ਜਲੰਧਰ/ਚੰਡੀਗੜ੍ਹ, 15 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਅੱਜ ਗੁਰੂ ਰਵਿਦਾਸ ਜੀ ਦੀ ਯਾਦਗਾਰ ਬਣਾਉਣ ਲਈ ਜਗ੍ਹਾ ਤੇ ਡਿਜ਼ਾਇਨ ਨੂੰ ਪ੍ਰਵਾਨਗੀ ਦੇਣ ਨਾਲ ਪਿੰਡ ਖੁਰਾਲਗੜ੍ਹ ਵਿਖੇ ਇਸ ਯਾਦਗਾਰ ਦੇ ਨਿਰਮਾਣ ਲਈ ਰਾਹ ਪੱਧਰਾ ਹੋ ਗਿਆ।
ਇਸ ਮਾਣਮੱਤੇ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸੈਰ ਸਪਾਟਾ ਵਿਭਾਗ ਨੂੰ ਹਦਾਇਤ ਕੀਤੀ ਕਿ ਫੌਰੀ ਤੌਰ ’ਤੇ ਟੈਂਡਰ ਜਾਰੀ ਕੀਤੇ ਜਾਣ ਤਾਂ ਕਿ ਨਵੰਬਰ 2015 ਵਿੱਚ ਨਿਰਮਾਣ ਕਾਰਜ ਸ਼ੁਰੂ ਕਰਕੇ ਨਵੰਬਰ 2016 ਵਿਚ ਹਰ ਹਾਲ ’ਚ ਮਾਨਵਤਾ ਨੂੰ ਸਮਰਪਿਤ ਕੀਤਾ ਜਾ ਸਕੇ।
ਇਹ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸੈਰ ਸਪਾਟਾ ਵਿਭਾਗ ਨੂੰ ਆਖਿਆ ਕਿ ਜੰਗ-ਏ-ਆਜ਼ਾਦੀ ਦੀਆਂ ਲੀਹਾਂ ’ਤੇ ਇੱਕ ਸੁਸਾਇਟੀ ਦਾ ਗਠਨ ਕੀਤਾ ਜਾਵੇ ਜੋ ਇਸ ਯਾਦਗਾਰ ਨੂੰ ਬਣਾਉਣ ਤੇ ਸਾਂਭ-ਸੰਭਾਲ ਨਾਲ ਸਬੰਧਤ ਪ੍ਰਸ਼ਾਸ਼ਕੀ ਫੈਸਲੇ ਲਵੇਗੀ। ਉਨ੍ਹਾਂ ਆਖਿਆ ਕਿ ਸੈਰ ਸਪਾਟਾ ਮੰਤਰੀ ਸੁਸਾਇਟੀ ਦੇ ਚੇਅਰਮੈਨ ਹੋਣਗੇ ਅਤੇ ਇਸ ਵਿਚ ਕਾਰਜਕਾਰਨੀ ਕਮੇਟੀ ਵਿਚੋਂ ਮੈਂਬਰ ਲਏ ਜਾਣਗੇ। ਮੁੱਖ ਮੰਤਰੀ ਨੇ ਇਸ ਯਾਦਗਾਰ ਨਾਲ ਜੁੜੀਆਂ ਕਾਰਜ ਕਰਨ ਵਾਲੀਆਂ ਏਜੰਸੀਆਂ ਨੂੰ ਆਪਣੀਆਂ ਸਰਗਰਮੀਆਂ ਤੇਜ਼ ਕਰਨ ਦੀ ਹਦਾਇਤ ਕੀਤੀ ਤਾਂ ਕਿ ਭਗਤੀ ਅੰਦੋਲਨ ਦੇ ਮਹਾਨ ਸੰਤ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਤੇ ਸਿੱਖਿਆਵਾਂ ਦੇ ਪਸਾਰ ਲਈ ਇਸ ਯਾਦਗਾਰ ਨੂੰ ਪ੍ਰਤੀਕ ਵਜੋਂ ਉਭਾਰਿਆ ਜਾ ਸਕੇ।
