Skip to content
Independent perspectives. Global stories.
BREAKING

ਮਾਨਸਾ ਪੁਲਿਸ ਵੱਲੋਂ ਸਵਾ ਦੋ ਸਾਲ ਪੁਰਾਣਾ ਅੰਨ੍ਹਾ ਕਤਲ ਕੇਸ ਬੇਨਕਾਬ

Share this story

ਮਾਨਸਾ, 19 ਸਤੰਬਰ (ਅਨੂਪ ਸਿੰਘ ਖਾਲਸਾ)-ਜ਼ਿਲ੍ਹਾ ਪੁਲਿਸ ਮਾਨਸਾ ਨੂੰ ਕਰੀਬ ਦੋ ਸਾਲ ਪੁਰਾਣੇ ਅੰਨ੍ਹੇ ਕਤਲ ਨੂੰ ਸੁਲਝਾਉਣ ਵਿਚ ਸਫਲਤਾ ਹਾਸਲ ਹੋਈ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਮਾਨਸਾ ਸ਼੍ਰੀ ਰਘਬੀਰ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਫਫੜੇ ਭਾਈਕੇ ਦੇ ਹਰਨੇਕ ਸਿੰਘ ਦਾ ਮਿਤੀ 28-29 ਜੂਨ 2013 ਦੀ ਦਰਮਿਆਨੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਿਰ ’ਤੇ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਸਬੰਧੀ ਮਕਤੂਲ ਦੇ ਲੜਕੇ ਜਗਤਾਰ ਸਿੰਘ ਦੇ ਬਿਆਨ ’ਤੇ ਮੁਕੱਦਮਾ ਨੰਬਰ 42 ਮਿਤੀ 29-06-2013 ਅ/ਧ 302 ਹਿੰ:ਦੰ: ਥਾਣਾ ਭੀਖੀ ਵਿਖੇ ਦਰਜ ਹੋਇਆ ਸੀ। ਉਨ੍ਹਾਂ ਦੱਸਿਆ ਕਿ ਕਰੀਬ ਸਵਾ ਦੋ ਸਾਲ ਲੰਘ ਜਾਣ ਮਗਰੋਂ ਵੀ ਇਸ ਕੇਸ ਵਿਚ ਕੋਈ ਸੁਰਾਗ ਹੱਥ ਨਹੀਂ ਲੱਗਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਬੇਟੇ ਜਗਤਾਰ ਸਿੰਘ ਅਤੇ ਰਛਪਾਲ ਸਿੰਘ ਕਈ ਵਾਰ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਉਨ੍ਹਾਂ ਦੇ ਪਿਤਾ ਦੇ

