ਜਲੰਧਰ, 17 ਸਤੰਬਰ- ਨਾਨਕਸਰ ਸੰਪਰਦਾ ਦੇ ਮੁਖੀ ਅਤੇ ਸਿੱਖ ਪੰਥ ਦੀ ਪ੍ਰਮੁੱਖ ਸ਼ਖਸੀਅਤ ਸੰਤ ਬਾਬਾ ਲੱਖਾ ਸਿੰਘ ਜੀ ਨੇ ਆਖਿਆ ਹੈ ਕਿ ਈਰਖਾ, ਵੈਰ-ਵਿਰੋਧ ਅਤੇ ਕੱਟਰਤਾ ਨੂੰ ਠੱਲ ਪਾਉਣਾ ਸਮੇਂ ਦੀ ਵੱਡੀ ਜ਼ਰੂਰਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਦੂਸਰੇ ਧਰਮਾਂ ਦੇ ਲੋਕਾਂ ਤੱਕ ਲਿਜਾਣਾ ਸਮੇਂ ਦੀ ਵੱਡੀ ਚੁਣੌਤੀ ਹੈ, ਇਸ ਸਬੰਧੀ ਵੱਡੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ। ਸੰਤ ਬਾਬਾ ਲੱਖਾ ਸਿੰਘ ਜੀ ਇੱਥੇ ‘ਪੰਜਾਬ ਟਾਇਮਜ਼’ ਦੇ ਮੱਖ ਦਫਤਰ ਵਿਖੇ ਵਿਸ਼ੇਸ਼ ਗੱਲਬਾਤ ਕਰ ਰਹੇ ਸਨ। ਉਹ ‘ਪੰਜਾਬ ਟਾਇਮਜ਼’ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ ਨਾਲ ਮੁਲਾਕਾਤ ਕਰਨ ਅਤੇ ਅਦਾਰੇ ਨੂੰ 3 ਸਾਲ ਪੂਰੇ ਕਰਨ ਮੌਕੇ ਆਸ਼ੀਰਵਾਦ ਦੇਣ ਪਧਾਰੇ ਸਨ। ਬਾਬਾ ਜੀ ਨੇ ਦੱਸਿਆ ਕਿ ਉਹ ਇਸ ਮੁੱਦੇ ਉ¤ਪਰ ਕਈ ਸਾਲਾਂ ਤੋਂ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖੀ ਵਿੱਚ ਈਰਖਾ ਅਤੇ ਕੱਟਰਤਾ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਮੁਤਾਬਿਕ
ਕੱਟਰਤਾ ਕਾਰਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਦੂਸਰੇ ਧਰਮਾਂ ਦੇ ਲੋਕਾਂ ਤੱਕ ਨਹੀਂ ਪਹੁੰਚ ਰਿਹਾ। ਉਨ੍ਹਾਂ ਸਵਾਲ ਉਠਾਇਆ ਕਿ ਸਿਰਫ ਸਿੱਖਾਂ ਅੰਦਰ ਹੀ ਪ੍ਰਚਾਰ ਕਰਨਾ ਕਾਫੀ ਨਹੀਂ ਹੈ ਸੋਗਂ ਇਹ ਪ੍ਰਚਾਰ ਦੂਸਰੇ ਵਰਗਾਂ ਤੱਕ ਵੀ ਜਾਣਾ ਚਾਹੀਦਾ ਹੈ। ਬਾਬਾ ਜੀ ਇਨ੍ਹੀਂ ਦਿਨੀਂ ਦਿੱਲੀ ਵਿਖੇ ਕਰਵਾਏ ਜਾ ਰਹੇ 6ਵੇਂ ਵਿਸ਼ਵ ਸਰਬ ਧਰਮ ਸੰਮੇਲਨ ਦੀ ਦਿਨ ਰਾਤ ਤਿਆਰੀ ਕਰ ਰਹੇ ਹਨ। ਏਕੁ ਪਿਤਾ ਏਕਸ ਕੇ ਹਮ ਬਾਰਿਕ ਵਿਸ਼ੇ ’ਤੇ ਹੋ ਰਿਹਾ ਇਹ ਸੰਮੇਲਨ ਇਸ ਪੱਖ ਤੋਂ ਕਾਫੀ ਅਹਿਮ ਹੈ। ਸੰਮੇਲਨ 1 ਅਕਤੂਬਰ 2015 ਦਿਨ ਵੀਰਵਾਰ ਨੂੰ ਰਾਤ 9 ਵਜੇ ਤੋਂ 12 ਵਜੇ ਤੱਕ ਧਨ ਪਠੋਹਰ ਪਾਰਕ, ਫਤਿਹ ਨਗਰ, ਜੇਲ੍ਹ ਰੋਡ ਨਵੀਂ ਦਿੱਲੀ ਵਿਖੇ ਹੋ ਰਿਹਾ ਹੈ। ਇਸ ਸੰਮੇਲਨ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਅਤੇ ਹੋਰ ਧਾਰਮਿਕ ਜੱਥੇਬੰਦੀਆਂ ਦਾ ਸਹਿਯੋਗ ਪ੍ਰਾਪਤ ਹੈ। ਹੇਮਕੁੰਟ ਸ਼ਬਦੀ ਜੱਥਾ ਨਵੀਂ ਦਿੱਲੀ ਇਸ ਪ੍ਰੋਗਰਾਮ ਦਾ ਪ੍ਰਬੰਧ ਕਰ ਰਿਹਾ ਹੈ। ਬਾਬਾ ਜੀ ਨੇ ਸਮੂਹ ਸੰਗਤਾਂ ਅਤੇ ਧਾਰਮਿਕ ਜੱਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੰਮੇਲਨ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਸਿੱਖ ਵਿਚਾਰਧਾਰਾ ਦਾ ਹੋਰ ਪ੍ਰਸਾਰ ਕੀਤਾ ਜਾ ਸਕੇ। ਬਾਬਾ ਜੀ ਨੇ ਇਸ ਮੌਕੇ ’ਤੇ ਪੰਜਾਬ ਟਾਇਮਜ਼ ਪਰਿਵਾਰ ਦੀ ਚੜ੍ਹਦੀਕਲਾ ਲਈ ਵਿਸ਼ੇਸ਼ ਤੌਰ ’ਤੇ ਅਰਦਾਸ ਕੀਤੀ। ਉਨ੍ਹਾਂ ਨੇ ਸੰਪਰਦਾ ਵੱਲੋਂ ਅਦਾਰੇ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਪੰਜਾਬ ਟਾਇਮਜ਼ ਪਰਿਵਾਰ ਵੱਲੋਂ ਬਾਬਾ ਜੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।



