Skip to content
Independent perspectives. Global stories.
BREAKING

ਬਹਿਬਲ ਕਲਾਂ ’ਚ ਪੁਲਿਸ ਦੀ ਗੋਲੀ ਨਾਲ ਸ਼ਹੀਦ ਨੌਜਵਾਨਾਂ ਦੇ ਘਰ ਪਹੁੰਚੇ ਸੁਖਬੀਰ

Share this story

ਫਰੀਦਕੋਟ, 17 ਨਵੰਬਰ (ਗੁਰਜੀਤ ਰੋਮਾਣਾ)- ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਪਿੰਡ ਬਰਗਾੜੀ ਵਿੱਚ ਵਾਪਰੇ ਦੁਖਾਂਤ ਦੇ ਮ੍ਰਿਤਕਾਂ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰਾਂ ਵਿਚੋਂ ਇੱਕ ਇੱਕ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਸ ਪ੍ਰਗਟਾਵਾ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਸਰਾਵਾਂ ਅਤੇ ਬਹਿਬਲ ਖੁਰਦ ਵਿਖੇ ਗੋਲੀਕਾਂਡ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਗੋਲੀਕਾਂਡ ਵਿੱਚ ਜੋ ਵੀ ਵਿਅਕਤੀ ਕਸੂਰਵਾਰ ਪਾਇਆ ਗਿਆ ਉਸ ’ਤੇ ਬਣਦੀ ਕਾਰਵਾਈ ਜਲਦੀ ਕੀਤੀ ਜਾਵੇਗੀ। ਉਨ੍ਹਾਂ ਪਰਿਵਾਰ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਸ਼ਰੋਮਣੀ ਅਕਾਲੀ ਦਲ ਹਮੇਸ਼ਾਂ ਹੀ ਪਰਿਵਾਰਾਂ ਨਾਲ ਖੜ੍ਹਾ ਹੈ ਅਤੇ ਹਰ ਦੁੱਖ ਸੁੱਖ ਵਿੱਚ ਉਨ੍ਹਾਂ ਦੇ ਨਾਲ ਹੈ। ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ

ਕਿਹਾ ਕਿ ਪੰਜਾਬ ਦੇ ਅਮਨ ਨੂੰ ਭੰਗ ਕਰਨ ਲਈ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੀਆਂ ਕਾਰਵਾਈਆ ਕੀਤੀਆਂ ਜਾ ਰਹੀਆਂ ਹਨ ਪਰ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੇ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਭਾਈਚਾਰਕ ਸਾਂਝ ਪੂਰੀ ਤਰ੍ਹਾਂ ਕਾਇਮ ਹੈ ਅਤੇ ਸ਼ਰਾਰਤੀ ਅਨਸਰਾਂ ਨੂੰ ਇਸ ਦਾ ਮੂੰਹ ਤੋੜਵਾਂ ਜਵਾਬ ਦੇਣਗੇ। ਉਨ੍ਹਾਂ ਇਸ ਮੌਕੇ ਪਿੰਡ ਵਾਸੀਆਂ ਦੀ ਮੰਗ ’ਤੇ ਕਿਹਾ ਕਿ ਪਿੰਡ ਸਰਾਵਾਂ ਵਿਖੇ ਮ੍ਰਿਤਕ ਗੁਰਜੀਤ ਸਿੰਘ ਦੀ ਯਾਦ ਵਿੱਚ 60 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਕਮਿਊਨਿਟੀ ਸੈਂਟਰ ਉਸਾਰਿਆ ਜਾਵੇਗਾ। ਸ. ਬਾਦਲ ਨੇ ਇਸ ਗੋਲੀਕਾਂਡ ਵਿੱਚ ਜਖਮੀ ਹੋਏ ਸ. ਬੇਅੰਤ ਸਿੰਘ ਦੇ ਪਰਿਵਾਰ ਨੂੰ ਇੱਕ ਲੱਖ ਰੁਪਏ ਦਾ ਚੈੱਕ ਵੀ ਭੇਂਟ ਕੀਤਾ ਅਤੇ ਕਿਹਾ ਕਿ ਇਲਾਜ ਲਈ ਜੋ ਵੀ ਹੋਰ ਖਰਚਾ ਹੋਇਆ ਹੈ ਉਹ ਵੀ ਜ਼ਿਲਾ ਪ੍ਰਸਾਸ਼ਨ ਵੱਲੋਂ ਅਦਾ ਕੀਤਾ ਜਾਵੇਗਾ। ਇਸ ਮੌਕੇ ਸ. ਬਾਦਲ ਨੇ ਪਿੰਡ ਦੀਆਂ ਪੰਚਾਇਤਾਂ ਵੱਲੋਂ ਰੱਖੀਆਂ ਗਈਆਂ ਮੰਗਾਂ ਨੂੰ ਵੀ ਜਲਦੀ ਪੂਰਾ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸ. ਮਨਤਾਰ ਸਿੰਘ ਬਰਾੜ, ਐਮ.ਐਲ.ਏ ਫਰੀਦਕੋਟ ਸ੍ਰੀ ਦੀਪ ਮਲਹੋਤਰਾ, ਹਲਕਾ ਇੰਚਾਰਜ ਜੈਤੋ ਸ. ਪ੍ਰਕਾਸ਼ ਸਿੰਘ ਭੱਟੀ, ਚੇਅਰਮੈਨ ਯੂਥ ਡਿਵੈਲਪਮੈਂਟ ਬੋਰਡ ਸ. ਪਰਮਬੰਸ ਸਿੰਘ ਬੰਟੀ ਰੋਮਾਣਾ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ. ਹਰਜੀਤ ਸਿੰਘ ਭੋਲੂਵਾਲਾ, ਚੇਅਰਮੈਨ ਪੀ.ਆਰ.ਟੀ.ਸੀ ਸ. ਅਵਤਾਰ ਸਿੰਘ ਬਰਾੜ, ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਸ. ਗੁਰਤੇਜ ਸਿੰਘ ਗਿੱਲ, ਸਾਬਕਾ ਮੈਂਬਰ ਰਾਜ ਸਭਾ ਬੀਬੀ ਗੁਰਚਰਨ ਕੌਰ ਪੰਜਗਰਾਂਈ, ਸ ਰਾਮਪਾਲ ਬਰਗਾੜੀ, ਸ੍ਰੀਮਤੀ ਗੁਰਬਿੰਦਰ ਕੌਰ ਮੈਂਬਰ ਐਸ.ਜੀ.ਪੀ.ਸੀ, ਮੱਖਣ ਸਿੰਘ ਨੰਗਲ, ਡੀ.ਆਈ.ਜੀ ਸ. ਅਮਰ ਸਿੰਘ ਚਹਿਲ, ਡਿਪਟੀ ਕਮਿਸ਼ਨਰ ਸ. ਮਾਲਵਿੰਦਰ ਸਿੰਘ ਜੱਗੀ, ਐਸ.ਐਸ.ਪੀ ਸੁਖਮਿੰਦਰ ਸਿੰਘ ਮਾਨ ਤੋਂ ਇਲਾਵਾ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਇਲਾਵਾ ਪਤਵੰਤੇ ਵੀ ਹਾਜਰ ਸਨ।

WRITTEN BY