ਬਠਿੰਡਾ/ਜਲੰਧਰ, 22 ਨਵੰਬਰ- ਸੋਮਵਾਰ ਨੂੰ ਇੱਥੇ ਹੋਣ ਜਾ ਰਹੀ ‘ਸਦਭਾਵਨਾ ਰੈਲੀ’ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਮਨ ਸਾਂਤੀ ਤੇ ਭਾਈਚਾਰਕ ਏਕਤਾ ਦੇ ਮੁੱਦਈ ਪੰਜਾਬੀ ਇਸ ਰੈਲੀ ਵਿਚ ਹੁੰਮ ਹੁੰਮਾ ਕੇ ਪੁੱਜ ਕੇ ਪੰਜਾਬ ਦੋਖੀ ਤਾਕਤਾਂ ਨੂੰ ਮੁੰਹ ਤੋੜਵਾਂ ਜਵਾਬ ਦੇਣਵੇ। ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਮਨ ਸਾਂਤੀ ਦਾ ਪੈਗਾਮ ਦੇਣ ਲਈ ਰੱਖੀ ਗਈ ਇਸ ਰੈਲੀ ਪ੍ਰਤੀ ਇਲਾਕੇ ਦੇ ਲੋਕਾਂ ਵਿਚ ਭਾਰੀ ਉਤਸਾਹ ਹੈ ਅਤੇ ਕੱਲ ਦਾ ਇਹ ਵੱਡਾ ਇੱਕਠ ਆਪਣੇ ਆਪ ਵਿਚ ਹੀ ਪੰਜਾਬ ਵਿਰੋਧੀ ਤਾਕਤਾਂ ਨੂੰ ਇਕ ਸਖ਼ਤ ਸੁਨੇਹਾ ਹੋਵੇਗਾ ਕਿ ਪੰਜਾਬ ਦੇ ਲੋਕ ਵਿਕਾਸ, ਤਰੱਕੀ, ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਦੇ ਹਾਮੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਠਿੰਲਾ ਰੈਲੀ ਤੋਂ ਇਲਾਵਾ 28 ਨਵੰਬਰ ਨੂੰ ਮੋਗਾ, 1 ਦਸੰਬਰ ਨੂੰ ਗੁਰਦਾਸਪੁਰ, 4 ਦਸੰਬਰ ਨੂੰ ਜ¦ਧਰ ਵਿਚ ਅਤੇ14 ਦਸੰਬਰ 2015 ਨੂੰ ਖਡੂਰ ਸਾਹਿਬ ਵਿਖੇ ਸਦਭਾਵਨਾਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿੱਥੇ ਸਾਰੇ ਪੰਜਾਬੀ ਇੱਕਠੇ ਹੋ ਕੇ ਅਮਨ ਸਾਂਤੀ ਅਤੇ ਭਾਈਚਾਰਕ ਏਕਤਾ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕਰਣਗੇ। ਉਪ ਮੁੱਖ ਮੰਤਰੀ ਨੇ ਪਿੱਛਲੇ ਸਮੇਂ ਵਿਚ ਪੰਜਾਬ ਵਿਚ ਹੋਈਆਂ ਘਟਨਾਵਾਂ ਨੂੰ ਦੁਖਦਾਈ ਦੱਸਦਿਆਂ ਕਿਹਾ ਕਿ ਕੁਝ ਤਾਕਤਾਂ ਹਨ ਜੋ ਤਰੱਕੀ ਦੇ ਰਾਹ ਤੇ ਚੱਲ ਰਹੇ ਪੰਜਾਬ ਨੂੰ ਫਿਰ ਤੋਂ 1980 ਵਾਲੇ ਹਾਲਾਤਾਂ ਵਿਚ ਲੈ ਕੇ ਜਾਣਾ ਚਾਹੁੰਦੀਆਂ ਹਨ, ਪਰ ਪੰਜਾਬ ਦੇ ਸੂਝਵਾਨ ਲੋਕ ਅਜਿਹੀਆਂ ਦੇਸ਼ ਵਿਰੋਧੀ ਤਾਕਤਾਂ ਨੂੰ ਕਰਾਰੀ ਮਾਤ ਦਿੰਦੇ ਹੋਏ ਮੁੜ ਇਹ ਸਾਬਤ ਕਰ ਦੇਣਗੇ ਜਿਸ ਤਰਾਂ ਪਹਿਲਾਂ ਪੰਜਾਬ ਨੇ ਅਮਨ ਸਾਂਤੀ ਦੇ ਰਾਹ ਨੂੰ ਤਰਜੀਹ ਦਿੱਤੀ ਹੈ ਉਸੇ ਤਰਾਂ ਹੁਣ ਵੀ ਪੰਜਾਬੀਆਂ ਦੀ ਪ੍ਰਾਥਮਿਕਤਾ ਅਮਨ ਸਾਂਤੀ, ਭਾਈਚਾਰਕ ਸਾਂਝ ਅਤੇ ਸੂਬੇ ਦਾ ਚਹੁੰਮੁੱਖੀ ਵਿਕਾਸ ਹੀ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਕੱਟਰਪੰਥੀ ਤਾਕਤਾਂ ਦਾ ਨਾਪਾਕ ਗਠਜੋੜ ਹੁਣ ਜਗਜਾਹਿਰ ਹੋ ਚੁੱਕਾ ਹੈ, ਇਸੇ ਲਈ ਇਹ ਦੋਹੇ ਤਾਕਤਾਂ ਰਾਜ ਦੇ ਮਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ ਕਰ ਰਹੀਆਂ ਹਨ ਪਰ ਪੰਜਾਬ ਸਰਕਾਰ ਅਤੇ ਪੰਜਾਬ ਦੇ ਅਮਨ ਪਸੰਦ ਬਹਾਦੁਰ ਲੋਕ ਇੰਨ੍ਹਾਂ ਤਾਕਤਾਂ ਦੀਆਂ ਇਹ ਸਾਜਿਸ਼ਾਂ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮੁੱਖ ਤੋਂ ਮਖੌਟਾ ਹਟ ਗਿਆ ਹੈ ਅਤੇ ਇਸ ਲਈ ਉਨ੍ਹਾਂ ਨੇ ਭਾਰਤ ਦੇ ਰਾਸ਼ਟਰਪਤੀ ਤੋਂ ਕਾਂਗਰਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਰੈਲੀ ਪ੍ਰਤੀ ਸਮਾਜ ਦੇ ਹਰ ਵਰਗ ਵਿਚ ਭਾਰੀ ਉਤਸਾਹ ਹੈ ਅਤੇ ਲੋਕਾਂ ਦਾ ਜੋਸ਼ ਦੱਸ ਰਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਅਤੇ ਭਲਕ ਦੀ ਸਦਭਾਵਨਾ ਰੈਲੀ ਵਿਚ ਜੁੜਨ ਵਾਲੇ ਪੰਜਾਬੀ ਇਕ ਵਾਰ ਫਿਰ ਏਕਤਾ ਤੇ ਭਾਈਚਾਰਕ ਸਾਂਝ ਦਾ ਹੀ ਸੁਨੇਹਾ ਦੇਣਗੇ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸੀ.ਪੀ.ਐਸ. ਸ੍ਰੀ ਸਰੂਪ ਚੰਦ ਸਿੰਗਲਾ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸ: ਪਰਮਜੀਤ ਸਿੰਘ ਸਿੱਧਵਾਂ, ਉਨ੍ਹਾਂ ਦੇ ਓ.ਐਸ.ਡੀ. ਸ: ਚਰਨਜੀਤ ਸਿੰਘ ਬਰਾੜ, ਮਾਲਵਾ ਜੋਨ -1 ਯੂਥ ਅਕਾਲੀ ਦਲ ਦੇ ਪ੍ਰਧਾਨ ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ: ਪਰਮਬੰਸ ਸਿੰਘ ਬੰਟੀ ਰੋਮਾਣਾ ਆਦਿ ਵੀ ਹਾਜਰ ਸਨ। ਓਧਰ ਇਸ ਤੋਂ ਪਹਿਲਾਂ ਅੱਜ ਸਵੇਰੇ ਪੰਜਾਬ ਦੇ ਪੰਚਾਇਤ ਅਤੇ ਦਿਹਾਤੀ ਵਿਕਾਸ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਅਤੇ ਸੀ.ਪੀ.ਐਸ. ਸ੍ਰੀ ਸਰੂਪ ਚੰਦ ਸਿੰਗਲਾ ਨੇ ਵੀ ਪੰਡਾਲ ਵਾਲੀ ਥਾਂ ਤੇ ਪੁੱਜ ਕੇ ਤਿਆਰੀਆਂ ਦਾ ਮੁਆਇਨਾ ਕੀਤਾ ਸੀ। ਇਸ ਦੌਰਾਨ ਪਤਾ ਲੱਗਾ ਹੈ ਕਿ ਰੈਲੀ ਲਈ ਸੁਰੱਖਿਆ ਦੇ ਸਖਤ ਬਦੋਬਸਤ ਕੀਤੇ ਗਏ ਹਨ। ਪੰਜਾ ਪੁਲਿਸ ਦੇ 4 ਹਜ਼ਾਰ ਜਵਾਨ ਤਾਇਨਾਤ ਕਰਨ ਤੋਂ ਇਲਾਵਾ ਬੀਐਸਐਫ ਅਤੇ ਸੀਆਰਪੀਐਫ ਦੀ ਇਕ ਕੰਪਨੀ ਵੀ ਲਗਾਈ ਗਈ ਹੈ।



