ਸਿਓਲ/ਚੰਡੀਗੜ੍ਹ, 1 ਸਤੰਬਰ (ਪੀ. ਟੀ.)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਵਿਸ਼ਵ ਪ੍ਰਸਿੱਧ ਕੰਪਨੀ ਸੈਮਸੰਗ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਸਰਕਾਰ ਵੱਲੋਂ ਸਾਂਝ ਅਤੇ ਸੇਵਾ ਕੇਂਦਰਾਂ ਰਾਹੀਂ ਨਾਗਰਿਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਆਨਲਾਈਨ ਕਰਨ ਲਈ ਤਕਨੀਕ ਮੁਹੱਈਆ ਕਰੇ। ਸੈਮਸੰਗ ਇਲੈਕਟ੍ਰੋਨਿਕ ਸਿਟੀ ਦੇ ਦੌਰੇ ਦੌਰਾਨ ਕੰਪਨੀ ਦੀਆਂ ਖੋਜਾਂ ਨੂੰ ਦਰਸ਼ਾਉਣ ਵਾਲੇ ਅਜ਼ਾਇਬ ਘਰ ਨੂੰ ਦੇਖਣ ਦੌਰਾਨ, ਉਪ ਮੁੱਖ ਮੰਤਰੀ ਨੇ ਕਿਹਾ ਕਿ ਸੈਮਸੰਗ ਇਸ ਪ੍ਰੋਜੈਕਟ ਨੂੰ ਇੱਕ ਸ਼ੁਰੂਆਤ ਵਜੋਂ ਵਿਚਾਰ ਸਕਦੀ ਹੈ। ਉਨ੍ਹਾਂ ਕੰਪਨੀ ਨੂੰ ਆਪਣੀ ਇੱਕ ਟੀਮ ਪੰਜਾਬ ਭੇਜਣ ਲਈ ਕਿਹਾ ਤਾਂ ਕਿ ਇਸ ਪੇਸ਼ਕਸ਼ ਨੂੰ ਅੱਗੇ ਵਧਾਇਆ ਜਾ ਸਕੇ। ਇਸ ਦੇ ਜਵਾਬ ’ਚ ਕੰਪਨੀ ਨੇ ਕਿਹਾ ਕਿ ਉਹ ਜਲਦ ਹੀ ਆਪਣੇ ਭਾਰਤ ਸਥਿਤ ਮੁੱਖ ਅਧਿਕਾਰੀ ਨੂੰ ਪੰਜਾਬ ’ਚ ਇੱਕ ਟੀਮ ਭੇਜ ਕੇ ਇਸ ਸਬੰਧੀ ਸੰਭਾਵਨਾਵਾਂ ਤਲਾਸ਼ਣ ਲਈ ਕਹੇਗੀ।
ਇਸ ਮੌਕੇ ਵਿਚਾਰ-ਚਰਚਾ ਅਤੇ ਸੈਮਸੰਗ ਦੇ ਅਧਿਕਾਰੀਆਂ ਜਿੰਨ੍ਹਾਂ ਵਿੱਚ ਮੁਬਾਈਲ ਕਮਿਊਨੀਕੇਸ਼ਨ ਇੰਟਰਪ੍ਰਾਈਜ਼ ਬਿਜਨਸ ਟੀਮ ਦੇ ਡਾਇਰੈਕਟਰ ਜੂਸੁਨ ਲੀ ਅਤੇ ਮੈਨੇਜਰ ਗੌਰਵ ਸ਼ਾਹ ਸ਼ਾਮਿਲ ਸਨ, ਵੱਲੋਂ ਕੀਤੀ ਪੇਸ਼ਕਾਰੀ ਦੌਰਾਨ ਕੰਪਨੀ ਨੇ ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸਮਾਜ ਭਲਾਈ ਯੋਜਨਾਵਾਂ ਲਈ ਲੋੜਵੰਦਾਂ ਦੀ ਪਛਾਣ ਕਰਨ ਲਈ ਆਪਣੀ ਪਛਾਣ ਤਕਨੌਲਜੀ ‘ਇਰਿਸ’ ਦੀ ਵਰਤੋਂ ਕਰਨ ਸਬੰਧੀ ਇੱਛਾ ਪ੍ਰਗਟਾਈ।
ਸ. ਸੁਖਬੀਰ ਸਿੰਘ ਬਾਦਲ ਨੇ ਸੈਮਸੰਗ ਨਾਲ ਪੰਜਾਬ ਸਰਕਾਰ ਦਾ ਨਿਊ ਚੰਡੀਗੜ੍ਹ ਅਤੇ ਰਾਜ ਦੇ ਹੋਰ ਮਹੱਤਵਪੂਰਨ ਸ਼ਹਿਰਾਂ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਦਾ ਫੈਸਲਾ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸੈਮਸੰਗ ਵਰਗੀ ਕੰਪਨੀ ਇੰਨਾਂ ਸ਼ਹਿਰਾਂ ਦੀ ਰਚਨਾ, ਨਿਰਮਾਣ ਅਤੇ ਕਾਰਜਸ਼ੀਲਤਾ ਕਰ ਸਕਦੀ ਹੈ। ਇਸ ’ਤੇ ਸੈਮਸੰਗ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਹ ਇਸ ਪੇਸ਼ਕਸ਼ ’ਤੇ ਵਿਚਾਰ ਕਰਨਗੇ।
ਸ. ਬਾਦਲ ਅੱਜ ਕਈ ਸੰਭਾਵਤ ਨਿਵਸ਼ਕਾਂ ਨਾਲ ਰੂ-ਬ-ਰੂ ਵੀ ਹੋਏ। ਇਨ੍ਹਾਂ ’ਚ ਪ੍ਰਮੁੱਖ ਤੌਰ ’ਤੇ ਸਵੈਚਲਿਤ ਪਾਰਕਿੰਗ ਪ੍ਰਣਾਲੀ ਬਨਾਉਣ ਵਾਲੀ ਕੋਰੀਆ ਦੇ ਸੱਭ ਤੋਂ ਵੱਡੇ ਨਿਰਮਾਤਾ ਡੋਂਗਯਾਂਗ ਮੇਨਿਕਸ ਨਾਲ ਲਾਹੇਵੰਦ ਮੁਲਾਕਾਤ ਸ਼ਾਮਿਲ ਹੈ। ਇਸ ਮੌਕੇ ਉਪ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਸਨਅਤੀ ਸਲਾਹਕਾਰ ਕਮਲ ਓਸਵਾਲ, ਮੁੱਖ ਸੰਸਦੀ ਸਕੱਤਰ ਸ੍ਰੀ ਐਨ. ਕੇ. ਸ਼ਰਮਾ, ਉਨ੍ਹਾਂ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ, ਸਨਅਤਕਾਰ ਸੰਜੀਵ ਗਰਗ ਅਤੇ ਸੀਨੀਅਰ ਅਧਿਕਾਰੀਆਂ ’ਚ ਸ੍ਰੀ ਵਿਸਵਾਜੀਤ ਖੰਨਾ, ਸ੍ਰੀ ਪੀ.ਐਸ. ਔਜਲਾ, ਸ੍ਰੀ ਅਨਿਰੁਧ ਤਿਵਾੜੀ ਅਤੇ ਸ੍ਰੀ ਰਾਹੁਲ ਤਿਵਾੜੀ ਵੀ ਹਾਜ਼ਰ ਸਨ।


