ਫਿਰੋਜ਼ਪੁਰ, 31 ਅਗਸਤ (ਮਨੋਹਰ ਲਾਲ)- ਬੀ.ਐਸ.ਐਫ. ਨੇ ਸਰਚ ਅਪ੍ਰੇਸ਼ਨ ਦੇ ਦੌਰਾਨ ਪਾਕਿ ਸਮੱਗਲਰਾਂ ਵਲੋਂ ਸੁੱਟੀ ਗਈ 4 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਜਾਰ ਵਿਚ ਕੀਮਤ ਕਰੀਬ 20 ਕਰੋੜ ਰੁਪਏ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਡੀ.ਆਈ.ਜੀ. ਬੀ.ਐਸ.ਐਫ. ਫਿਰੋਜ਼ਪੁਰ ਆਰ.ਕੇ. ਥਾਪਾ ਨੇ ਦੱਸਿਆ ਕਿ ਬੀ.ਐਸ.ਐਫ. ਵਲੋਂ ਫਾਇਰਿੰਗ ਕਰਨ ’ਤੇ ਪਾਕਿ ਸਮੱਗਲਰ ਵਾਪਸ ਭੱਜ ਗਏ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਸੈਕਟਰ ਵਿਚ ਬੀ.ਓ.ਪੀ. ਰੱਤੋ ਕੇ ਏਰੀਆ ਵਿਚ ਬੀ.ਐਸ.ਐਫ. ਦੀ 191 ਬਟਾਲੀਅਨ ਦੇ ਤਾਇਨਾਤ ਜਵਾਨਾਂ ਨੇ ਬੀਤੀ ਦੇਰ ਰਾਤ ਦੇ ਸਮੇਂ ਫੈਸਿੰਗ ਦੇ ਕੋਲ ਪਾਕਿਸਤਾਨ ਵਲੋਂ ਸ਼ੱਕੀ ਗਤੀਵਿਧੀਆਂ ਵੇਖੀਆਂ ਅਤੇ ਫੈਸਿੰਗ ਦੇ ਕੋਲ ਆਉਂਦੇ ਪਾਕਿ ਸਮੱਗਲਰਾਂ ਨੂੰ ਜਦ ਲਲਕਾਰਿਆ ਤਾਂ ਉਹ ਪਿੱਛੇ ਨਹੀਂ ਹਟੇ ਅਤੇ ਪਾਕਿ ਸਮੱਗਲਰਾਂ ਨੇ ਫੈਸਿੰਗ ਦੇ ਉਪਰ ਤੋਂ ਪੈਕਟ ਸੁੱਟਣੇ ਸ਼ੁਰੂ ਕਰ ਦਿੱਤੇ। ਬੀ.ਐਸ.ਐਫ. ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਉਕਤ ਪਾਕਿ ਸਮੱਗਲਰ ਭੱਜਣ ਵਿਚ ਕਾਮਯਾਬ ਹੋ ਗਏ। ਡਾ. ਵਾਈ.ਪੀ. ਸਿੰਘ ਕਮਾਂਡੈਂਟ 191 ਬਟਾਲੀਅਨ ਦੀ ਅਗਵਾਈ ਵਿਚ ਜਦੋਂ ਸਵੇਰ ਸਮੇਂ ਸਰਚ ਅਪ੍ਰੇਸ਼ਨ ਕੀਤਾ ਗਿਆਂ ਤਾਂ ਉਥੋਂ ਪਾਕਿ ਸਮੱਗਲਰਾਂ ਵਲੋਂ ਸੁੱਟੀ ਗਈ 4 ਪੈਕਟ ਹੈਰੋਇਨ ਬਰਾਮਦ ਹੋਈ ਹੈ। ਡੀ ਆਈ ਜੀ ਨੇ ਦੱਸਿਆ ਕਿ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹੈਰੋਇਨ ਭਾਰਤ ਦੇ ਕਿਹੜੇ ਸਮੱਗਲਰਾਂ ਨੂੰ ਦੇਣੀ ਸੀ।