ਮੀਟਿੰਗ ਦੌਰਾਨ ਮੁੱਖ ਮੰਤਰੀ ਸਾਹਮਣੇ ਪੇਸ਼ਕਾਰੀ ਰਾਹੀਂ ਯਾਦਗਾਰ ਦੀ ਸ਼ਿਲਪਕਾਰੀ ਯੋਜਨਾ ਅਤੇ ਲੈਂਡ ਸਕੇਪਿੰਗ ਦਾ ਪ੍ਰਗਟਾਵਾ ਕੀਤਾ ਗਿਆ। ਸ. ਬਾਦਲ ਨੂੰ ਦੱਸਿਆ ਗਿਆ ਕਿ ਇਸ ਯਾਦਗਾਰ ਦੇ ਮੁਕੰਮਲ ਹੋਣ ਨਾਲ ਇਥੇ 10,000 ਸ਼ਰਧਾਲੂਆਂ ਦੀ ਸਮਰਥਾ ਦੀ ਇਕਤਰਤਾ ਵਾਲਾ ਇਕ ਹਾਲ ਅਤੇ ਉੱਚ ਦਰਜੇ ਦਾ ਆਡੀਟੋਰੀਅਮ ਵੀ ਹੋਵੇਗਾ ਜਿਸ ਵਿਚ ਹਰੇਕ ਤਰ੍ਹਾਂ ਦੀ ਆਧੁਨਿਕ ਤਕਨੀਕ ਮੁਹੱਈਆ ਹੋਵੇਗੀ ਜਿਸ ਰਾਹੀਂ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਸਿੱਖਿਆਵਾਂ ਨੂੰ ਦਰਸਾਇਆ ਜਾਵੇਗਾ। ਆਡੀਟੋਰੀਅਮ ਵਿਚ ਕਿਸੇ ਵੀ ਸਮਾਗਮ ਦੌਰਾਨ 500 ਸ਼ਰਧਾਲੂਆਂ ਦੇ ਬੈਠਣ ਦੀ ਜਗ੍ਹਾਂ ਹੋਵੇਗੀ। ਇਹ ਵੀ ਦੱਸਿਆ ਗਿਆ ਕਿ ਇਸ ਵਿਸ਼ਵ ਪੱਧਰੀ ਯਾਦਗਾਰ ਦੀ ਖਾਸੀਅਤ 150 ਫੁੱਟ ਉਚਾ ‘ਮਿਨਾਰ-ਏ-ਬੇਗਮਪੁਰਾ’ ਦਾ ਢਾਂਚਾ ਹੋਵੇਗਾ। ਮੁੱਖ ਮੰਤਰੀ ਨੇ ਆਖਿਆ ਕਿ ਗੁਰੂ ਰਵਿਦਾਸ ਯਾਦਗਾਰ ਵਿਸ਼ਵ ਪੱਧਰੀ ਸਮਾਰਕ ਹੋਵੇਗੀ ਜਿਸ ਕਰਕੇ ਤਿੰਨਾਂ ਪਾਸਿਆਂ ਤੋਂ ਆਉਂਦੀਆਂ ਪਹੁੰਚ ਸੜਕਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਇਸ ਯਾਦਗਾਰ ਦੇ ਦਰਸ਼ਨ ਕਰਨ ਵਾਲਿਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਯਾਦਗਾਰ ਨਾਲ ਜੁੜੀਆਂ ਸੜਕਾਂ ਨੂੰ ਚੌੜਾ ਜਾਂ ਮਜ਼ਬੂਤ ਕਰਨ ਲਈ ਤੁਰੰਤ ਅਧਿਐਨ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਇਸ ਪ੍ਰਾਜੈਕਟ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ
ਮੀਟਿੰਗ ਵਿਚ ਸੈਰ ਸਪਾਟਾ ਮੰਤਰੀ ਸ. ਸੋਹਨ ਸਿੰਘ ਠੰਡਲ, ਸਾਬਕਾ ਮੰਤਰੀ ਤੇ ਵਿਧਾਇਕ ਸ. ਸਰਵਣ ਸਿੰਘ ਫਿਲੌਰ, ਮੁੱਖ ਸੰਸਦੀ ਸਕੱਤਰ ਸ੍ਰੀ ਸੋਮ ਪ੍ਰਕਾਸ਼, ਪੰਜਾਬ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ, ਪ੍ਰਮੁੱਖ ਸਕੱਤਰ ਵਿੱਤ ਸ੍ਰੀ ਡੀ.ਪੀ. ਰੈਡੀ, ਪ੍ਰਮੁੱਖ ਸਕੱਤਰ ਸੈਰ ਸਪਾਟਾ ਸ੍ਰੀਮਤੀ ਅੰਜਲੀ ਭਾਵੜਾ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਹਾਜ਼ਰ ਸਨ।



