਂ ਦੀ ਵਿਸ਼ਾਲ ਹਾਜ਼ਰੀ ਪੱਖੋਂ ਇਸ ਕੈਂਪ ਦੀ ਅਹਿਮੀਅਤ ਮੀਲ ਪੱਥਰ ਵਜੋਂ ਸਾਬਿਤ ਹੋਈ ਹੈ। ਸਮੁੱਚੇ ਤੌਰ ’ਤੇ ਇਹ ਕੈਂਪ ਆਪਣੇ ਆਪ ਵਿੱਚ ਇੱਕ ਛਾਪ ਹੀ ਨਹੀਂ ਸਗੋਂ ਪ੍ਰੇਰਨਾ ਦਾ ਸਾਧਨ ਵੀ ਬਣਿਆ ਜਿਸ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।


