ਇੰਦੋਰ, 26 ਸਤੰਬਰ (ਪੀ. ਟੀ.)- ਸਮੁੱਚੇ ਦੇਸ਼ ਖਾਸ ਕਰਕੇ ਮੱਧ ਭਾਰਤ ਦੇ ਰਾਜਾਂ ਵਿੱਚ ਵੱਸਣ ਵਾਲੇ ਸਿੱਖ ਭਾਈਚਾਰੇ ਦੇ ਨਾਲ ਸ਼੍ਰੋਮਣੀ ਕਮੇਟੀ ਹਮੇਸ਼ਾ ਚਟਾਨ ਵਾਂਗ ਖੜ੍ਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਇੰਦੋਰ ਹਵਾਈ ਅੱਡੇ ਉਪਰ ਇੰਦੌਰ ਸ਼ਹਿਰ ਦੀਆਂ ਪ੍ਰਮੁੱਖ ਸਿੱਖ ਸ਼ਖਸੀਅਤਾਂ ਤੇ ਆਗੂਆਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਕੀਤਾ । ਉਹਨਾਂ ਨੇ ਕਿਹਾ ਕਿ ਸਿੱਖ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਸਮੇਤ ਦੇਸ਼ ਦੇ ਦੂਜੇ ਰਾਜਾਂ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ, ਖਾਸ ਕਰਕੇ ਮੱਧ ਭਾਰਤ ਅੰਦਰ ਗੁਰਸਿੱਖੀ ਦੀ ਫੁੱਲਵਾੜੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ । ਇਸ ਤੋਂ ਪਹਿਲਾ ਇੰਦੌਰ ਹਵਾਈ ਅੱਡੇ ਉਪਰ ਪੁੱਜਣ ਤੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇ: ਅਵਤਾਰ ਸਿੰਘ ਦਾ ਮੱਧ ਪ੍ਰਦੇਸ਼ ਉਘੇਸਿੱਖ ਆਗੂ ਸ. ਗੁਰਦੀਪ ਸਿੰਘ ਭਾਟੀਆ, ਸੁਰਜੀਤ ਸਿੰਘ ਟੁਟੇਜ਼ਾ ਸਕੱਤਰ ਕੇਂਦਰ ਗੁਰ ਸਿੰਘ ਸਭਾ ਇੰਦੌਰ, ਦਲਜੀਤ ਸਿੰਘ ਭੁੱਲਰ ਪ੍ਰਧਾਨ ਗੁਰਦੁਆਰਾ ਪਾਤਸ਼ਾਹੀ ਛੇਵੀਂ ਪੀਪਲੀ ਰਾਉ, ਗੁਰਮੇਲ ਸਿੰਘ ਖਜ਼ਾਨਚੀ, ਮਨਜੀਤ ਸਿੰਘ ਰਾਜਪਾਲ ਪ੍ਰਧਾਨ ਗੁਰਦੁਆਰਾ ਬੇਰਾਖੀ ਕਲੋਨੀ, ਰਵਿੰਦਰ ਸਿੰਘ ਮੀਤ ਪ੍ਰਧਾਨ, ਅਮਰਜੀਤ ਸਿੰਘ ਭਾਟੀਆਂ ਸਕੱਤਰ, ਸੁਰਿੰਦਰ ਸਿੰਘ ਅਰੋੜਾ ਜੈਨ, ਅਮਰੀਕ ਸਿੰਘ ਠੇਕੇਦਾਰ, ਜਸਬੀਰ ਸਿੰਘ ਹੋਰਾ ਪ੍ਰਤਾਪ ਨਗਰ, ਰਵਿੰਦਰ ਸਿੰਘ ਹੋਰਾ, ਕਵੰਲਨੀਤ ਸਿੰਘ ਟੁਟੇਜਾ, ਨਰਿੰਦਰ ਸਿੰਘ ਨਾਰੰਗ, ਚਰਨਜੀਤ ਸਿੰਘ, ਚੇਅਰਮੈਨ ਖਾਲਸਾ ਕਾਲਜ ਸਮੇਤ ਇੰਦੌਰ ਸ਼ਹਿਰ ਦੀਆਂ ਸਿੱਖ ਸ਼ਖਸੀਅਤਾਂ ਨੇ ਜੈਕਾਰਿਆਂ ਦੀ ਗੂੰਜ਼ ਵਿੱਚ ਫੁੱਲਾਂ ਦੇ ਹਾਰ ਪਾ ਕੇ ਤੇ ਗੁਲਦਸਤੇ ਭੇਂਟ ਕਰਕੇ ਸਾਂਝੇ ਰੂਪ ਵਿੱਚ ਉਹਨਾਂ ਦਾ ਨਿੱਘਾ ਸਵਾਗਤ ਕੀਤਾ । ਇਸ ਮੌਕੇ ਹੋਰਨਾਂ ਤੋ ਇਲਾਵਾ ਸ਼੍ਰੌਮਣੀ ਕਮੇਟੀ ਦੇ ਅਡੀਸ਼ਨਲ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਗੁਰਵਿੰਦਰ ਸਿੰਘ ਪੀ.ਏ., ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।



