ਮਾਨਸਾ, 16 ਨਵੰਬਰ (ਅਮਰਜੀਤ ਸਿੰਘ, ਅਨੂਪ ਸਿੰਘ ਖਾਲਸਾ)-ਗੁਰਦੁਆਰਾ ਨਾਨਕ ਨਿਵਾਸ, ਸਰਸਾ ਰੋਡ ਮਾਨਸਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਲਵੇ ਦੇ ਪ੍ਰਸਿੱਧ ਪ੍ਰਚਾਰਕ ਭਾਈ ਧਰਮਵੀਰ ਸਿੰਘ ਖਾਲਸਾ ਘਰਾਂਗਣੇ ਵਾਲਿਆਂ ਨੇ ਸ਼ਰਾਰਤੀ ਅੰਸਰਾਂ ਨੂੰ ਸੂਚੇਤ ਅਤੇ ਖਬਰਦਾਰ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਪਿਛਲੇ ਕੁਝ ਦਿਨਾਂ ਤੋਂ ਸ਼ੋਸ਼ਲ ਮੀਡੀਆ ਦੇ ਰਾਹੀਂ ਵਾਟਸਅੱਪ ਉਪਰ ਇੱਕ 8 ਕੁ ਮਿੰਟਾਂ ਦੀ ਆਡੀਓ ਕਿਸੇ ਕੁਲਵੰਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਪਾਈ ਗਈ ਹੈ ਜੋ ਆਪਣੇ ਆਪ ਨੂੰ ਭਾਈ ਜਗਤਾਰ ਸਿੰਘ ਹਵਾਰੇ ਦਾ ਮਾਮਾ ਦੱਸਦਾ ਹੈ, ਨੇ ਸਿੱਖ ਕੌਮ ਦੇ ਨਿਧੜਕ ਪ੍ਰਚਾਰਕ ਜੋ ਕਰੀਬ 17 ਸਾਲਾਂ ਤੋਂ ਗੁਰਮਿਤ ਦਾ ਪ੍ਰਚਾਰ ਕਰਕੇ ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਦੇ ਖਿਲਾਫ ਸਟੇਜ਼ਾਂ ਉਪਰ ਬੋਲ ਕੇ ਲੱਖਾਂ ਸੰਗਤਾਂ ਨੂੰ ਸੁਚੇਤ ਕਰਦੇ ਆ ਰਹੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਖਿਲਾਫ ਬੋਲ ਕੇ ਬੇਤੁਕੀਆਂ ਗੱਲਾਂ ਕਰਦੇ ਬੜੀ ਭੱਦੀ ਸ਼ਬਦਾਵਲੀ ਵਰਤੀ ਹੈ।
ਉਨ੍ਹਾਂ ਕਿਹਾ ਕਿ ਇਹੋ ਜਿਹੇ ਲੋਕ ਆਪਣੇ ਆਪ ਨੂੰ ਸਿੱਖ ਅਤੇ ਦੂਸਰੇ ਨੂੰ ਮੂਰਖ ਦੱਸਦੇ ਹਨ, ਪਰ ਉਸ ਆਡੀਓ ਵਿੱਚ ਉਨ੍ਹਾਂ ਦੀ ਸ਼ਬਦਾਵਲੀ ਸੁਣ ਕੇ ਮੂਰਖਤਾ ਸਾਫ ਜਾਹਰ ਹੁੰਦੀ ਹੈ। ਕੁਲਵੰਤ ਸਿੰਘ ਨੇ ਭਾਈ ਰਣਜੀਤ ਸਿੰਘ ਖਿਲਾਫ ਬੋਲਦਿਆਂ ਜਾਤੀ ਅਪਸ਼ਬਦ ਵੀ ਵਰਤੇ ਹਨ। ਹੁਣ ਆਪੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਾਤ ਪਾਤ ਪਰਖਣ ਵਾਲਾ ਬੰਦਾ ਤਾਂ ਕਿ ਆਮ ਇਨਸਾਨ ਵੀ ਨਹੀਂ ਹੋ ਸਕਦਾ, ਸਿੱਖ ਤਾਂ ਦੂਰ ਦੀ ਗੱਲ ਹੈ। ਸਾਨੂੰ ਚਾਹੀਦਾ ਹੈ ਕਿ ਪ੍ਰਚਾਰਕਾਂ ਨੂੰ ਮਾੜਾ ਬੋਲ ਕੇ ਅਸੀਂ ਸਿੱਖੀ ਦਾ ਮਜ਼ਾਕ ਨਾ ਉਡਾਈਏ ਸਗੋਂ ਇਕ ਜੁਟ ਹੋ ਕੇ ਚੱਲਣ ਦੀ ਲੋੜ ਹੈ ਨਾ ਕਿ ਇੱਕ ਦੂਸਰੇ ਤੇ ਦੋਸ਼ ਲਾਉਣ ਦੀ।



