ਚੰਡੀਗੜ੍ਹ, 9 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਇਹ ਢਾਈ ਕਿੱਲੋ ਦਾ ਹੱਥ ਜਦ ਕਿਸੇ ਦੇ ਪੈਂਦਾ ਹੈ ਤਾਂ ਉਹ ਉਠਦਾ ਨਹੀਂ… ਉੱਠ ਜਾਂਦਾ ਹੈ।

ਬਾਲੀਵੁੱਡ ਦੇ ਸਟਾਰ ਤੇ ਧਰਮਿੰਦਰ ਦੇ ਪੁੱਤਰ ਸਨੀ ਦਿਓਲ ਦਾ ਇਹ ਡਾਇਲਾਗ ਨਾ ਸਿਰਫ ਪੰਜਾਬੀਆਂ ਨੂੰ ਬਲਕਿ ਪੂਰੇ ਦੇਸ਼ ਵਾਸੀਆਂ ਨੂੰ ਯਾਦ ਹੈ। ਖੈਰ ਇਹ ਤਾਂ ਹੋਈ ਫਿਲਮਾਂ ਦੀ ਗੱਲ ਹੁਣ ਸਿਆਸੀ ਮੈਦਾਨ ਚ ਵੀ ਤਕੜੇ ਜੁੱਸੇ ਵਾਲਾ ਇਹ ਅਦਾਕਾਰਾ ਲੁਧਿਆਣਾ ਚ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੂੰ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਟੱਕਰ ਦੇ ਸਕਦਾ ਹੈ। ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ। ਸਨੀ ਦਿਓਲ ਨੂੰ ਲੁਧਿਆਣਾ ਤੋਂ ਅਕਾਲੀ ਦਲ ਵਲੋਂ ਆਪਣਾ ਉਮੀਦਵਾਰ ਬਣਾਏ ਜਾਣ ਦੀਆਂ ਚਰਚਾਵਾਂ ਉਚ ਪੱਧਰੀ ਅਕਾਲੀ ਹਲਕਿਆਂ ਚ ਅੱਜਕਲ ਜ਼ੋਰਾਂ ਤੇ ਹਨ।
ਸੂਤਰਾਂ ਅਨੁਸਾਰ ਆਉਂਦੀਆਂ ਲੋਕ ਸਭਾ ਚੋਣਾਂ ਚ ਲੁਧਿਆਣਾ ਤੋਂ ਮੁਨੀਸ਼ ਤਿਵਾੜੀ ਦੇ ਵਿਰੁੱਧ ਅਕਾਲੀ ਦਲ ਵਲੋਂ ਸਨੀ ਦਿਓਲ ਨੂੰ ਉਤਾਰਿਆ ਜਾ ਸਕਦਾ ਹੈ। ਸਨੀ ਦਿਓਲ ਦੇਸ਼-ਵਿਦੇਸ਼ ਚ ਬੈਠੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ ਪਰ ਜਦੋਂ ਗੱਲ ਪੰਜਾਬ ਦੀ ਆਉਂਦੀ ਹੈ ਤਾਂ ਧਰਮਿੰਦਰ ਦੇ ਇਸ ਫਰਜੰਦ ਦਾ ਇਥੇ ਵੱਖਰਾ ਹੀ ਰਸੂਖ ਹੈ। ਪੂਰੇ ਪੰਜਾਬ ਵਾਸੀ ਤੇ ਖਾਸਕਰ ਨੌਜਵਾਨ ਸਨੀ ਦਿਓਲ ਦੇ ਨਾ ਸਿਰਫ ਪ੍ਰਸ਼ੰਸਕ ਹਨ ਬਲਕਿ ਉਨ੍ਹਾਂ ਦਾ ਪੂਰਾ ਆਦਰ-ਸਤਿਕਾਰ ਵੀ ਕਰਦੇ ਹਨ। ਇਸ ਲਈ ਉਚ ਪੱਧਰੀ ਅਕਾਲੀ ਹਲਕਿਆਂ ਦਾ ਕਹਿਣਾ ਹੈ ਕਿ ਮੁਨੀਸ਼ ਤਿਵਾੜੀ ਨੂੰ ਲੁਧਿਆਣਾ ਚ ਉਹੀ ਹਰਾਉਣ ਦੇ ਸਮਰਥ ਹਨ। ਇਸ ਬਾਰੇ ਪਾਰਟੀ ਚ ਉਚ ਪੱਧਰ ਤੇ ਵਿਚਾਰ-ਚਰਚਾਵਾਂ ਦਾ ਦੌਰ ਵੀ ਜਾਰੀ ਹੈ। ਇਥੇ ਬਾਬੂਸ਼ਾਹੀ ਦੇ ਰੀਡਰਾਂ ਨੂੰ ਇਹ ਵੀ ਦੱਸ ਦੇਈਏ ਕਿ ਅਕਾਲੀ ਦਲ ਵਲੋਂ ਪਹਿਲਾਂ ਪ੍ਰਸਿੱਧ ਉਦਯੋਗਪਤੀ ਕਮਲ ਓਸਵਾਲ ਨੂੰ ਇਥੋਂ ਲੜਾਇਆ ਜਾਣਾ ਸੀ ਪਰ ਉਹ ਇਸ ਤੋਂ ਇਨਕਾਰ ਕਰ ਗਏ। ਦੂਜੇ ਪਾਸੇ ਸ਼ਰਨਜੀਤ ਢਿਲੋਂ, ਅਮਰੀਕ ਸਿੰਘ ਆਲੀਵਾਲ ਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਜੇਕਰ ਦੇਖਿਆ ਜਾਵੇ ਤਾਂ ਮਨੀਸ਼ ਤਿਵਾੜੀ ਦੇ ਮੁਕਾਬਲੇ ਇਹ ਓਨੇ ਤਕੜੇ ਸਾਬਤ ਨਹੀਂ ਹੋ ਸਕਦੇ ਤੇ ਤੇ ਇਹ ਗੱਲ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਚੰਗੀ ਤਰ੍ਹਾਂ ਜਾਣਦੇ ਹਨ। ਅਗਲੀਆਂ ਪਾਰਲੀਮਾਨੀ ਚੋਣਾਂ ਚ ਜਦੋਂ ਹਰ ਇਕ ਸੀਟ ਮਹੱਤਵਪੂਰਨ ਹੋਵੇਗੀ ਤਾਂ ਅਕਾਲੀ ਦਲ ਕੋਈ ਵੀ ਸੀਟ ਹਾਰਨੀ ਪਸੰਦ ਨਹੀਂ ਕਰੇਗਾ ਇਸ ਲਈ ਹੀ ਲੁਧਿਆਣਾ ਤੋਂ ਸਨੀ ਦਿਓਲ ਨੂੰ ਲੜਾਉਣ ਦੀਆਂ ਚਰਚਾਵਾਂ ਜਾਰੀ ਹਨ। ਧਰਮਿੰਦਰ ਦੇ ਪੁੱਤਰ ਜੇਕਰ ਲੁਧਿਆਣਾ ਤੋਂ ਅਕਾਲੀ ਦਲ ਦਾ ਉਮੀਦਵਾਰ ਬਣ ਜਾਂਦੇ ਹਨ ਤਾਂ ਇਹ ਸੀਟ ਜਿੱਤਣੀ ਮਨੀਸ਼ ਤਿਵਾੜੀ ਲਈ ਵੀ ਟੇਢੀ ਖੀਰ ਸਾਬਤ ਹੋ ਸਕਦੀ ਹੈ। ਮਨੀਸ਼ ਤਿਵਾੜੀ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਦੇ ਕਾਂਗਰਸੀਆਂ ਦਾ ਇਕ ਹਿਸਾ ਉਨ੍ਹਾਂ ਤੋਂ ਖੁਸ਼ ਨਹੀਂ ਹੈ ਤੇ ਖੁਦ ਨੂੰ ਅਣਗੌਲਿਆ ਮਹਿਸੂਸ ਕਰ ਰਿਹਾ ਹੈ। ਜੇਕਰ ਸਨੀ ਦਿਓਲ ਦੀ ਗੱਲ ਕੀਤੀ ਜਾਵੇ ਤਾਂ ਉਹ ਲੁਧਿਆਣਾ ਦੇ ਪੇਂਡੂ ਵੋਟਰਾਂ ਦੇ ਨਾਲ-ਨਾਲ ਸ਼ਹਿਰੀ ਵੋਟਰਾਂ ਨੂੰ ਵੀ ਆਪਣੇ ਵੱਲ ਖਿੱਚਣਗੇ। ਇਸ ਤੋਂ ਇਲਾਵਾ ਉਨ੍ਹਾਂ ਵਾਸਤੇ ਚੋਣ ਪ੍ਰਚਾਰ ਕਰਨ ਲਈ ਧਰਮਿੰਦਰ ਤੇ ਪੰਜਾਬੀਆਂ ਦੀ ਭਾਬੀ ਵਜੋਂ ਮਸ਼ਹੂਰ ਹੇਮਾ ਮਾਲਿਨੀ ਵੀ ਜ਼ਰੂਰ ਆਵੇਗੀ। ਧਰਮਿੰਦਰ ਦਾ ਪੰਜਾਬ ਖਾਸ ਕਰ ਲੁਧਿਆਣੇ ਚ ਜੋ ਰਸੂਖ ਹੈ, ਉਸ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਹੀਂ ਹੈ। ਇਸ ਤੋਂ ਇਲਾਵਾ ਸੁਖਬੀਰ ਦੀ ਚੋਣ ਮੈਨੇਜਮੈਂਟ ਆਦਿ ਸਾਰੇ ਫੈਕਟਰ ਮਿਲਕੇ ਮਨੀਸ਼ ਤਿਵਾੜੀ ਲਈ ਇਸ ਸੀਟ ਤੇ ਕਾਫੀ ਮੁਸ਼ਕਲ ਖੜੀ ਕਰ ਸਕਦੇ ਹਨ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਗਾਇਆ ਜਾ ਸਕਦਾ ਹੈ ਕਿ ਸੁਖਬੀਰ ਬਾਦਲ ਵਲੋਂ ਕਰਵਾਏ ਗਏ ਕਬੱਡੀ ਕੱਪਾਂ ਤੋਂ ਇਲਾਵਾ ਹੋਰ ਕਈ ਪ੍ਰੋਗਰਾਮਾਂ ਦੌਰਾਨ ਸਨੀ ਦਿਓਲ ਨੂੰ ਖਾਸ ਤੌਰ ਤੇ ਪੰਜਾਬ ਸਰਕਾਰ ਵਲੋਂ ਬੁਲਾਇਆ ਜਾਂਦਾ ਰਿਹਾ ਹੈ ਤੇ ਉਹ ਬਕਾਇਦਾ ਪੰਜਾਬ ਆਏ ਵੀ ਸਨ ਤੇ ਇਸ ਦੌਰਾਨ ਸਨੀ ਦਿਓਲ ਲਈ ਪੰਜਾਬੀਆਂ ਦਾ ਪਿਆਰ ਡੁੱਲ-ਡੁੱਲ ਪਿਆ ਸੀ। ਅਗਲੀਆਂ ਲੋਕ ਸਭਾ ਚੋਣਾਂ ਇਸ ਪੱਖੋਂ ਵੀ ਦਿਲਚਸਪ ਹੋਣਗੀਆਂ ਕਿ ਇਨ੍ਹਾਂ ਦੌਰਾਨ ਕਈ ਪ੍ਰਸਿੱਧ ਸ਼ਖਸੀਅਤਾਂ ਜਿਥੇ ਅਕਾਲੀ-ਭਾਜਪਾ ਦੇ ਨਾਲ-ਨਾਲ ਕਾਂਗਰਸ ਵਲੋਂ ਚੋਣਾਂ ਚ ਉਤਾਰੀਆਂ ਜਾਣਗੀਆਂ, ਉਥੇ ਪਹਿਲਾਂ ਹੀ ਪੰਜਾਬ ਤੋਂ ਚੋਣ ਲੜ ਚੁੱਕੇ ਕਈ ਬਾਲੀਵੁੱਡ ਅਦਾਕਾਰ ਤੇ ਪ੍ਰਸਿੱਧ ਸ਼ਖਸੀਅਤਾਂ ਦਾ ਪੱਤਾ ਕਟੇਗਾ ਵੀ। ਇਨ੍ਹਾਂ ਚ ਵਿਨੋਦ ਖੰਨਾ ਦਾ ਨਾਂ ਖਾਸ ਤੌਰ ਤੇ ਜ਼ਿਕਰ ਕਰਨਾ ਬਣਦਾ ਹੈ, ਉਨ੍ਹਾਂ ਨੂੰ ਭਾਜਪਾ ਇਸ ਵਾਰ ਚੋਣਾਂ ਲੜਾਉਣ ਦੇ ਮੂਡ ਚ ਨਹੀਂ ਹੈ ਤੇ ਦੂਜੇ ਪਾਸੇ ਨਵਜੋਤ ਸਿੱਧੂ ਅੰਮ੍ਰਿਤਸਰੋਂ ਖੁਦ ਚੋਣ ਲੜਨ ਦੇ ਮੂਡ ਚ ਨਹੀਂ ਜਾਪ ਰਹੇ ਹਨ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਇਸ ਬਾਰੇ ਐਲਾਨ ਨਹੀਂ ਕੀਤਾ ਹੈ। ਸੋ ਜੇਕਰ ਅਗਲੀਆਂ ਚੋਣਾਂ ਚ ਪੰਜਾਬ ਚ ਪ੍ਰਸਿੱਧ ਫਿਲਮੀ ਹਸਤੀਆਂ ਤੋਂ ਇਲਾਵਾ ਹੋਰ ਸ਼ਖਸੀਅਤਾਂ ਲੋਕਾਂ ਤੋਂ ਵੋਟਾਂ ਮੰਗਦੀਆਂ ਨਜ਼ਰ ਆਉਣ ਤਾਂ ਪਾਠਕਾਂ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ।
ਸੰਨੀ ਦਿਓਲ ਹੋ ਸਕਦੇ ਨੇ ਲੁਧਿਆਣਾ ਹਲਕੇ ਤੋਂ ਅਕਾਲੀ ਉਮੀਦਵਾਰ



