Skip to content
Independent perspectives. Global stories.
BREAKING

ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਮੋਹਰੀ ਰੋਲ ਅਦਾ ਕਰ ਰਹੀ ਹੈ ਕਾਂਗਰਸ : ਮਜੀਠੀਆ

Share this story

ਅੰਮ੍ਰਿਤਸਰ, 18 ਨਵੰਬਰ (ਦਵਾਰਕਾਨਾਥ ਰਾਣਾ, ਰਾਜੇਸ਼ ਡੈਨੀ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ‘ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਮੋਹਰੀ ਰੋਲ ਅਦਾ ਕਰ ਰਹੇ ਹੋਣ ਦਾ ਦੋਸ਼ ਲਾਇਆ ਅਤੇ ਵਿਕਾਸ ਦੇ ਵੈਰੀ, ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦੀਆਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਪ੍ਰਤੀ ਲੋਕਾਂ ਨੂੰ ਚੌਕਸ ਕਰਦਿਆਂ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਨੂੰ ਮੂਲੋਂ ਪਛਾੜ ਦੇਣ ਦਾ ਸਦਾ ਦਿੱਤਾ ਹੈ। ਸ: ਮਜੀਠੀਆ ਅੱਜ ਇੱਥੇ ਹਲਕਾ ਮਜੀਠਾ ਦੇ ਪਿੰਡ ਬਾਬੋਵਾਲ ਵਿਖੇ ਵਿਕਾਸ ਕਾਰਜਾਂ ਲਈ 38 ਲਖ ਰੁਪੈ ਦੀ ਗ੍ਰਾਂਟ ਦੇਣ ਅਤੇ ਵਿਕਾਸ ਕਾਰਜਾਂ ਲਈ ਨੀਂਹ ਪੱਥਰ ਰੱਖਣ ਆਏ ਸਨ, ਨੇ ਕਿਹਾ ਕਿ ਜਦ ਜਦ ਵੀ ਪੰਜਾਬ ਦੀ ਸ਼ਾਂਤੀ ਭੰਗ ਹੋਈ ਕਾਂਗਰਸ ਜ਼ਿੰਮੇਵਾਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਤਾ ਹਥਿਆਉਣ ਲਈ ਗਲਤ ਨੀਤੀਆਂ ਅਪਣਾਉਂਦੀ ਆਈ ਹੈ। ਉਨ੍ਹਾਂ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਨਵੰਬਰ 84‘ ਦੇ ਸਿੱਖ ਕਤਲੇਆਮ ਵਿੱਚ ਸ਼ਾਮਿਲ ਕਾਂਗਰਸੀ ਆਗੂਆਂ ‘ਤੇ ਅੱਜ ਤਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ? ਉਹਨਾਂ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ‘ਤੇ ਸਵਾਲ ਕੀਤੀ ਕਿ ਜੇ ਉਹ ਪੰਜਾਬ ਦੇ ਅਮਨ ਸ਼ਾਂਤੀ ਕਾਇਮ ਰੱਖਣ ਪ੍ਰਤੀਵਾਕਿਆ ਹੀ ਸੁਹਿਰਦ ਹਨ ਤਾਂ ਫਿਰ 10 ਨਵੰਬਰ ਦੇ ਇਕੱਠ ਲਈ ਸਰਗਰਮ ਭੂਮਿਕਾ ਨਿਭਾਉਣ ਵਾਲੇ ਕਾਂਗਰਸੀ ਆਗੂਆਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਕਿਉਂ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਪਣੇ ਸਿਆਸੀ ਹਿਤਾਂ ਦੀ ਪੂਰਤੀ ਲਈ ਵਰਤਣੀਆਂ ਚਾਹੁੰਦੀਆਂ ਹਨ, ਜਿਨ੍ਹਾਂ ਦਾ ਪੰਜਾਬ ਦੀ ਤਰੱਕੀ ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਰਾਜ ਦਾ ਮਾਹੌਲ ਖਰਾਬ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ, ਸੁਖਵਿੰਦਰ ਸਿੰਘ ਗੋਲਡੀ, ਤਰਸੇਮ ਸਿੰਘ ਸਿਆਲਕਾ, ਧਾਰੀਵਾਲ ਕੁਲਵਿੰਦਰ ਸਿੰਘ , ਗੁਰਜਿੰਦਰ ਸਿੰਘ ਟਪਈਆਂ, ਬਲਵਿੰਦਰ ਸਿੰਘ ਬਲੋਵਾਲੀ, ਰਾਜ ਕੁਮਾਰ, ਸਰਪੰਚ ਹਰਨਾਮ ਸਿੰਘ, ਸਾਬਕਾ ਸਰਪੰਚ ਮੰਗਲ ਸਿੰਘ, ਸੂਬਾ ਸਿੰਘ ਸਰਬਜੀਤ ਸਿੰਘ ਬਾਠ, ਗੁਰਦਿਆਲ ਸਿੰਘ ਢਾਹਰੀਕੇ, ਗੁਰਜੀਤ ਸਿੰਘ , ਸੁਖਵਿੰਦਰ ਸਿੰਘ ਭੋਆ ਆਦਿ ਮੌਜੂਦ ਸਨ। ਪਲਾਟਾਂ ਲਈ ਆਰ-ਪਾਰ ਦੀ ਲੜਾਈ ਲੜੀ ਜਾਵੇਗੀ : ਮਜ਼ਦੂਰ ਮੁਕਤੀ ਮੋਰਚਾ ਪੰਜਾਬ ਮਾਨਸਾ, 18 ਨਵੰਬਰ (ਅਮਰਜੀਤ ਸਿੰਘ)- ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਜਿਲ੍ਹਾ ਇਕਾਈ ਦੇ ਵਫਦ ਨੇ ਜਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਦੀ ਅਗਵਾਈ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਮਾਨਸਾ ਨੂੰ ਮਿਲਕੇ ਮਜ਼ਦੂਰਾਂ ਦੀਆਂ ਵੱਖ ਵੱਖ ਭਖਦੀਆਂ ਮੰਗਾਂ ਸੰਬੰਧੀ ਇੱਕ ਮੰਗ-ਪੱਤਰ ਦਿੱਤਾ। ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਮੋਰਚੇ ਦੇ ਆਗੁੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਬਾਦਲ ਸਰਕਾਰ ਵਲੋਂ ਮਜ਼ਦੂਰਾਂ ਨਾਲ ਚੋਣਾਂ ਸਮੇਂ ਜੋ 10-10 ਮਰਲੇ ਦੇ ਰਿਹਾਇਸ਼ੀ ਪਲਾਟ ਦੇਣ ਦਾ ਵਾਅਦਾ ਕੀਤਾ ਸੀ, ਉਹ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ ਹਾਲਾਂਕਿ ਇਸ ਸੰਬੰਧੀ ਪੰਜਾਬ ਸਰਕਾਰ ਵਲੋਂ ਸਾਲ 2001 ਵਿੱਚ ਨੋਟੀਫੀਕੇਸ਼ਨ ਜਾਰੀ ਕੀਤਾ ਹੋਇਆ ਹੈ ਅਤੇ ਅਰਸਾ ਤਕਰੀਬਨ 14 ਸਾਲ ਬੀਤਣ ਤੇ ਵੀ ਇਹ ਨੋਟੀਫਿਕੇਸ਼ਨ ਸਿਰਫ ਫਾਇਲਾਂ ਵਿੱਚ ਦਬਕੇ ਰਹਿ ਗਿਆ ਹੈ। ਮਜ਼ਦੂਰਾਂ ਨੇ ਪਿਛਲੇ ਦਿਨੀਂ ਇਹ ਪਲਾਟ ਅਲਾਟ ਕਰਵਾਉਣ ਲਈ ਜਿਲ੍ਹਾ ਪ੍ਰਸ਼ਾਸਨ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਦੇ ਦਫਤਰਾਂ ਵਿੱਚ ਫਾਰਮ ਜਮ੍ਹਾਂ ਕਰਵਾਏ ਸਨ ਪਰ ਇੰਨ੍ਹਾਂ ਫਾਰਮਾਂ ਤੇ ਕਾਰਵਾਈ ਕਰਨ ਸੰਬੰਧੀ ਨਾਂ ਤਾਂ ਜਿਲ੍ਹਾ ਪ੍ਰਸ਼ਾਸਨ ਅਤੇ ਨਾਂ ਹੀ ਰਾਜ ਸਰਕਾਰ ਗੰਭੀਰ ਹੈ। ਆਗੂਆਂ ਨੇ ਅੱਗੇ ਕਿਹਾ ਕਿ ਮਨਰੇਗਾ ਵਿੱਚ ਹੋਏ ਕੰਮਾਂ ਵਿੱਚ ਜੋ ਘਪਲੇਬਾਜ਼ੀ ਹੋਈ ਹੈ ਅਤੇ ਹੁਣ ਵੀ ਕੀਤੀ ਜਾ ਰਹੀ ਹੈ, ਉਸਦੀ ਤੁਰੰਤ ਜਾਂਚ ਪੜਤਾਲ ਕਰਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਮਨਰੇਗਾ ਐਕਟ ਮੁਤਾਬਕ ਮਜ਼ਦੂਰਾਂ ਨੂੰ ਕਹੀਆਂ, ਬੱਠਲ ਅਤੇ ਡਾਕਟਰੀ ਸਹਾਇਤਾ ਦਾ ਪ੍ਰਬੰਧ ਕੀਤਾ ਜਾਵੇ। ਜਿਲ੍ਹੇ ਵਿੱਚ ਜਿੰਨੇ ਵੀ ਲੇਬਰ ਵਿਭਾਗ ਦੇ ਸਰਕਲ ਹਨ, ਇੰਨ੍ਹਾਂ ਸਰਕਲਾਂ ਦੀ ਪੰਜਾਬ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀ ਮੀਟਿੰਗ ਤਿੰਨ ਮਹੀਨਿਆਂ ਤੋਂ ਕਰਨੀ ਯਕੀਨੀ ਬਣਾਈ ਜਾਵੇ। ਸਰਕਲ ਬੁਢਲਾਡਾ ਦੀ ਪਿਛਲੇ ਸਵਾ ਸਾਲ ਤੋਂ ਪੰਜਾਬ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀ ਮੀਟਿੰਗ ਨਹੀਂ ਹੋਈ ਜਿਸ ਕਾਰਣ ਸਰਕਲ ਬੁਢਲਾਡਾ ਦੇ ਲਾਭਪਾਤਰੀ ਸਹੂਲਤਾਂ ਤੋਂ ਵਾਂਝੇ ਰਹਿ ਗਏ ਹਨ ਜਦੋਂ ਕਿ ਪੂਰੇ ਪੰਜਾਬ ਵਿੱਚ ਸਾਲ 2015-16 ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਬੁਢਲਾਡਾ ਸਰਕਲ ਦੀ ਸਾਲ 2014-15 ਦੀ ਮੀਟਿੰਗ ਵੀ ਨਹੀਂ ਹੋਈ ਹੈ । ਲੇਬਰ ਦਫਤਰ ਵਲੋਂ ਹਰ ਵਾਰ ਕੋਈ ਨਾਂ ਕੋਈ ਬਹਾਨਾ ਲਾ ਦਿੱਤਾ ਜਾਂਦਾ ਹੈ, ਆਗੂਆਂ ਨੇ ਮੰਗ ਕੀਤੀ ਕਿ ਸਰਕਲ ਬੁਢਲਾਡਾ ਦੀ ਮੀਟਿੰਗ ਜਲਦੀ ਤੋਂ ਜਲਦੀ ਕਰਵਾਈ ਜਾਵੇ। ਪਿੰਡਾਂ ਵਿੱਚ ਜੋ ਪਖਾਨੇ ਬਣਾਏ ਜਾ ਰਹੇ ਹਨ, ਉਨ੍ਹਾਂ ਦੀ ਉਸਾਰੀ ਵਿੱਚ ਵੀ ਪੰਚਾਇਤਾਂ ਵਲੋਂ ਘਪਲੇ ਕੀਤੇ ਜਾ ਰਹੇ ਹਨ ਕਿਉਂਕਿ ਪੰਚਾਇਤਾਂ ਘਟੀਆ ਮੈਟੀਰੀਅਲ ਲਗਾਕੇ ਇਹ ਪਖਾਨੇ 5-6 ਹਜ਼ਾਰ ਰੁਪਏ ਵਿੱਚ ਹੀ ਬਣਾ ਦਿੰਦੀਆਂ ਹਨ ਜਦੋਂਕਿ ਸਰਕਾਰ ਵਲੋਂ ਨਿਰਧਾਰਤ 15000 ਰੁਪਏ ਵਿਚੋਂ ਬਾਕੀ ਬਚਦੀ ਰਕਮ ਪੰਚਾਇਤਾਂ ਵਲੋਂ ਹੀ ਖੁਰਦ ਬੁਰਦ ਕਰ ਦਿੱਤੀ ਜਾਂਦੀ ਹੈ। ਇਸ ਲਈ ਜਥੇਬੰਦੀ ਦੀ ਮੰਗ ਹੈ ਕਿ ਸਰਕਾਰ ਦੀ ਇਹ ਰਕਮ ਲਾਭਪਾਤਰੀਆਂ ਦੇ ਖਾਤੇ ਵਿੱਚ ਦੋ ਕਿਸ਼ਤਾਂ ਰਾਹੀਂ ਪਾਈ ਜਾਇਆ ਕਰੇ ਤਾਂ ਜੋ ਲਾਭਪਾਤਰੀ ਆਪ ਵਧੀਆ ਮੈਟੀਰੀਅਲ ਲਗਾਕੇ ਖੁਦ ਹੀ ਪਖਾਨਿਆਂ ਦੀ ਉਸਾਰੀ ਕਰਵਾ ਸਕਣ। ਉਨ੍ਹਾਂ ਅੱਗੇ ਕਿਹਾ ਕਿ ਨਰਮੇਂ ਦੀ ਮਾਰ ਕਾਰਣ ਪਿੰਡਾਂ ਦੇ ਗਰੀਬ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਸਕਿਆ ਜਿਸ ਕਾਰਣ ਉਹ ਆਪਣਾ ਪੇਟ ਪਾਲਣ ਤੋਂ ਅਸਮਰੱਥ ਹੋ ਗਏ ਹਨ। ਇਸ ਲਈ ਜਥੇਬੰਦੀ ਦੀ ਮੰਗ ਹੈ ਕਿ ਇੰਨ੍ਹਾਂ ਗਰੀਬ ਮਜ਼ਦੂਰ ਪਰਿਵਾਰਾਂ ਨੂੰ ਵੀ 20,000 ਰੁਪਏ ਪ੍ਰਤੀ ਪਰਿਵਾਰ ਜਲਦੀ ਮੁਆਵਜ਼ਾ ਦਿੱਤਾ ਜਾਵੇ।ਮੰਗ-ਪੱਤਰ ਪ੍ਰਾਪਤ ਕਰਦੇ ਸਮੇਂ ਜਿਲ੍ਹਾ ਪ੍ਰਸ਼ਾਸਨ ਵਲੋਂ ਵਧੀਕ ਡਿਪਟੀ ਕਮਿਸ਼ਨਰ (ਮੈਡਮ ਈਸ਼ਾ ਕਾਲੀਆ, ਆਈ.ਏ.ਐਸ.) ਵਲੋਂ ਵਫਦ ਨੂੰ ਭਰੋਸਾ ਦਿਵਾਇਆ ਕਿ ਇੰਨ੍ਹਾਂ ਮੰਗਾਂ ਪ੍ਰਤੀ ਵਖ ਵਖ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਲਦੀ ਹੀ ਮੰਗਾਂ ਦਾ ਹੱਲ ਕੀਤਾ ਜਾਵੇਗਾ। ਇਸ ਸਮੇ ਮਜ਼ਦੂਰ ਮੁਕਤੀ ਮੋਰਚਾ ਦੇ ਜਿਲ੍ਹਾ ਸਕੱਤਰ ਗੁਰਮੀਤ ਸਿੰਘ ਨੰਦਗੜ੍ਹ, ਜਿਲ੍ਹਾ ਖਜ਼ਾਨਚੀ ਗੁਰਸੇਵਕ ਮਾਨ, ਪ੍ਰਗਤੀਸ਼ੀਲ ਇਸਤਰੀ ਸਭਾ ਦੇ ਨਰਿੰਦਰ ਕੌਰ ਬੁਰਜ ਹਮੀਰਾ, ਜੀਤ ਸਿੰਘ ਬੋਹਾ, ਸੁਖਵਿੰਦਰ ਸਿੰਘ ਬੋਹਾ, ਗੁਰਤੇਜ ਸਿੰਘ ਬਰੇਟਾ, ਕਰਮਜੀਤ ਸਿੰਘ ਮਾਖਾ, ਨਿਰੰਜਣ ਸਿੰਘ ਮਾਖਾ, ਇਨਕਲਾਬੀ ਗਾਇਕ ਸੁਖਬੀਰ ਖਾਰਾ, ਬਿੱਕਰ ਮੌਜੀਆ, ਮੇਲਾ ਸਿੰਘ ਹੀਰੋਂ ਕਲਾਂ, ਹੈਪੀ ਕੋਟ ਧਰਮੂ, ਬਲਮ ਸਿੰਘ ਢੈਪਈ ਆਦਿ ਆਗੂ ਵੀ ਸ਼ਾਮਲ ਹਨ।

WRITTEN BY