ਕਾਤਲਾਂ ਨੂੰ ਲੱਭਣ ਦੀ ਬੇਨਤੀ ਕਰ ਚੁਕੇ ਸਨ, ਪਰ ਕਾਫੀ ਮਿਹਨਤ ਉਪਰੰਤ ਵੀ ਇਹ ਕੇਸ ਹੱਲ ਨਹੀਂ ਹੋ ਰਿਹਾ ਸੀ। ਐਸ.ਐਸ.ਪੀ. ਸ਼ੀ ਸੰਧੂ ਨੇ ਦੱਸਿਆ ਕਿ ਇਹ ਪਰਿਵਾਰ ਨੇ ਕੁਝ ਅਰਸਾ ਪਹਿਲਾਂ ਉਨ੍ਹਾਂ ਨੂੰ ਮਿਲ ਕੇ ਕਾਤਲ ਨੂੰ ਫੜਨ ਸਬੰਧੀ ਬੇਨਤੀ ਕੀਤੀ ਸੀ, ਜਿਸ ’ਤੇ ਡੀ.ਐਸ.ਪੀ. ਸ਼੍ਰੀ ਰੁਪਿੰਦਰ ਭਾਰਦਵਾਜ ਅਤੇ ਥਾਣਾ ਭੀਖੀ ਦੇ ਮੁੱਖ ਅਫਸਰ ਇੰਸਪੈਕਟਰ ਦਲਬੀਰ ਸਿੰਘ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਾਰੇ ਤੱਥਾਂ ਦੀ ਘੋਖ ਕਰਨ ਤੋਂ ਬਾਅਦ ਪਿੰਡ ਦੇ ਕਾਫੀ ਮੋਹਤਬਰ ਵਿਅਕਤੀਆਂ ਕੋਲੋਂ ਦੁਬਾਰਾ ਪੁਛ-ਪੜਤਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਣਥੱਕ ਮਿਹਨਤ ਤੋਂ ਬਾਅਦ ਮਾਨਸਾ ਪੁਲਿਸ ਅਸਲ ਕਾਤਲ ਤਕ ਪਹੁੰਚਣ ਵਿੱਚ ਸਫਲ ਹੋ ਗਈ। ਸ਼੍ਰੀ ਸੰਧੂ ਨੇ ਦੱਸਿਆ ਕਿ ਅਸਲ ਵਿੱਚ ਹਰਨੇਕ ਸਿੰਘ ਦਾ ਕਤਲ ਮਨਦੀਪ ਸਿੰਘ ਉਰਫ ਦੀਪੂ ਮਿਸਤਰੀ ਵਾਸੀ ਫਫੜੇ ਭਾਈਕੇ ਨੇ ਕੀਤਾ ਸੀ, ਜੋ ਇਸ ਪਰਿਵਾਰ ਨਾਲ ਕਰੀਬ ਪੰਦਰਾਂ ਸਾਲਾਂ ਤੋਂ ਜੁੜਿਆ ਹੋਇਆ ਸੀ ਅਤੇ ਇਨ੍ਹਾਂ ਦੀ ਕੋਠੀ ਵੀ ਉਸੇ ਨੇ ਹੀ ਪਾਈ ਸੀ। ਘਰ ਵਿੱਚ ਉਸਨੂੰ ਪਰਿਵਾਰਕ ਮੈਂਬਰ ਦੀ ਤਰ੍ਹਾਂ ਹੀ ਸਮਝਿਆ ਜਾਂਦਾ ਸੀ, ਇਸੇ ਕਰਕੇ ਕਿਸੇ ਨੇ ਵੀ ਉਸ ਪਰ ਸ਼ੱਕ ਨਹੀਂ ਸੀ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕਤਲ ਕਰਨ ਲਈ ਵਰਤਿਆ ਗਿਆ ਹਥਿਆਰ ਨਲਕੇ ਦੀ ਲੋਹੇ ਦੀ ਹੱਥੀ ਵੀ ਬਰਾਮਦ ਕਰਵਾ ਲਈ ਹੈ। ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮਨਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਹਰਨੇਕ ਸਿੰਘ ਉਸਦਾ ਸ਼ੋਸ਼ਣ ਕਰਦਾ ਸੀ ਅਤੇ ਉਸਦੀ ਪੂਰੀ ਮਜ਼ਦੂਰੀ ਨਹੀਂ ਦਿੰਦਾ ਸੀ ਅਤੇ ਉਸ ਨਾਲ ਬਿਨਾਂ ਵਜਾਹ ਗਾਲੀ ਗਲੌਚ ਕਰਦਾ ਸੀ। ਸ਼੍ਰੀ ਸੰਧੂ ਨੇ ਦੱਸਿਆ ਕਿ ਕਤਲ ਵਾਲੀ ਰਾਤ ਵੀ ਉਸਨੇ ਦੀਪੂ ਨੂੰ ਸ਼ਰਾਬੀ ਹਾਲਤ ਵਿੱਚ ਗਾਲ਼ਾਂ ਕੱਢੀਆਂ ਸੀ, ਜਿਸ ਦਾ ਗੁੱਸਾ ਮਨ ਵਿਚ ਰੱਖ ਕੇ ਦੀਪੂ ਨੇ ਇਕ ਨਲਕੇ ਦੀ ਹੱਥੀ ਨਾਲ ਹਰਨੇਕ ਸਿੰਘ ਦੇ ਸੁਤੇ ਪਏ ਦੇ ਸਿਰ ਵਿਚ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਸ ਵਕਤ ਹਰਨੇਕ ਸਿੰਘ ਆਪਣੇ ਅੰਦਰਲੇ ਘਰ ਵਿੱਚ ਇਕੱਲਾ ਹੀ ਸੀ। ਕਤਲ ਕਰਨ ਤੋਂ ਬਾਅਦ ਮਨਦੀਪ ਸਿੰਘ ਨੇ ਨਲਕੇ ਦੀ ਹੱਥੀ ਪਿੰਡ ਖਿੱਲਣ ਦੇ ਸੂਏ ਦੀ ਪਟੜੀ ਕੋਲ ਇਕ ਪੁਰਾਣੇ ਬੋਹੜ ਦੇ ਤਣਿਆਂ ਵਿੱਚ ਛੁਪਾ ਕੇ ਰੱਖ ਦਿੱਤੀ ਸੀ ਅਤੇ ਖੁਦ 29 ਜੂਨ 2013 ਦੀ ਸੁਭਾ ਰੇਲ ਗੱਡੀ ਰਾਹੀਂ ਮੌੜ ਚਲਾ ਗਿਆ ਸੀ, ਜਿਥੋਂ ਦੋ ਦਿਨ ਉਹ ਵਾਪਿਸ ਪਿੰਡ ਨਹੀਂ ਆਇਆ। ਪੁਲਿਸ ਨੂੰ ਸ਼ੱਕ ਇਸ ਕਰਕੇ ਪਿਆ ਕਿ ਪਰਿਵਾਰ ਦੇ ਮੈਂਬਰ ਦੀ ਤਰਾਂ ਹੋਣ ਦੇ ਬਾਵਜੂਦ ਵੀ ਦੀਪੂ ਮ੍ਰਿਤਕ ਦੇ ਸੰਸਕਾਰ ਵਿੱਚ ਸ਼ਾਮਿਲ ਨਹੀਂ ਹੋਇਆ ਸੀ ਅਤੇ ਵਾਰਦਾਤ ਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗਾ ਸੀ ਅਤੇ ਸ਼ਰਾਬ ਵੀ ਜਿਆਦਾ ਪੀਣ ਲੱਗ ਗਿਆ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਕੱਥਿਤ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿਛ ਕੀਤੀ ਜਾਵੇਗੀ।

WRITTEN BY