ਰਾਮਨਗਰ (ਪੱਛਮੀ ਚੰਪਾਰਨ), 19 ਸਤੰਬਰ (ਪੀ. ਟੀ. ਲਾਇਵ)- ਬਿਹਾਰ ਵਿਧਾਨ ਸਭਾ ਦੇ ਚੋਣ ਦੰਗਲ ਵਿੱਚ ਅੱਜ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵੱਡੀ ਰੈਲੀ ਕਰਕੇ ਪਾਰਟੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਜ਼ਿਲ੍ਹਾ ਪੱਛਮੀ ਚੰਪਾਰਨ ਵਿੱਚ ਕਾਂਗਰਸ ਦੀ ਇਹ ਪਹਿਲੀ ਅਤੇ ਭਰਵੀਂ ਰੈਲੀ ਹੋਈ, ਪਰ ਇਸ ਰੈਲੀ ਵਿੱਚ ਕਾਂਗਰਸ ਦੇ ਸਹਿਯੋਗੀ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਨਹੀਂ ਪਹੁੰਚੇ। ਰਾਹੁਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਨੇ ਲੋਕਸਭਾ ਚੋਣਾਂ ਤੋਂ ਪਹਿਲਾਂ 2 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਪਰ ਹੁਣ ਉਹ ਵਾਅਦਾ ਭੁਲਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੋਦੀ ਨੇ ਇਹ ਵੀ ਕਿਹਾ ਸੀ ਕਿ ਆਮ ਆਦਮੀ ਦੇ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਜਾਣਗੇ, ਪਰ ਇਹ ਗੱਲ ਠੁੱਸ ਸਾਬਿਤ ਹੋਈ ਹੈ। ਰਾਹੁਲ ਨੇ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ‘ਫੈਂਕੂ’ ਤੱਕ ਕਹਿ ਦਿੱਤਾ।
ਰਾਹੁਲ ਗਾਂਧੀ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਕਪੜਿਆਂ ਤੋਂ ਬਹੁਤ ਕੁਝ ਪਤਾ ਚਲ ਜਾਂਦਾ ਹੈ। ਗਾਂਧੀ ਜੀ ਸੂਟ ਪਹਿਨਦੇ ਸਨ। ਕਾਲਾ ਸੂਟ ਉਨ੍ਹਾਂ ਲਈ ਖਾਸ ਸੀ। ਪਰ ਪਹਿਲਾਂ ਉਨ੍ਹਾਂ ਦਾ ਸੂਟ ਉਤਰਿਆ, ਫਿਰ ਉਨ੍ਹਾਂ ਦੀ ਸ਼ਰਟ ਉਤਰੀ। ਉਨ੍ਹਾਂ ਦੇ ਮਿਊਜ਼ੀਅਮ ਵਿੱਚ ਜਾਓ ਤਾਂ ਤੁਹਾਨੂੰ ਉਨ੍ਹਾਂ ਦੇ ਵਿਚਾਰ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਧੋਤੀ, ਉਨ੍ਹਾਂ ਦਾ ਚਸ਼ਮਾ, ਟੁੱਟੀ ਘੜੀ ਹੀ ਦਿਸਦੀ ਹੈ। ਇੱਕ ਆਦਮੀ ਸੂਟ ਪਹਿਨਦਾ ਸੀ ਅਤੇ ਹੌਲੀ-ਹੌਲੀ ਕੇਵਲ ਉਸ ਦੇ ਵਿਚਾਰ ਬਚੇ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਸੰਸਦ ਵਿੱਚ ਸੂਟ-ਬੂਟ ਦੀ ਸਰਕਾਰ ਦੀ ਗੱਲ ਕੀਤੀ ਸੀ। ਮੋਦੀ ਜੀ ਖੁਦ ਨੂੰ ਚਾਹ ਵਾਲੇ ਦਾ ਬੇਟਾ ਕਹਿੰਦੇ ਹਨ। ਪਹਿਲਾਂ ਉਹ ਹਾਫ ਪੈਂਟ ਅਤੇ ਸ਼ਰਟ ਪਹਿਨਦੇ ਸਨ। ਉਸ ਦੇ ਬਾਅਦ ਪਜਾਮਾ ਕੁੜਤਾ ਪਹਿਨਿਆ ਅਤੇ ਹੁਣ 15 ਲੱਖ ਰੁਪਏ ਦਾ ਸੂਟ ਪਹਿਨਦੇ ਹਨ। ਮੋਦੀ ਜੀ ਸੂਟ-ਬੂਟ ਪਹਿਨਣ ਵਾਲੇ ਲੋਕਾਂ ਨਾਲ ਰਹਿੰਦੇ ਹਨ, ਪਰ ਗੱਲ ਗਰੀਬਾਂ ਦਾ ਜੀਵਨ ਬਦਲਣ ਦੀ ਕਰਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੀ ਜ਼ਮੀਨ ਨਹੀਂ ਹਥਿਆਉਣ ਦੇਵਾਂਗੇ। ਉਨ੍ਹਾਂ ਕਿਹਾ ਕਿ ਪਹਿਲਾਂ ਅੰਗਰੇਜ਼ ਕਿਸਾਨਾਂ ਦੀ ਜ਼ਮੀਨ ਖੋਹ ਲੈਂਦੇ ਸਨ, ਪਰ ਹੁਣ ਮੋਦੀ ਕਿਸਾਨਾਂ ਦੀ ਜ਼ਮੀਨ ਹਥਿਆਉਣਾ ਚਾਹੁੰਦੇ ਹਨ। ਮੋਦੀ ਜੀ ਕਹਿੰਦੇ ਹਨ ਤਿ ਤੁਸੀਂ ਜ਼ਮੀਨ ਦਿਓ ਅਸੀਂ ਤੁਹਾਨੂੰ ਰੁਜ਼ਗਾਰ ਦੇਵਾਂਗੇ।



